Patiala:Illicit liquor making unit busted in Rajpura
December 8, 2020 - PatialaPolitics
ਪੰਜਾਬ ਸਰਕਾਰ ਦੇ ਓਪਰੇਸ਼ਨ ਰੈਡ ਰੋਜ਼ ਤਹਿਤ ਆਬਕਾਰੀ ਪੁਲਿਸ ਤੇ ਆਬਕਾਰੀ ਵਿਭਾਗ ਵੱਲੋ ਵੱਡੀ ਕਾਰਵਾਈ
-ਰਾਜਪੁਰਾ ਵਿਖੇ ਦੇਸੀ ਸ਼ਰਾਬ ਤਿਆਰ ਕਰਨ ਦੀ ਨਾਜਾਇਜ਼ ਫੈਕਟਰੀ ਬੇਪਰਦ
-ਸ਼ਰਾਬ ਤਿਆਰ ਕਰਨ ਲਈ ਈ.ਐਨ.ਏ. ਦਾ ਭਰਿਆ ਟੈਂਕਰ, ਵੱਡੀ ਮਾਤਰਾ ‘ਚ ਦੇਸੀ ਸ਼ਰਾਬ, ਲੇਬਲਜ਼, ਢੱਕਣ ਤੇ ਮਸ਼ੀਨ ਬਰਾਮਦ
ਰਾਜਪੁਰਾ, 8 ਦਸੰਬਰ:
ਆਬਕਾਰੀ ਵਿਭਾਗ, ਪੰਜਾਬ ਅਤੇ ਆਬਕਾਰੀ ਪੁਲਿਸ ਨੇ ਅੱਜ ਦੇਰ ਸ਼ਾਮ ਪੰਜਾਬ ਸਰਕਾਰ ਦੇ ਓਪਰੇਸ਼ਨ ਰੈਡ ਰੋਜ਼ ਤਹਿਤ ਇੱਕ ਵੱਡੀ ਤੇ ਅਹਿਮ ਕਾਰਵਾਈ ਕਰਦਿਆਂ ਰਾਜਪੁਰਾ ਬਾਈਪਾਸ ਵਿਖੇ ਸਕਾਲਰ ਪਬਲਿਕ ਸਕੂਲ ਦੇ ਸਾਹਮਣੇ ਇੱਕ ਗੋਦਾਮ ਵਿਖੇ ਛਾਪੇਮਾਰੀ ਕਰਕੇ ਨਜ਼ਾਇਜ਼ ਦੇਸੀ ਸ਼ਰਾਬ ਦੇ ਬਾਟਲਿੰਗ ਪਲਾਂਟ ਨੂੰ ਬੇਪਰਦ ਕੀਤਾ ਹੈ। ਆਬਕਾਰੀ ਪੁਲਿਸ ਨੇ 2 ਜਣਿਆਂ ਨੂੰ ਮੌਕੇ ‘ਤੇ ਗ੍ਰਿਫ਼ਤਾਰ ਕੀਤਾ ਹੈ।
ਆਬਕਾਰੀ ਵਿਭਾਗ ਦੇ ਵਧੀਕ ਕਮਿਸ਼ਨਰ ਆਬਕਾਰੀ ਨਵਦੀਪ ਭਿੰਡਰ ਦੀ ਨਿਗਰਾਨੀ ਹੇਠ ਅਤੇ ਸੰਯੁਕਤ ਕਮਿਸ਼ਨਰ ਆਬਕਾਰੀ ਪੰਜਾਬ ਨਰੇਸ਼ ਦੂਬੇ, ਏ.ਆਈ.ਜੀ. ਆਬਕਾਰੀ ਤੇ ਕਰ ਏ.ਪੀ.ਐਸ. ਘੁੰਮਣ, ਐਸ.ਪੀ. ਪ੍ਰੀਤੀਪਾਲ ਸਿੰਘ ਅਤੇ ਉਪ ਕਮਿਸ਼ਨਰ ਆਬਕਾਰੀ ਪਟਿਆਲਾ ਜ਼ੋਨ ਰਾਜਪਾਲ ਸਿੰਘ ਖਹਿਰਾ ‘ਤੇ ਅਧਾਰਤ ਟੀਮ ਦੀ ਸਾਂਝੀ ਅਗਵਾਈ ਹੇਠ ਕੀਤੀ ਇਸ ਕਾਰਵਾਈ ਤਹਿਤ ਈ.ਐਨ.ਏ. (ਐਕਸਟਰਾ ਨਿਊਟਰਲ ਈਥਾਨੋਲ) ਨਾਲ ਭਰਿਆ (20 ਹਜ਼ਾਰ ਲਿਟਰ) ਟੈਂਕਰ, ਪੰਜਾਬ ਰਸੀਲਾ ਸੰਤਰਾ ਮਾਰਕਾ ਦੇਸ਼ੀ ਸ਼ਰਾਬ ਕਰੀਬ 43 ਪੇਟੀਆਂ ਤਿਆਰ ਜਾਅਲੀ ਸ਼ਰਾਬ, ਲੇਬਲਜ਼, ਢੱਕਣ ਤੇ ਸੀਲਿੰਗ ਮਸ਼ੀਨ ਆਦਿ ਸਾਜ਼ੋ ਸਮਾਨ ਬਰਾਮਦ ਕੀਤਾ ਹੈ। ਇਸ ਮੌਕੇ ਸਹਾਇਕ ਕਮਿਸ਼ਨਰ ਆਬਕਾਰੀ ਪਟਿਆਲਾ ਇੰਦਰਜੀਤ ਨਾਗਪਾਲ, ਆਬਕਾਰੀ ਅਫ਼ਸਰ ਪਟਿਆਲਾ ਹਰਜੋਤ ਸਿੰਘ, ਆਬਕਾਰੀ ਇੰਸਪੈਕਟਰ ਲਖਮੀਰ ਚੰਦ ਸਮੇਤ ਆਬਕਾਰੀ ਤੇ ਪੁਲਿਸ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਇਸ ਨਜਾਇਜ਼ ਫੈਕਟਰੀ ਵਿੱਚੋਂ ਇੱਕ ਟੈਂਕੀ, ਜਿਸ ‘ਚ ਤਿਆਰ ਸ਼ਰਾਬ ਅਤੇ ਹੋਰ ਸਾਜੋਸਮਾਨ ਵੀ ਬਰਾਮਦ ਹੋਇਆ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ‘ਚ ਦਿਪੇਸ਼ ਗਰੋਵਰ ਵਾਸੀ ਰਾਜਪੁਰਾ ਅਤੇ ਕਾਰਜ ਸਿੰਘ ਵਾਸੀ ਸਮਸ਼ਪੁਰ ਸ਼ਾਮਲ ਹਨ। ਜਦੋਂਕਿ ਹਰਦੀਪ ਸਿੰਘ ਬਚੀ ਡਰਾਇਵਰ ਫਰਾਰ ਹੋ ਗਿਆ।
ਸੰਯੁਕਤ ਕਮਿਸ਼ਨਰ ਆਬਕਾਰੀ ਪੰਜਾਬ ਨਰੇਸ਼ ਦੂਬੇ, ਏ.ਆਈ.ਜੀ. ਆਬਕਾਰੀ ਤੇ ਕਰ ਪੁਲਿਸ ਏ.ਪੀ.ਐਸ. ਘੁੰਮਣ ਅਤੇ ਐਸ.ਪੀ. ਪ੍ਰੀਤੀਪਾਲ ਸਿੰਘ ਨੇ ਦੱਸਿਆ ਕਿ ਇਸ ਗੋਦਾਮ ਬਾਰੇ ਉਨ੍ਹਾਂ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਅਤੇ ਜਿਸ ‘ਤੇ ਉਨ੍ਹਾਂ ਨੇ ਛਾਪੇਮਾਰੀ ਕਰਕੇ ਇਸ ਗੋਦਾਮ ਵਿੱਚ ਚੱਲ ਰਹੇ ਇਸ ਨਾਜਾਇਜ਼ ਸ਼ਰਾਬ ਤਿਆਰ ਕਰਨ ਦੇ ਧੰਦੇ ਨੂੰ ਬੇਪਰਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ‘ਤੇ ਸੂਬੇ ਵਿੱਚੋਂ ਨਾਜ਼ਾਇਜ਼ ਸ਼ਰਾਬ ਤਿਆਰ ਕਰਨ ਦੇ ਕਾਲੇ ਧੰਦੇ ਨੂੰ ਜੜੋਂ ਪੁੱਟਣ ਲਈ ਆਬਕਾਰੀ ਵਿਭਾਗ ਅਤੇ ਆਬਕਾਰੀ ਪੁਲਿਸ ਵੱਲੋਂ ਓਪਰੇਸ਼ਨ ਰੈਡ ਰੋਜ਼ ਚਲਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਅਜਿਹੇ ਕਿਸੇ ਵੀ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਜਿਸ ਵੱਲੋਂ ਪੰਜਾਬ ਦੇ ਖ਼ਜ਼ਾਨੇ ਨੂੰ ਚੂਨਾ ਲਾਉਣ ਸਮੇਤ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਸ੍ਰੀ ਦੂਬੇ ਤੇ ਸ੍ਰੀ ਘੁੰਮਣ ਨੇ ਦੱਸਿਆ ਕਿ ਇਸ ਮਾਮਲੇ ਦੀ ਹੋਰ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਸ ‘ਚ ਸ਼ਾਮਲ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀਂ ਥਾਣਾ ਸਿਟੀ ਰਾਜਪੁਰਾ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।