Thapar Fortuner Accident:MP Patiala Preneet Kaur hands over cheque to family
April 18, 2021 - PatialaPolitics
ਪਟਿਆਲਾ ਤੋਂ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਵੱਲੋਂ ਤਿੰਨ ਕੇਂਦਰੀ ਕਾਲੇ ਕਾਨੂੰਨਾਂ ਖ਼ਿਲਾਫ਼ ਲੜੀ ਜਾ ਰਹੀ ਲੜਾਈ ‘ਚ ਹਰ ਪੱਖੋਂ ਕਿਸਾਨਾਂ ਦੇ ਨਾਲ ਖੜ੍ਹੀ ਹੈ। ਉਹ ਅੱਜ ਇੱਥੇ ਆਪਣੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਵਿਖੇ ਇੱਕ ਸੜਕ ਹਾਦਸੇ ਦੇ ਉਨ੍ਹਾਂ 6 ਪੀੜਤਾਂ ਦੇ ਪਰਿਵਾਰਾਂ ਨੂੰ ਮੁੱਖ ਮੰਤਰੀ ਰਾਹਤ ਕੋਸ਼ ‘ਚੋਂ 18 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਸੌਂਪ ਰਹੇ ਸਨ, ਜਿਹੜੇ ਕਿ ਕਿਸਾਨਾਂ ਦੇ ਹੱਕ ‘ਚ ਮਿਤੀ 29 ਮਾਰਚ 2021 ਨੂੰ ਧਰਨਾ ਦੇਣ ਸਮੇਂ ਪਟਿਆਲਾ ਦੇ ਥਾਪਰ ਯੂਨੀਵਰਸਿਟੀ ਚੌਂਕ ‘ਚ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ।
ਸ੍ਰੀਮਤੀ ਪ੍ਰਨੀਤ ਕੌਰ ਨੇ ਇਸ ਮੌਕੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨਾਲ ਹਮਦਰਦੀ ਜਤਾਉਂਦਿਆਂ ਦਿੱਲੀ ਦੀ ਸਰਹੱਦ ‘ਤੇ ਆਪਣੀ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਹਰ ਤਰ੍ਹਾਂ ਦੇ ਨਾਲ ਸਹਾਇਤਾ ਕੀਤੀ ਹੈ। ਇਸ ਤੋਂ ਬਿਨ੍ਹਾਂ ਪੰਜਾਬ ਸਰਕਾਰ ਕਿਸਾਨਾਂ ਦੇ ਸੰਘਰਸ਼ ‘ਚ ਵੀ ਉਨ੍ਹਾਂ ਦੇ ਨਾਲ ਖੜ੍ਹੀ ਹੈ ਅਤੇ ਸੂਬਾ ਸਰਕਾਰ ਨੇ ਵਿਸ਼ੇਸ਼ ਪਹਿਲਕਦਮੀ ਦਿਖਾਉਂਦਿਆਂ ਇਹ ਕੇਂਦਰੀ ਕਾਲੇ ਕਾਨੂੰਨ ਪੰਜਾਬ ਵਿਧਾਨ ਸਭਾ ‘ਚ ਰੱਦ ਕੀਤੇ ਹਨ।
ਸੰਸਦ ਮੈਂਬਰ ਨੇ ਇਸ ਦੌਰਾਨ 29 ਮਾਰਚ ਦੀ ਸ਼ਾਮ ਨੂੰ ਹੋਏ ਸੜਕ ਹਾਦਸੇ ਦਾ ਸ਼ਿਕਾਰ ਹੋਏ ਰਣਜੀਤ ਨਗਰ ਪਟਿਆਲਾ ਦੇ ਵਾਸੀ 66 ਸਾਲਾ ਇੰਦਰਜੀਤ ਸਿੰਘ, ਇੰਦਰਪੁਰਾ ਵਾਸੀ 16 ਸਾਲਾ ਲੜਕਾ ਪਰਮਵੀਰ ਸਿੰਘ ਤੇ ਏਕਤਾ ਨਗਰ ਏ ਦੇ ਵਾਸੀ 2 ਸਾਲਾ ਬੱਚੇ ਯਸ਼ ਦੇ ਪਰਿਵਾਰ ਨੂੰ ਕ੍ਰਮਵਾਰ 5-5 ਲੱਖ ਰੁਪਏ ਅਤੇ ਜਖ਼ਮੀਆਂ ‘ਚ ਸ਼ਾਮਲ ਰਣਜੀਤ ਨਗਰ ਦੇ ਗੁਰਪ੍ਰੀਤ ਸਿੰਘ, ਭਾਰਤ ਨਗਰ ਵਾਸੀ ਰਾਹੁਲ ਅਤੇ ਏਕਤਾ ਨਗਰ ਦੀ ਰੇਨੂੰ ਬਾਲਾ ਨੂੰ 1-1 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈਕ ਤਕਸੀਮ ਕੀਤੇ।
ਸ੍ਰੀਮਤੀ ਪ੍ਰਨੀਤ ਕੌਰ ਨੇ ਇਸ ਸੜਕ ਹਾਦਸੇ ‘ਚ ਆਪਣੀਆਂ ਜਾਨਾਂ ਗਵਾਉਣ ਵਾਲਿਆਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ ਪਰਮਾਤਮਾ ਕੋਲ ਅਰਦਾਸ ਕੀਤੀ ਕਿ ਉਹ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖ਼ਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਣ। ਉਨ੍ਹਾਂ ਨੇ ਨਾਲ ਹੀ ਜਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਵੀ ਕਾਮਨਾ ਕੀਤੀ।
ਇਸ ਮੌਕੇ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਸ੍ਰੀ ਰਜੇਸ਼ ਸ਼ਰਮਾ, ਐਸ.ਡੀ.ਐਮ. ਸ. ਚਰਨਜੀਤ ਸਿੰਘ, ਤਹਿਸੀਲਦਾਰ ਸ. ਰਣਜੀਤ ਸਿੰਘ ਤੋਂ ਇਲਾਵਾ ਪੀੜਤਾਂ ਦੇ ਪਰਿਵਾਰਕ ਮੈਂਬਰ ਤੇ ਹੋਰ ਪਤਵੰਤੇ ਮੌਜੂਦ ਸਨ।