Rajindra Lake Patiala gets new look,project cost worth 5 crore
December 10, 2020 - PatialaPolitics
ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦੀ ਪਹਿਲਕਦਮੀ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਟਿਆਲਾ ਸ਼ਹਿਰ ਦੀ ਰਾਜਿੰਦਰਾ ਝੀਲ ਦੇ ਸੁੰਦਰੀਕਰਨ ਲਈ ਜਾਰੀ ਕੀਤੇ 5.04 ਕਰੋੜ ਰੁਪਏ ਨਾਲ ਝੀਲ ਦੇ ਸੁੰਦਰੀਕਰਨ ਦਾ ਕੰਮ ਹੁਣ ਮੁਕੰਮਲ ਹੋਣ ਨੇੜੇ ਹੈ। ਝੀਲ ਦੇ ਸੁੰਦਰੀਕਰਨ ਤੇ ਵਿਰਾਸਤੀ ਦਿੱਖ ਨੂੰ ਸੰਭਾਲਣ ਲਈ ਪਟਿਆਲਾ ਡਿਵੈਲਪਮੈਂਟ ਅਥਾਰਟੀ, ਡਰੇਨੇਜ ਵਿਭਾਗ ਤੇ ਲੋਕ ਨਿਰਮਾਣ ਵਿਭਾਗ (ਸੜਕਾਂ ਤੇ ਭਵਨ ਉਸਾਰੀ) ਵੱਲੋਂ ਸਾਂਝੇ ਤੌਰ ‘ਤੇ ਕੀਤੇ ਜਾ ਰਹੇ ਕੰਮ ਵਿੱਚੋਂ ਡਰੇਨੇਜ ਵਿਭਾਗ ਵੱਲੋਂ ਝੀਲ ਅੰਦਰ ਫੁਹਾਰੇ ਲਗਾਉਣ ਦਾ ਕੰਮ ਪੂਰਾ ਕਰ ਲਿਆ ਗਿਆ ਹੈ, ਜੋ ਹੁਣ ਪਟਿਆਲਾ ਵਾਸੀਆਂ ਲਈ ਖਿੱਚ ਦਾ ਕੇਂਦਰ ਬਣ ਰਹੇ ਹਨ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਰਾਜਿੰਦਰਾ ਝੀਲ ਦੇ ਸੁੰਦਰੀਕਰਨ ਦੇ ਚੱਲ ਰਹੇ ਕੰਮ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ 504.20 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਕੰਮਾਂ ਵਿੱਚੋਂ 2 ਕਰੋੜ 52 ਲੱਖ ਰੁਪਏ ਨਾਲ ਝੀਲ ਦੀ ਸਫ਼ਾਈ ਸਮੇਤ ਝੀਲ ਦੇ ਆਲੇ ਦੁਆਲੇ ਦੀਆਂ ਸੜਕਾਂ ਨੂੰ ਚੌੜਾ ਅਤੇ ਮਜ਼ਬੂਤ ਕਰਨਾ ਅਤੇ ਇਨ੍ਹਾਂ ਨਾਲ ਫੁਟਪਾਥ ਦੀ ਉਸਾਰੀ ਦਾ ਕੰਮ ਜਾਰੀ ਹੈ। ਉਨ੍ਹਾਂ ਦੱਸਿਆ ਕਿ 1 ਕਰੋੜ 19 ਲੱਖ ਰੁਪਏ ਦੀ ਲਾਗਤ ਨਾਲ ਝੀਲ ਵਿੱਚ ਫੁਹਾਰੇ ਅਤੇ ਪੰਪ ਹਾਊਸ ਲਗਾਏ ਗਏ ਹਨ ਜਿਸ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ 83 ਲੱਖ ਰੁਪਏ ਨਾਲ ਬਿਜਲੀ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ਵਿੱਚ ਫੁਟਪਾਥ ਦੇ ਨਾਲ ਨਾਲ ਹੈਰੀਟੇਜ ਲਾਈਟਾਂ ਲਗਾਈਆਂ ਜਾਣਗੀਆਂ ਅਤੇ 31 ਲੱਖ ਰੁਪਏ ਨਾਲ ਝੀਲ ਦੀ ਲੈਂਡ ਸਕੇਪਿੰਗ ਅਤੇ ਸਜਾਵਟੀ ਬੂਟੇ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ, ਜੋ ਇੱਕ ਮਹੀਨੇ ਅੰਦਰ ਪੂਰਾ ਕੀਤਾ ਜਾਵੇਗਾ।
ਪੀ.ਡਬਲਿਊ.ਡੀ. ਦੇ ਐਕਸੀਅਨ ਐਸ.ਐਲ. ਗਰਗ ਨੇ ਹੁਣ ਤੱਕ ਕੀਤੇ ਗਏ ਕੰਮ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਝੀਲ ਦੇ ਤਲ ਨੂੰ ਲੇਜ਼ਰ ਲੈਵਲਰ ਨਾਲ ਪੱਧਰ ਕਰਕੇ ਫੇਰ ਚੀਕਣੀ ਮਿੱਟੀ ਦੀਆਂ ਦੋ ਪਰਤਾਂ ਵਿਛਾਈਆਂ ਗਈਆਂ ਸਨ ਤਾਂ ਜੋ ਪਾਣੀ ਦੇ ਰਿਸਾਉ ਨੂੰ ਰੋਕਿਆ ਜਾ ਸਕੇ ਨਾਲ ਹੀ ਝੀਲ ਦੇ ਕਿਨਾਰਿਆਂ ‘ਤੇ ਬਣੀ ਸਲੋਪ ‘ਤੇ ਚਿੱਟੇ ਪੱਥਰ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਝੀਲ ਦੇ ਸੁੰਦਰੀਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਇਕ ਮਹੀਨੇ ਅੰਦਰ ਇਹ ਕੰਮ ਪੂਰਾ ਕਰ ਲਿਆ ਜਾਵੇਗਾ।
ਇਸ ਮੌਕੇ ਡਰੇਨੇਜ ਵਿਭਾਗ ਦੇ ਐਸ.ਸੀ. ਇੰਜ. ਦਵਿੰਦਰ ਸਿੰਘ ਨੇ ਦੱਸਿਆ ਕਿ ਝੀਲ ਅੰਦਰ ਪੰਜ ਰੰਗਦਾਰ ਲਾਈਟਾਂ ਵਾਲੇ ਫੁਹਾਰੇ ਲਗਾਏ ਗਏ ਹਨ, ਜਿਸ ਵਿੱਚੋਂ ਇਕ ਫੁਹਾਰਾਂ 80 ਫੁੱਟ ਉੱਚਾ, ਦੋ 50 ਫੁੱਟ ਅਤੇ ਦੋ ਗੀਜ਼ਰ ਫੁਹਾਰੇ ਲਗਾਏ ਗਏ ਹਨ, ਜੋ ਹੁਣ ਚੱਲਕੇ ਝੀਲ ਨੂੰ ਆਕਰਸ਼ਕ ਦਿੱਖ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਝੀਲ ‘ਚ ਆ ਰਹੇ ਪਾਣੀ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਭਾਖੜਾ ਮੇਨ ਲਾਈਨ ਤੋਂ ਗੁਰੂਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ ਦੇ ਸਰੋਵਰ ਅਤੇ ਸ਼੍ਰੀ ਮੋਤੀ ਬਾਗ ਸਾਹਿਬ ਗੁਰੂਦੁਆਰਾ ਸਾਹਿਬ ਦੇ ਸਰੋਵਰ ਲਈ ਜਾਂਦੀ ਹੰਸਲੀ ਤੇ 21 ਨੰਬਰ ਫਾਟਕ ਨੇੜੇ ਰੈਗੁਲੇਸ਼ਨ ਗੇਟ ਵਾਲਵ ਲਗਾ ਕੇ ਝੀਲ ਤੱਕ ਪੁਜਦਾ ਕੀਤਾ ਗਿਆ ਹੈ।