Projects worth 361cr of Patiala Development will be completed on time
March 24, 2021 - PatialaPolitics
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਿਆਸਤੀ ਸ਼ਹਿਰ ਪਟਿਆਲਾ ਦੇ ਸਰਵਪੱਖੀ ਵਿਕਾਸ ਲਈ ਅਰੰਭੇ ਹੋਏ ਵੱਖ-ਵੱਖ ਪ੍ਰਾਜੈਕਟਾਂ ਦਾ ਜਾਇਜ਼ਾ ਲੈਣ ਲਈ ਅੱਜ ਬੀਬਾ ਜੈ ਇੰਦਰ ਕੌਰ ਵੱਲੋਂ ਪੀ.ਆਰ.ਟੀ.ਸੀ ਚੇਅਰਮੈਨ ਕੇ.ਕੇ. ਸ਼ਰਮਾ, ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਜ਼ਿਲ੍ਹਾ ਸ਼ਹਿਰੀ ਕਾਂਗਰਸ ਪ੍ਰਧਾਨ ਕੇ.ਕੇ. ਮਲਹੋਤਰਾ, ਵੱਖ-ਵੱਖ ਵਾਰਡਾਂ ਦੇ ਕੌਂਸਲਰਾਂ ਅਤੇ ਜ਼ਿਲ੍ਹੇ ਦੇ ਅਧਿਕਾਰੀਆਂ ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਕਮਿਸ਼ਨਰ ਪੂਨਮਦੀਪ ਕੌਰ, ਪੀ.ਡੀ.ਏ. ਦੀ ਮੁੱਖ ਪ੍ਰਸ਼ਾਸਕ ਸੁਰਭੀ ਮਲਿਕ ਸਮੇਤ ਦੌਰਾ ਕੀਤਾ ਗਿਆ। ਉਨ੍ਹਾਂ ਨੇ ਇਸ ਮੌਕੇ ਸਮੂਹ ਆਗੂਆਂ ਤੇ ਅਧਿਕਾਰੀਆਂ ਨੂੰ ਇਨ੍ਹਾਂ ਪ੍ਰਾਜੈਕਟਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਦੇ ਸੁਪਨਮਈ ਪ੍ਰਾਜੈਕਟ ਕਰਾਰ ਦਿੰਦਿਆਂ, ਮਿਆਰ ਅਤੇ ਸਮਾਂ ਸੀਮਾ ਦਾ ਖਾਸ ਖਿਆਲ ਰੱਖਣ ਲਈ ਵੀ ਕਿਹਾ।
ਉਨ੍ਹਾਂ ਨੇ ਕਰੀਬ 361 ਕਰੋੜ ਰੁਪਏ ਦੇ ਇਨ੍ਹਾਂ ਪ੍ਰਾਜੈਕਟਾਂ ਦੀ ਪ੍ਰਗਤੀ ‘ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਇਨ੍ਹਾਂ ਨੂੰ ਮਿੱਥੇ ਸਮੇਂ ‘ਚ ਮੁਕੰਮਲ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਸ਼ਹਿਰੀ ਵੱਸੋਂ ‘ਚ ਚੱਲ ਰਹੇ ਪ੍ਰਾਜੈਕਟਾਂ ‘ਚ ਇਸ ਗੱਲ ਦਾ ਖਾਸ ਖਿਆਲ ਰੱਖਣ ਲਈ ਆਖਿਆ ਕਿ ਇਨ੍ਹਾਂ ਪ੍ਰਾਜੈਕਟਾਂ ਦੇ ਨਾਲ ਆਮ ਲੋਕਾਂ ਨੂੰ ਘੱਟ ਤੋਂ ਘੱਟ ਮੁਸ਼ਕਿਲ ਪੇਸ਼ ਆਵੇ।
ਰਾਜਪੁਰਾ ਰੋਡ ‘ਤੇ ਉਸਾਰੀ ਅਧੀਨ ਨਵੇਂ ਬੱਸ ਸਟੈਂਡ ਦਾ ਦੌਰਾ ਕਰਨ ਮੌਕੇ ਬੀਬਾ ਜੈ ਇੰਦਰ ਕੌਰ ਨੇ ਕੰਮ ‘ਤੇ ਤਸੱਲੀ ਦਾ ਇਜ਼ਹਾਰ ਕਰਦਿਆਂ 60 ਕਰੋੜ ਦੀ ਲਾਗਤ ਦੇ ਇਸ ਪ੍ਰਾਜੈਕਟ ਨੂੰ 30 ਨਵੰਬਰ ਤੱਕ ਹਰ ਹਾਲ ‘ਚ ਮੁਕੰਮਲ ਕਰਕੇ ਲੋਕਾਂ ਨੂੰ ਤੋਹਫ਼ਾ ਦੇਣ ਲਈ ਆਖਿਆ। ਉਨ੍ਹਾਂ ਨੇ ਮੌਕੇ ‘ਤੇ ਮੌਜੂਦ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ ਨੂੰ ਇਸ ਪ੍ਰਾਜੈਕਟ ਦੀ ਨਿਜੀ ਤੌਰ ‘ਤੇ ਨਿਗਰਾਨੀ ਕਰਨ ਦੀ ਵੀ ਬੇਨਤੀ ਕੀਤੀ ਤਾਂ ਕਿ ਲੰਮੇ ਅਰਸੇ ਬਾਅਦ ਲੋਕਾਂ ਦੀ ਪੂਰੀ ਹੋਣ ਜਾ ਰਹੀ ਮੰਗ ‘ਚ ਕਿਸੇ ਵੀ ਤਰ੍ਹਾਂ ਦੀ ਕਮੀ ਪੇਸ਼ੀ ਨਾ ਰਹੇ।
ਉਨ੍ਹਾਂ ਨੇ ਛੋਟੀ ਵੱਡੀ ਨਦੀ ਦੇ ਸੁੰਦਰੀਕਰਨ ਤੇ ਨਵੀਨੀਕਰਨ ਦੇ ਚੱਲ ਰਹੇ 208 ਕਰੋੜ ਰੁਪਏ ਦਾ ਆਰ.ਐਮ.ਸੀ. ਪਲਾਂਟ ਦਾ ਜਾਇਜ਼ਾ ਲਿਆ। ਇਸ ਮੌਕੇ ਪੀ.ਡੀ.ਏ. ਦੀ ਮੁੱਖ ਪ੍ਰਸ਼ਾਸਕ ਸੁਰਭੀ ਮਲਿਕ ਨੇ ਉਨ੍ਹਾਂ ਨੂੰ ਕੰਮ ਦੀ ਹੁਣ ਤੱਕ ਦੀ ਪ੍ਰਗਤੀ ਬਾਰੇ ਜਾਣੂ ਕਰਵਾਇਆ। ਮੌਕੇ ‘ਤੇ ਮੌਜੂਦ ਡਰੇਨੇਜ ਵਿਭਾਗ ਦੇ ਐਸ.ਈ. ਦਵਿੰਦਰ ਸਿੰਘ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਨੇੜੇ ਪਾਇਪਾਂ ਪਾਉਣ ਦਾ ਕੰਮ ਪੂਰਾ ਹੋ ਗਿਆ ਹੈ ਤੇ ਤਫ਼ੱਜਲਪੁਰਾ ਨੇੜੇ ਕੰਮ ਪ੍ਰਗਤੀ ਅਧੀਨ ਹੈ।
ਇਸ ਤੋਂ ਬਾਅਦ ਰਾਜਿੰਦਰਾ ਲੇਕ ਦੇ 5 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਜਾਇਜ਼ਾ ਲੈਣ ‘ਤੇ ਕੰਮ ਕਰਵਾ ਰਹੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਜਾਣੂ ਕਰਵਾਇਆ ਕਿ ਮਹਾਤਮਾ ਗਾਂਧੀ ਦੇ ਬੁੱਤ ਵਾਲੀ ਜਗ੍ਹਾ ਨੂੰ ਛੱਡ ਬਾਕੀ ਸਾਰਾ ਕੰਮ ਮੁਕੰਮਲ ਹੋ ਗਿਆ ਹੈ। ਟੀ.ਬੀ. ਹਸਪਤਾਲ ਦੇ ਨਵੀਨੀਕਰਨ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਮੌਕੇ ਬੀਬਾ ਜੈ ਇੰਦਰ ਕੌਰ ਨੂੰ ਡਾ. ਵਿਸ਼ਾਲ ਚੋਪੜਾ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ 1.79 ਕਰੋੜ ਰੁਪਏ ਦੇ ਇਸ ਪ੍ਰਾਜੈਕਟ ‘ਚ ਵਾਰਡ ਨੰਬਰ 4, 6 ਤੇ ਓ.ਪੀ.ਡੀ. ਦਾ ਕੰਮ ਕੀਤਾ ਗਿਆ ਹੈ ਤੇ 31 ਮਈ ਤੱਕ ਇਸ ਕੰਮ ਨੂੰ ਮੁਕੰਮਲ ਕਰ ਦਿੱਤਾ ਜਾਵੇਗਾ।
ਸ਼ਹਿਰ ਦੇ ਹੋਰ ਪ੍ਰਾਜੈਕਟਾਂ ਦਾ ਜ਼ਿਕਰ ਕਰਦਿਆਂ ਵਿਰਾਸਤੀ ਸੈਂਟਰਲ ਸਟੇਟ ਲਾਇਬਰੇਰੀ ਦੀ ਪੁਨਰ ਸੁਰਜੀਤੀ, ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੀ 1.50 ਕਰੋੜ ਗ੍ਰਾਂਟ ਨਾਲ ਇਸਦੀ ਬਾਹਰੀ ਦੀਵਾਰ ਨੂੰ ਪੁਰਾਤਨ ਦਿੱਖ ਦੇ ਕੇ ਅਤੇ ਇਸ ਦੇ ਮੌਜੂਦਾ ਇਮਾਰਤੀ ਸਰੂਪ ਨੂੰ ਸੰਭਾਲਣ ਦੇ ਕੰਮ ਦੀ ਜੰਗੀ ਪੱਧਰ ‘ਤੇ ਸ਼ੁਰੂਆਤ ਕੀਤੀ ਜਾ ਰਹੀ ਹੈ। ਬੀਬਾ ਜੈਇੰਦਰ ਕੌਰ ਵੱਲੋਂ 43 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੀ ਹੈਰੀਟੇਜ ਸਟਰੀਟ ਦਾ ਹਨੂਮਾਨ ਮੰਦਰ ਤੋਂ ਸਮਾਨੀਆ ਗੇਟ ਵਾਲੇ ਹਿੱਸੇ ਦਾ ਦੌਰਾ ਕਰਦਿਆਂ ਇਸ ਹਿੱਸੇ ‘ਚ ਪੈਂਦੀਆਂ ਇਮਾਰਤਾਂ ‘ਤੇ ਹੋਣ ਵਾਲੇ ਰੰਗ, ਸੜਕ ‘ਤੇ ਲੱਗਣ ਵਾਲੇ ਰੈਡ ਸਟੋਨ ਤੇ ਗ੍ਰੇਨਾਈਟ ਦੀ ਚੋਣ ਕਰਨ ‘ਚ ਆਪਣਾ ਸੁਝਾਓ ਵੀ ਦਿੱਤਾ।
ਬੀਬਾ ਜੈ ਇੰਦਰ ਕੌਰ ਨੇ ਨਗਰ ਨਿਗਮ ਦੇ ਅਹਿਮ ਪ੍ਰਾਜੈਕਟਾਂ ਜਿਨ੍ਹਾਂ ‘ਚ 16 ਕਰੋੜ ਰੁਪਏ ਦੀ ਲਾਗਤ ਨਾਲ ਰੀਲਾਈਨਿੰਗ ਕੀਤੀ ਜਾ ਰਹੀ ਜੈਕਬ ਡਰੇਨ, ਕਵਰ ਕੀਤੇ ਨਾਲਿਆਂ ਦੀ ਸਫ਼ਾਈ ਦੇ 2.25 ਕਰੋੜ ਰੁਪਏ ਦੇ ਪ੍ਰਾਜੈਕਟ, ਰੇਹੜੀ ਮਾਰਕੀਟ ਦੇ 1.6 ਕਰੋੜ ਰੁਪਏ ਦੇ ਪ੍ਰਾਜੈਕਟ, ਕਰੀਬ 8.25 ਕਰੋੜ ਰੁਪਏ ਦੇ ਡੇਅਰੀ ਪ੍ਰਾਜੈਕਟ, ਸ਼ੀਸ਼ ਮਹਿਲ ਤੋਂ ਮਹਿੰਦਰਾ ਕਾਲਜ ਵਾਲੀ ਸੜਕ ਦੇ ਨਾਲ ਬਣਾਏ ਜਾ ਰਹੇ 50 ਲੱਖ ਰੁਪਏ ਦੇ ਪਾਰਕ ਦੇ ਪ੍ਰਾਜੈਕਟ, ਰੋਜ਼ ਗਾਰਡਨ ਦੇ ਨਵੀਨੀਕਰਨ ਤੇ ਸੁੰਦਰੀਕਰਨ ਦੇ 1.50 ਕਰੋੜ ਰੁਪਏ ਦੇ ਪ੍ਰਾਜੈਕਟ, ਵੱਖ-ਵੱਖ ਵਾਰਡਾਂ ‘ਚ ਚੱਲ ਰਹੇ ਕਰੋੜਾਂ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਤੋਂ ਇਲਾਵਾ ਆਈ.ਟੀ.ਆਈ. ਰੋਡ ਨੂੰ ਚੌੜਾ ਕਰਕੇ ਨਵਾਂ ਬਣਾਉਣ ਦੇ 46 ਲੱਖ ਰੁਪਏ ਦੇ ਪ੍ਰਾਜੈਕਟ ਦਾ ਜਾਇਜ਼ਾ ਵੀ ਲਿਆ।
ਸਨੌਰ ਰੋਡ ‘ਤੇ ਕੂੜੇ ਦੇ ਢੇਰ ਦਾ ਨਿਪਟਾਰਾ ਕਰਨ ਲਈ ਲਾਏ ਗਏ ਰੈਮੀਡੀਏਸ਼ਨ ਪਲਾਂਟ ਦਾ ਜਾਇਜਾ ਲੈਣ ਮੌਕੇ ਮੇਅਰ ਸੰਜੀਵ ਸ਼ਰਮਾ ਵੱਲੋਂ ਦੱਸਿਆ ਗਿਆ ਕਿ ਦਹਾਕਿਆਂ ਤੋਂ ਇੱਥੇ ਪਏ ਕੂੜੇ ਵਿੱਚੋਂ 35 ਫੀਸਦੀ ਦੇ ਕਰੀਬ ਕੂੜੇ ਦਾ ਨਿਪਟਾਰਾ ਹੋ ਚੁੱਕਾ ਹੈ ਅਤੇ ਇਸ ਨੂੰ ਅਗਲੇ 16 ਮਹੀਨਿਆਂ ‘ਚ ਖਤਮ ਕਰਕੇ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਜਾਵੇਗੀ।
ਇਸ ਮੌਕੇ ਪੀ.ਆਰ.ਟੀ.ਸੀ. ਚੇਅਰਮੈਨ ਕੇ.ਕੇ. ਸ਼ਰਮਾ, ਮੇਅਰ ਸੰਜੀਵ ਸ਼ਰਮਾ ਬਿੱਟੂ, ਸ਼ਹਿਰੀ ਕਾਂਗਰਸ ਪ੍ਰਧਾਨ ਕੇ.ਕੇ. ਮਲਹੋਤਰਾ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ ਵਿਨਤੀ ਸੰਗਰ, ਸੋਨੂੰ ਸੰਗਰ ਤੋਂ ਇਲਾਵਾ ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਨਗਰ ਨਿਗਮ ਦੇ ਕਮਿਸ਼ਨਰ ਪੂਨਮਦੀਪ ਕੌਰ, ਲੋਕ ਨਿਰਮਾਣ, ਵਿਭਾਗ, ਡਰੇਨੇਜ ਵਿਭਾਗ, ਨਗਰ ਨਿਗਮ ਦੇ ਅਧਿਕਾਰੀ ਤੇ ਇਲਾਕੇ ਦੇ ਸਬੰਧਤ ਕੌਂਸਲਰ ਵੀ ਮੌਜੂਦ ਸਨ।