Baba Ala Singh Patiala birthday celebrated

January 7, 2021 - PatialaPolitics


ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਅੱਜ ਇੱਥੇ ਵਿਰਾਸਤੀ ਕਿਲ੍ਹਾ ਮੁਬਾਰਕ ਵਿਖੇ ਪਟਿਆਲਾ ਦੇ ਮੋਢੀ ਬਾਬਾ ਆਲਾ ਸਿੰਘ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਿਤਾ ਮਹਾਰਾਜਾ ਯਾਦਵਿੰਦਰ ਸਿੰਘ ਦਾ ਜਨਮ ਦਿਨ ਮਨਾਉਣ ਸਬੰਧੀ ਕਰਵਾਏ ਗਏ ਇੱਕ ਧਾਰਮਿਕ ਸਮਾਗਮ ‘ਚ ਸ਼ਿਰਕਤ ਕੀਤੀ। ਕਿਲ੍ਹਾ ਮੁਬਾਰਕ ਦੇ ਬੁਰਜ਼ ਬਾਬਾ ਆਲਾ ਸਿੰਘ ਜਿੱਥੇ ਕਰੀਬ ਢਾਈ ਸਦੀਆਂ ਤੋਂ ਆਖੰਡ ਜੋਤ ਅਤੇ ਧੂਣਾ ਬਲ ਰਿਹਾ ਹੈ, ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਗੁਰਬਾਣੀ ਦਾ ਕੀਰਤਨ ਹੋਇਆ। ਇਸ ਸਾਦੇ ਸਮਾਗਮ ‘ਚ ਸ੍ਰੀਮਤੀ ਪਰਨੀਤ ਕੌਰ ਨੇ ਬਾਬਾ ਆਲਾ ਸਿੰਘ ਦੀ ਜੋਤ ਤੇ ਧੂਣੇ ਦੇ ਦਰਸ਼ਨ ਵੀ ਕੀਤੇ।
ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਅੱਜ ਦਾ ਦਿਨ ਪਟਿਆਲਾ ਦੇ ਲਈ ਬਹੁਤ ਪਵਿੱਤਰ ਹੈ ਕਿਉਂਕਿ ਇਸ ਦਿਨ ਬਾਬਾ ਆਲਾ ਸਿੰਘ ਅਤੇ ਮਹਾਰਾਜਾ ਯਾਦਵਿੰਦਰ ਸਿੰਘ ਦਾ ਜਨਮ ਹੋਇਆ ਸੀ, ਜਿਸ ਨੂੰ ਉਨ੍ਹਾਂ ਵੱਲੋਂ ਅਤੇ ਪਟਿਆਲਾ ਵਾਸੀਆਂ ਵੱਲੋਂ ਹਰ ਸਾਲ ਮਨਾ ਕੇ ਬਾਬਾ ਆਲਾ ਸਿੰਘ ਤੇ ਮਹਾਰਾਜਾ ਯਾਦਵਿੰਦਰ ਸਿੰਘ ਨੂੰ ਉਨ੍ਹਾਂ ਦੀ ਪਟਿਆਲਾ ਦੇ ਲਈ ਦਿੱਤੀ ਗਈ ਦੇਣ ਨੂੰ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਪਟਿਆਲਾ ਸ਼ਹਿਰ ਵਾਸੀਆਂ ਦੀ ਸੁੱਖ ਤੇ ਸ਼ਾਂਤੀ ਲਈ ਇਸ ਸ਼ੁੱਭ ਦਿਹਾੜੇ ‘ਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ।
ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪੰਜਾਬ ਦੀ ਵਿਰਾਸਤ ਅਤੇ ਇਸ ਨੂੰ ਦਰਸਾਉਂਦੀਆਂ ਵਿਰਾਸਤੀ ਇਮਾਰਤਾਂ ਨੂੰ ਸੰਭਾਲਣ ਲਈ ਅਹਿਮ ਕਦਮ ਪੁੱਟੇ ਹਨ। ਉਨ੍ਹਾਂ ਕਿਹਾ ਕਿ ਪਟਿਆਲਾ ਦਾ ਇਹ ਪੁਰਾਤਨ ਕਿਲ੍ਹਾ ਮਹਾਰਾਜਾ ਬਾਬਾ ਆਲਾ ਸਿੰਘ ਜੀ ਦੀ ਯਾਦਗਾਰ ਹੋਣ ਦੇ ਨਾਲ-ਨਾਲ ਪੁਰਾਤਨ ਇਮਾਰਤ ਕਲਾ ਦਾ ਵੀ ਇੱਕ ਅਹਿਮ ਨਮੂਨਾ ਹੈ, ਜਿਸ ਦੀ ਸਾਂਭ ਸੰਭਾਲ ਲਈ ਵਿਸੇਸ਼ ਤੌਰ ‘ਤੇ ਉੱਦਮ ਕੀਤਾ ਜਾ ਰਿਹਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਿਆ ਜਾ ਸਕੇ। ਇਸ ਤੋਂ ਇਲਾਵਾ ਪਟਿਆਲਾ ਸ਼ਹਿਰ ਦੇ ਨਾਲ-ਨਾਲ ਪੰਜਾਬ ਭਰ ‘ਚ ਵਿਰਾਸਤੀ ਇਮਾਰਤਾਂ ਦੀ ਸੰਭਾਲ ਲਈ ਵਿਸ਼ੇਸ਼ ਫੰਡ ਰਾਖਵੇਂ ਰੱਖੇ ਗਏ ਹਨ।
ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਸ਼ਹਿਰੀ ਕਾਂਗਰਸ ਕਮੇਟੀ ਦੇ ਪ੍ਰਧਾਨ ਕੇ.ਕੇ. ਮਲਹੋਤਰਾ, ਪੰਜਾਬ ਮਹਿਲਾ ਕਮਿਸ਼ਨ ਦੇ ਸੀਨੀਅਰ ਵਾਇਸ ਚੇਅਰਪਰਸਨ ਸ੍ਰੀਮਤੀ ਬਿਮਲਾ ਸ਼ਰਮਾ ਸਮੇਤ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ।