Patiala District and Sessions Judge, Rajinder Aggarwal distributes masks for students

March 19, 2021 - PatialaPolitics

ਪਟਿਆਲਾ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਰਾਜਿੰਦਰ ਅਗਰਵਾਲ ਨੇ ਕੋਵਿਡ ਮਹਾਂਮਾਰੀ ਤੋਂ ਬਚਾਅ ਲਈ ਸਕੂਲੀ ਵਿਦਿਆਰਥੀਆਂ ਨੂੰ ਵੰਡਣ ਲਈ ਅਧਿਆਪਕਾਂ ਨੂੰ ਸੌਂਪੇ ਮਾਸਕ
-ਜਸਟਿਸ ਰਾਜਨ ਗੁਪਤਾ ਦੀ ਅਗਵਾਈ ਹੇਠ ਲੋੜਵੰਦਾਂ ਤੇ ਸਕੂਲੀ ਵਿਦਿਆਰਥੀਆਂ ਨੂੰ ਹੋਰ ਵੀ ਵੰਡੇ ਜਾਣਗੇ ਮਾਸਕ-ਰਾਜਿੰਦਰ ਅਗਰਵਾਲ
-ਕੋਵਿਡ ਮਹਾਂਮਾਰੀ ਤੋਂ ਬਚਾਅ ਲਈ ਹੋਰ ਸਮਾਜ ਸੇਵੀ ਸੰਸਥਾਵਾਂ ਵੀ ਲੋੜਵੰਦਾਂ ਨੂੰ ਮਾਸਕ ਦੇਣ ਲਈ ਅੱਗੇ ਆਉਣ-ਅਗਰਵਾਲ
ਪਟਿਆਲਾ, 19 ਮਾਰਚ:
ਪਟਿਆਲਾ ਦੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ੍ਰੀ ਰਾਜਿੰਦਰ ਅਗਰਵਾਲ ਨੇ ਕੋਵਿਡ-19 ਮਹਾਂਮਾਰੀ ਤੋਂ ਬਚਾਅ ਲਈ ਅੱਜ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੰਡਣ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕਰਵਾਏ ਗਏ ਮਾਸਕ ਇਨ੍ਹਾਂ ਸਕੂਲਾਂ ਦੇ ਅਧਿਆਪਕਾਂ ਨੂੰ ਸੌਂਪੇ।
ਇਸ ਮੌਕੇ ਸ੍ਰੀ ਅਗਰਵਾਲ ਨੇ ਦੱਸਿਆ ਕਿ ਕੋਵਿਡ ਮਹਾਂਮਾਰੀ ਤੋਂ ਬਚਾਅ ਹਿਤ ਮਾਸਕ ਵੰਡਣ ਦਾ ਇਹ ਨਿਵੇਕਲਾ ਪ੍ਰਾਜੈਕਟ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ-ਕਮ-ਜੇਲ ਕਮੇਟੀ ਦੇ ਚੇਅਰਮੈਨ ਅਤੇ ਪਟਿਆਲਾ ਸੈਸ਼ਨਜ ਡਵੀਜਨ ਦੇ ਪ੍ਰਬੰਧਕੀ ਜੱਜ, ਜਸਟਿਸ ਰਾਜਨ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ੁਰੂ ਕੀਤਾ ਗਿਆ ਸੀ। ਇਸ ਤਹਿਤ ਹੁਣ ਤੱਕ 18 ਹਜ਼ਾਰ ਤੋਂ ਵਧੇਰੇ ਮਾਸਕ ਲੋੜਵੰਦਾਂ ਤੇ ਸਕੂਲੀ ਵਿਦਿਆਰਥੀਆਂ ਨੂੰ ਵੰਡੇ ਜਾ ਚੁੱਕੇ ਹਨ।
ਸ੍ਰੀ ਅਗਰਵਾਲ ਨੇ ਅਧਿਆਪਕਾਂ ਨੂੰ ਸੱਦਾ ਦਿੱਤਾ ਕਿ ਉਹ ਸਕੂਲੀ ਬੱਚਿਆਂ ਨੂੰ ਕੋਵਿਡ ਤੋਂ ਬਚਣ ਲਈ ਸਾਰੇ ਲੋੜੀਂਦੇ ਇਹਤਿਆਤ ਵਰਤਣ ਲਈ ਜਾਗਰੂਕ ਕਰਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਮ ਲੋਕਾਂ ਨੂੰ ਵੀ ਕਰੋਨਾ ਵਾਇਰਸ ਬਚਾਅ ਲਈ ਸੂਬਾ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਜਾਰੀ ਪਾਬੰਦੀਆਂ ਦੀ ਪਾਲਣਾ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਇੱਕ ਭਿਆਨਕ ਬਿਮਾਰੀ ਹੈ, ਜਿਸ ਤੋਂ ਬਚਾਅ ਕੇਵਲ ਸਾਵਧਾਨੀਆਂ ਵਰਤ ਕੇ ਹੀ ਹੋ ਸਕਦਾ ਹੈ।
ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਰਾਜਿੰਦਰ ਅਗਰਵਾਲ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਜਸਟਿਸ ਰਾਜਨ ਗੁਪਤਾ ਦੀ ਅਗਵਾਈ ਵਿੱਚ ਸ਼ੁਰੂ ਕੀਤਾ ਗਿਆ ਸੂਬੇ ਦਾ ਇਹ ਪਹਿਲਾਂ ਪ੍ਰੋਜੈਕਟ ਸੀ, ਜਿਥੇ ਜੇਲ ਅੰਦਰ ਮਾਸਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੋਵੇ।
ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਜੇਲਾਂ ਦੇ ਬੰਦੀਆਂ ਦਾ ਵਿਹਲਾ ਸਮਾਂ ਸਮਾਜ ਸੇਵੀ ਕਾਰਜ ‘ਚ ਖ਼ਰਚ ਹੁੰਦਾ ਹੈ ਉਥੇ ਹੀ ਉਨ੍ਹਾਂ ਵੱਲੋਂ ਦਿਖਾਈ ਦਿਲਚਸਪੀ ਹੋਰਨਾਂ ਲਈ ਵੀ ਪ੍ਰੇਰਨਾ ਦਾ ਸਰੋਤ ਬਣਦੀ ਹੈ। ਇਸ ਤੋਂ ਬਿਨ੍ਹਾਂ ਮਾਸਕ ਬਣਾਉਣ ਵਾਲੇ ਬੰਦੀਆਂ ਦੇ ਕੀਤੇ ਨੇਕ ਕੰਮ ਨੂੰ ਉਨ੍ਹਾਂ ਦੇ ਚੰਗੇ ਆਚਰਣ ਲਈ ਅਤੇ ਪੈਰੋਲ ਆਦਿ ਦੇਣ ਸਮੇਂ ਵਿਚਾਰਿਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਅੱਜ ਸਰਕਾਰੀ ਸਕੂਲ ਬਲਬੇੜਾ, ਪੰਜੋਲਾ, ਸਨੌਰ, ਲੌਟ, ਨਾਭਾ, ਸਾਹਿਬ ਨਗਰ ਥੇੜੀ, ਨਿਊ ਪਾਵਰ ਹਾਊਸ ਕਲੋਨੀ, ਸੀਈਟੀਪੀਏ ਇਨਫੋਟੈਕ ਰਾਜਪੁਰਾ, ਸਨਾਤਨ ਧਰਮ ਸਟਿਚਿੰਗ ਸੈਂਟਰ, ਹੈਲਥ ਸਕਿਲ ਡਿਵੈਲਪਮੈਂਟ ਸੈਂਟਰ ਤੇ ਪੀ.ਐਮ.ਕੇ.ਕੇ. ਦੇ ਨੁਮਾਇੰਦਿਆਂ ਨੂੰ ਇਹ 1600 ਮਾਸਕ ਸੌਂਪੇ ਗਏ ਹਨ।
ਜ਼ਿਲ੍ਹਾ ਤੇ ਸੈਸ਼ਨਜ ਜੱਜ ਸ੍ਰੀ ਰਾਜਿੰਦਰ ਅਗਰਵਾਲ ਨੇ ਦੱਸਿਆ ਕਿ ਇਹ ਮਾਸਕ ਉੱਚ ਕੁਆਲਿਟੀ ਦੇ ਹਨ ਅਤੇ ਇਨ੍ਹਾਂ ਨੂੰ ਧੋਣ ਤੋਂ ਬਾਅਦ ਦੁਬਾਰਾ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜੇਲਾਂ ਵਿੱਚ ਮਾਸਕ ਬਣਾਉਣ ਦਾ ਕੰਮ ਲਗਾਤਾਰ ਜਾਰੀ ਹੈ, ਜਿੱਥੇ ਖ਼ਾਲਸਾ ਏਡ ਅਤੇ ਗਲੋਬਲ ਹਿਊਮਨ ਸਰਵਿਸ ਆਰਗੇਨਾਈਜੇਸ਼ਨ ਪਟਿਆਲਾ ਵੱਲੋਂ ਮਾਸਕ ਬਣਾਉਣ ਲਈ ਲੋੜੀਂਦਾ ਸਮਾਨ ਉਪਲਬਧ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਇਨ੍ਹਾਂ ਸੰਸਥਾਵਾਂ ਦੀ ਸ਼ਲਾਘਾ ਕਰਦਿਆਂ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੇ ਉਪਰਾਲੇ ਲਈ ਅੱਗੇ ਆਉਣ।
ਇਸ ਮੌਕੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਸ੍ਰੀਮਤੀ ਤ੍ਰਿਪਤਜੋਤ ਕੌਰ ਤੇ ਡਾ. ਦੀਪਤੀ ਗੁਪਤਾ, ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ-ਕਮ-ਸੀ.ਜੇ.ਐਮ. ਮਿਸ ਪਰਮਿੰਦਰ ਕੌਰ, ਪੈਰਾ ਲੀਗਲ ਵਲੰਟੀਅਰ ਇੰਦਰਪ੍ਰੀਤ ਸਿੰਘ ਅਤੇ ਸਕੂਲਾਂ ਦੇ ਅਧਿਆਪਕ ਵੀ ਮੌਜੂਦ ਸਨ।
******
ਫੋਟੋ ਕੈਪਸ਼ਨ: ਜੇਲ੍ਹਾਂ ‘ਚ ਬਣੇ ਮਾਸਕ ਪਟਿਆਲਾ ਜਿਲ਼੍ਹੇ ਦੇ ਸਕੂਲੀ ਵਿਦਿਆਰਥੀਆਂ ਨੂੰ ਵੰਡੇ ਜਾਣ ਲਈ ਅਧਿਆਪਕਾਂ ਨੂੰ ਮਾਸਕ ਸੌਂਪਦੇ ਹੋਏ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਰਾਜਿੰਦਰ ਅਗਰਵਾਲ। ਉਨ੍ਹਾਂ ਦੇ ਨਾਲ ਚੀਫ ਜੁਡੀਸ਼ੀਅਲ ਮੈਜਿਸਟਰੇਟ ਤ੍ਰਿਪਤਜੋਤ ਕੌਰ, ਡਾ. ਦੀਪਤੀ ਗੁਪਤਾ ਤੇ ਮਿਸ ਪਰਮਿੰਦਰ ਕੌਰ ਵੀ ਨਜ਼ਰ ਆ ਰਹੇ ਹਨ।