Patiala DC in meeting with health officials

February 20, 2021 - PatialaPolitics


ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਪਟਿਆਲਾ ਜ਼ਿਲ੍ਹੇ ‘ਚ ਕੋਵਿਡ-19 ਮਾਮਲਿਆਂ ਦੀ ਸਮੀਖਿਆ ਲਈ ਅੱਜ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕੋਵਿਡ ਦੇ ਵਧਦੇ ਕੇਸਾਂ ਦੇ ਸਨਮੁਖ ਲੋਕਾਂ ਨੂੰ ਹੋਰ ਵਧੇਰੇ ਇਹਤਿਹਾਤ ਵਰਤਣ ‘ਤੇ ਜੋਰ ਦਿੱਤਾ। ਉਨ੍ਹਾਂ ਕਿਹਾ ਕਿ ਛੋਟੀ ਜਿਹੀ ਲਾਪਰਵਾਹੀ ਹੋਰਨਾਂ ਲਈ ਵੀ ਘਾਤਕ ਹੋ ਸਕਦੀ ਹੈ।
ਪਿਛਲੇ ਤਿੰਨ ਦਿਨਾਂ ਤੋਂ ਕੋਵਿਡ ਦੇ ਕੇਸਾਂ ‘ਚ ਹੋਏ ਵਾਧੇ ‘ਤੇ ਸਬੰਧੀ ਡਿਪਟੀ ਕਮਿਸ਼ਨਰ ਨੇ ਸਿਹਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੋਵਿਡ ਪਾਜ਼ੀਟਿਵ ਵਿਅਕਤੀਆਂ ਦੇ ਸੰਪਰਕ ਸੂਤਰਾਂ ਨੂੰ ਲੱਭਣ ਦੀ ਦਰ ਨੂੰ ਵਧਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਾਰੇ ਐਸ.ਡੀ.ਐਮਜ਼ ਅਤੇ ਪੁਲਿਸ ਵਿਭਾਗ ਨੂੰ ਮਾਸਕ ਨਾ ਪਹਿਨਣ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕਰਨ ਦੀ ਹਦਾਇਤ ਕਰਦਿਆ ਕਿਹਾ ਕਿ ਮਾਸਕ ਨਾ ਪਹਿਨਣ ਵਾਲਿਆਂ ਦੇ ਚਲਾਨ ਕੀਤੇ ਜਾਣ।
ਸ੍ਰੀ ਕੁਮਾਰ ਅਮਿਤ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਖਾਂਸੀ, ਜੁਕਾਮ ਜਾਂ ਕੋਵਿਡ ਦਾ ਕੋਈ ਹੋਰ ਲੱਛਣ ਨਜ਼ਰ ਆਵੇ ਤਾਂ ਇਸ ਸਬੰਧੀ ਆਪਣੇ ਨੇੜੇ ਦੇ ਸਿਹਤ ਕੇਂਦਰ ਵਿਖੇ ਜਾਂ ਡਾਕਟਰੀ ਸਹਾਇਤਾ ਲਈ 104 ਨੰਬਰ ਡਾਇਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆਪਣੀ ਛੋਟੀ ਜਿਹੀ ਲਾਪਰਵਾਹੀ ਹੋਰਨਾਂ ਲਈ ਵੀ ਘਾਤਕ ਹੋ ਸਕਦੀ ਹੈ। ਪਟਿਆਲਾ ਜ਼ਿਲ੍ਹੇ ‘ਚ ਪਿਛਲੇ ਕੁਝ ਦਿਨਾਂ ਤੋਂ ਕੋਵਿਡ-19 ਦੀ ਲਾਗ ਦੇ ਕੇਸ ਵਧਣ ਦਾ ਜਿਕਰ ਕਰਦਿਆਂ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਪਟਿਆਲਾ ਵਾਸੀਆਂ ਨੇ ਜਿਸ ਤਰ੍ਹਾਂ ਪਿਛਲੇ ਸਮੇਂ ਦੌਰਾਨ ਸੰਜਮ ਵਰਤਿਆਂ ਪ੍ਰਸ਼ਾਸਨ ਅਤੇ ਸਰਕਾਰ ਨੂੰ ਸਹਿਯੋਗ ਦਿੱਤਾ ਹੈ, ਉਸੇ ਤਰ੍ਹਾਂ ਸਹਿਯੋਗ ਦਿੰਦਿਆਂ ਕੋਵਿਡ-19 ਨੂੰ ਫੈਲਣ ਤੋਂ ਰੋਕਣ ‘ਚ ਆਪਣਾ ਯੋਗਦਾਨ ਪਾਉਣ।
ਮੀਟਿੰਗ ‘ਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ, ਐਸ.ਡੀ.ਐਮ. ਦੂਧਨਸਾਧਾਂ ਅੰਕੁਰ ਦੀਪ ਸਿੰਘ, ਐਸ.ਡੀ.ਐਮ. ਪਟਿਆਲਾ ਚਰਨਜੀਤ ਸਿੰਘ, ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐਚ.ਐਸ. ਰੇਖੀ, ਸਹਾਇਕ ਸਿਵਲ ਸਰਜਨ ਡਾ. ਪਰਵੀਨ ਪੁਰੀ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਜੀਲਾ ਖਾਨ, ਡਾ. ਜਤਿੰਦਰ ਕਾਂਸਲ, ਡਾ. ਸਚਿਨ ਕੌਂਸਲ, ਡਾ. ਸੁਮੀਤ ਸਿੰਘ, ਡਾ. ਨਿਧੀ ਸ਼ਰਮਾ ਵੀ ਹਾਜ਼ਰ ਸਨ।