Covid:Patiala DC Kumar Amit appeal to people
April 14, 2021 - PatialaPolitics
ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕੋਵਿਡ ਦੇ ਵੱਧਦੇ ਕੇਸਾਂ ਬਾਰੇ ਲੋਕਾਂ ਨੂੰ ਸੁਚੇਤ ਕਰਦਿਆਂ ਬੁਖ਼ਾਰ, ਖਾਂਸੀ, ਜੁਕਾਮ ਜਾਂ ਕੋਈ ਹੋਰ ਲੱਛਣ ਹੋਣ ‘ਤੇ ਤੁਰੰਤ ਕੋਵਿਡ ਟੈਸਟ ਕਰਵਾਉਣ ਦਾ ਸੱਦਾ ਦਿੱਤਾ ਹੈ। ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਦਫ਼ਤਰ ਦੇ ਫੇਸਬੁੱਕ ਪੇਜ਼ ‘ਤੇ ਆਪਣੇ ਹਫ਼ਤਾਵਾਰੀ ਫੇਸਬੁਕ ਲਾਈਵ ਦੌਰਾਨ ਡਿਪਟੀ ਕਮਿਸ਼ਨਰ ਨੇ ਕੋਵਿਡ ਮਹਾਂਮਾਰੀ ਤੋਂ ਬਚਾਅ ਲਈ ਟੀਕਾਕਰਨ ‘ਤੇ ਵੀ ਜ਼ੋਰ ਦਿੱਤਾ ਹੈ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਅੰਦਰ ਪਿਛਲੇ ਹਫ਼ਤੇ ‘ਚ ਕੋਵਿਡ ਕੇਸਾਂ ‘ਚ ਕਾਫ਼ੀ ਵਾਧਾ ਦਰਜ ਕੀਤਾ ਗਿਆ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ ਜਦਕਿ ਕੋਵਿਡ ਕਾਰਨ ਹੋ ਰਹੀਆਂ ਮੌਤਾਂ ਦਾ ਕਾਰਨ ਲੋਕਾਂ ਵੱਲੋਂ ਕੋਵਿਡ ਦੇ ਸ਼ੁਰੂਆਤੀ ਸਮੇਂ ‘ਚ ਹੀ ਰਿਪੋਰਟ ਨਾ ਕਰਨਾ ਹੈ। ਉਨ੍ਹਾਂ ਕਿਹਾ ਕਿ ਜਿੰਨੀ ਜਲਦੀ ਅਸੀਂ ਕੋਵਿਡ ਦੇ ਕਿਸੇ ਵੀ ਲੱਛਣ ਆਉਣ ‘ਤੇ ਇਸ ਦੇ ਇਲਾਜ ਲਈ ਡਾਕਟਰਾਂ ਨੂੰ ਸਮਾਂ ਦੇਵਾਂਗੇ, ਓਨਾ ਹੀ ਕੋਵਿਡ ਕਾਰਨ ਹੋ ਰਹੀਆਂ ਮੌਤਾਂ ਤੋਂ ਬਚਾਅ ਹੋ ਸਕੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਸਤੰਬਰ ‘ਚ ਜਦੋਂ ਕੋਵਿਡ ਸਿਖ਼ਰ ‘ਤੇ ਸੀ ਤਾਂ ਟੈਸਟ ਤੇ ਮੌਤ ਦੇ ਦਰਮਿਆਨ ਸਮਾਂ 5 ਤੋਂ 6 ਦਿਨ ਦਾ ਸੀ ਜਦਕਿ ਹੁਣ ਇਹ ਸਮਾਂ ਘਟਕੇ 3 ਦਿਨ ਦਾ ਰਹਿ ਗਿਆ ਹੈ, ਇਸ ਲਈ ਲੋਕਾਂ ਨੂੰ ਆਪਣੀ ਬਿਮਾਰੀ ਦੀ ਗੰਭੀਰਤਾ ਨੂੰ ਸਮਝਦੇ ਹੋਏ ਤੁਰੰਤ ਟੈਸਟ ਕਰਵਾ ਲੈਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਨੇ ਪਿਛਲੇ ਹਫ਼ਤੇ ਇੱਕ 70 ਸਾਲਾ ਵਿਅਕਤੀ ਦੇ ਛੇਤੀ ਟੈਸਟ ਹੋਣ ਤੋਂ ਬਾਅਦ ਇਲਾਜ ਨਾਲ ਬਚਾਏ ਜਾਣ ਦੇ ਹਵਾਲੇ ਨਾਲ ਕਿਹਾ ਕਿ ਲੋਕਾਂ ਨੂੰ ਜਾਂ ਉਨ੍ਹਾਂ ਦੇ ਘਰਾਂ ‘ਚ ਕਿਸੇ ਨੂੰ ਬੁਖ਼ਾਰ, ਖਾਂਸੀ ਜਾਂ ਜੁਕਾਮ ਹੋਣ ‘ਤੇ ਆਪਣੇ ਨੇੜਲੀ ਦਵਾਈਆਂ ਦੀ ਦੁਕਾਨ ਤੋਂ ਹੀ ਦਵਾਈ ਲੈਣ ਦੀ ਬਜਾਇ ਆਪਣਾ ਕੋਵਿਡ ਟੈਸਟ ਕਰਵਾਕੇ ਨੇੜਲੀ ਸਰਕਾਰੀ ਡਿਸਪੈਂਸਰੀ ਜਾਂ ਹਸਪਤਾਲ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ, ਕਿਉਂਕਿ ਹੁਣ ਕੋਵਿਡ ਪਾਜਿਟਿਵ ਵਿਅਕਤੀ ਨੂੰ ਉਸਦੇ ਘਰ ‘ਚ ਹੀ ਇਕਾਂਤਵਾਸ ਕੀਤਾ ਜਾਂਦਾ ਹੈ। ਇਨ੍ਹਾਂ ਲੋਕਾਂ ਲਈ ਡਾਕਟਰਾਂ ਵੱਲੋਂ ਸਲਾਹ ਦੇਣ ਲਈ ਜ਼ਿਲ੍ਹਾ ਪੱਧਰ ਅਤੇ ਸਬ ਡਵੀਜਨ ਪੱਧਰ ‘ਤੇ ਕਾਲ ਸੈਂਟਰ ਚਲਾਏ ਜਾ ਰਹੇ ਹਨ।
ਸ੍ਰੀ ਕੁਮਾਰ ਅਮਿਤ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਅੰਦਰ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਜੰਗੀ ਪੱਧਰ ‘ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਐਸ.ਡੀ.ਐਮਜ, ਸਥਾਨਕ ਸਰਕਾਰਾਂ, ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ ਦੇ ਸਹਿਯੋਗ ਨਾਲ ਰੋਜ਼ਾਨਾ ਵੱਡੀ ਪੱਧਰ ‘ਤੇ ਲੋਕਾਂ ਨੂੰ ਕੋਵਿਡ ਤੋਂ ਬਚਾਅ ਲਈ ਟੀਕਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਨੇ ਜ਼ਿਲ੍ਹੇ ਦੇ 45 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜਲੇ ਟੀਕਾਕਰਨ ਕੇਂਦਰ ਵਿਖੇ ਜਾ ਕੇ ਟੀਕਾ ਲਗਵਾਉਣ।