Beautiful look of Patiala new bus stand near Urban Estate

November 1, 2020 - PatialaPolitics

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 10-15 ਸਾਲਾਂ ਦੇ ਸ਼ਹਿਰ ਦੇ ਵਿਕਾਸ ਦੇ ਮੱਦੇਨਜ਼ਰ ਨਵੇਂ ਹਾਈ-ਟੈੱਕ ਬੱਸ ਸਟੈਂਡ ਨਾਲ ਪਟਿਆਲਾ ਦੇ ਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਹੋਵੇਗੀ। ਉਹਨਾਂ ਕਿਹਾ ਕਿ ਇਹ ਬੱਸ ਸਟੈਂਡ 15 ਮਹੀਨਿਆਂ ਵਿੱਚ ਮੁਕੰਮਲ ਹੋਵੇਗਾ ਅਤੇ ਇਹ ਆਧੁਨਿਕ ਅਤੇ ਮੁਸਾਫਰ ਪੱਖੀ ਬੱਸ ਸਟੈਂਡ ਨਾਲ ਮੌਜੂਦਾ ਬੱਸ ਸਟੈਂਡ ਦਾ ਵਿਸਥਾਰ ਹੋਵੇਗਾ ਅਤੇ ਦੋਵੇਂ ਥਾਵਾਂ ਦਰਮਿਆਨ ਆਪਸੀ ਸੰਪਰਕ ਬਣਾਉਣ ਦੇ ਨਾਲ-ਨਾਲ ਸ਼ਹਿਰ ਦੇ ਹੋਰ ਹਿੱਸਿਆਂ ਨਾਲ ਜੋੜਨ ਲਈ ਲੋੜੀਦੀਂ ਯੋਜਨਾ ਉਲੀਕੀ ਜਾ ਰਹੀ ਹੈ। ਇਸੇ ਤਰ੍ਹਾਂ ਰਾਜਪੁਰਾ ਰੋਡ ਜਿੱਥੇ ਬੱਸ ਸਟੈਂਡ ਬਣਾਇਆ ਜਾ ਰਿਹਾ ਹੈ, ਨੂੰ ਵੀ ਅਗਲੇ ਸਾਲ ਤੱਕ ਚੌੜਾ ਕੀਤਾ ਜਾਵੇਗਾ।
ਬਾਅਦ ਵਿੱਚ ਆਪਣੀ ਸਰਕਾਰ ਦੇ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਦੇ ਦੂਜੇ ਪੜਾਅ ਦੇ ਹਿੱਸੇ ਵਜੋਂ ਜਲ ਸਪਲਾਈ ਪ੍ਰੋਜੈਕਟ ਦਾ ਆਗਾਜ਼ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਪਟਿਆਲਾ ਵਾਸੀਆਂ ਨੂੰ ਪੀਣ ਵਾਲਾ ਪਾਣੀ 24 ਘੰਟੇ ਮੁਹੱਈਆ ਕਰਵਾਉਣ ਵਿੱਚ ਸਹਾਇਤਾ ਮਿਲੇਗੀ ਜਿਸ ਦੀ ਆਬਾਦੀ 5 ਲੱਖ ਹੋ ਗਈ ਹੈ ਅਤੇ ਸਾਲ 2050 ਤੱਕ 9 ਲੱਖ ਹੋਣ ਦੀ ਉਮੀਦ ਹੈ। ਉਹਨਾਂ ਕਿਹਾ ਕਿ ਮੌਜੂਦਾ ਪਟਿਆਲਾ ਨੈਵੀਗੇਸ਼ਨ ਚੈਨਲ ਰਾਹੀਂ ਭਾਖੜਾ ਨਹਿਰ ਤੋਂ ਪਾਣੀ ਲਿਆ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਇਸ ਸਬੰਧੀ ਵਾਟਰ ਵਰਕਸ ਅਬਲੋਵਾਲ ਵਿੱਚ ਬਣਾਏ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਤਿੰਨ ਸਾਲਾਂ ਵਿੱਚ ਪੂਰਾ ਹੋਣ ਦਾ ਅਨੁਮਾਨ ਹੈ। ਉਹਨਾਂ ਕਿਹਾ ਕਿ ਪ੍ਰਾਜੈਕਟ ਨੂੰ ਚਲਾਉਣ ਅਤੇ ਰੱਖ-ਰਖਾਅ ਲਈ ਐਲ.ਐਂਡ. ਟੀ ਕੰਪਨੀ ਨੂੰ 10 ਸਾਲਾਂ ਦਾ ਠੇਕਾ ਦਿੱਤਾ ਗਿਆ ਹੈ।
ਪਟਿਆਲਾ ਦੇ ਅਮੀਰ ਵਿਰਸੇ ਅਤੇ ਵਿਰਾਸਤੀ ਸੈਰ-ਸਪਾਟੇ ਨੂੰ ਪ੍ਰਫੁੱਲਤ ਕਰਨ ਦੀ ਲੋੜ ਉਤੇ ਜੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਲ੍ਹਾ ਮੁਬਾਰਕ ਦੇ ਆਲੇ-ਦੁਆਲੇ ਨੂੰ ਵਿਰਾਸਤੀ ਲਾਂਘੇ (ਹੈਰੀਟੇਜ ਸਟਰੀਟ) ਵਜੋਂ ਵਿਕਸਤ ਕੀਤਾ ਜਾਵੇਗਾ ਅਤੇ ਇਸ ਇਲਾਕੇ ਅਤੇ ਦੁਕਾਨਾਂ ਆਦਿ ਦੇ ਬੁਨਿਆਦੀ ਢਾਂਚੇ ਦੇ ਨਾਲ-ਨਾਲ ਦਿੱਖ ਵੀ ਸੰਵਾਰੀ ਜਾਵੇਗੀ। ਵਿਰਾਸਤੀ ਲਾਂਘੇ ਦਾ ਕਾਰਜ ਦਸੰਬਰ, 2021 ਤੱਕ ਮੁਕੰਮਲ ਹੋਣ ਦੀ ਆਸ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਜਿੰਦਰ ਟੈਂਕ (ਫੁਹਾਰੇ ਅਤੇ ਲਾਈਟਾਂ ਸਮੇਤ) ਦੀ ਮੁਰੰਮਤ ਦਾ ਕਾਰਜ ਕੋਵਿਡ ਕਾਰਨ ਦੇਰੀ ਹੋਣ ਦੇ ਬਾਵਜੂਦ ਛੇਤੀ ਹੀ ਮੁਕੰਮਲ ਕਰਕੇ ਦਸੰਬਰ ਵਿੱਚ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਇਕ ਹੋਰ ਪ੍ਰਾਜੈਕਟ ਤਹਿਤ ਮਹਿੰਦਰ ਕੋਠੀ (ਪੁਰਾਣੀ ਇਮਾਰਤ) ਨੂੰ ਮਿਊਜ਼ਮ ਵਜੋਂ ਵਿਕਸਤ ਕੀਤਾ ਜਾਵੇਗਾ ਜਿੱਥੇ ਪ੍ਰਸਿੱਧ ਮੈਡਲ ਗੈਲਰੀ ਕੁਲੈਕਸ਼ਨ ਨੂੰ ਸ਼ਿਫਟ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਕਿ 200 ਕਰੋੜ ਦੀ ਲਾਗਤ ਨਾਲ ਪਟਿਆਲਾ ਅਤੇ ਛੋਟੀ ਨਦੀ ਦੀ ਕਾਇਆਕਲਪ ਕਰਨ ਸਮੇਤ ਹੋਰ ਵੱਖ-ਵੱਖ ਪ੍ਰਾਜੈਕਟਾਂ ਨੂੰ ਛੇਤੀ ਸ਼ੁਰੂ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਸੂਬੇ ਵੱਲੋਂ ਪਾਸੇ ਕੀਤੇ ਕਾਨੂੰਨ ਨੂੰ ਅਮਲ ਵਿੱਚ ਲਿਆਉਣ ਲਈ ਪਟਿਆਲਾ ਪ੍ਰਸ਼ਾਸਨ ਅਤੇ ਕਾਰਪੋਰੇਸ਼ਨ ਨੂੰ ਝੁੱਗੀ-ਝੌਪੜੀ ਵਾਲਿਆਂ ਨੂੰ ਮਾਲਕੀ ਹੱਕ ਦੇਣ ਦਾ ਕਾਰਜ ਛੇਤੀ ਸ਼ੁਰੂ ਕਰਨ ਲਈ ਆਖਿਆ।
ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਮੁੱਖ ਮੰਤਰੀ ਵੱਲੋਂ ਪਟਿਆਲਾ ਲਈ ਦਿੱਤੇ ਗਏ ਪ੍ਰਾਜੈਕਟਾਂ ਲਈ ਕੈਪਟਨ ਅਮਰਿੰਦਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ।