Patiala News: ਪੀ.ਆਰ.ਟੀ.ਸੀ. ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਵੱਲੋਂ ਸੰਗਰੂਰ ਡਿਪੂ ਤੇ ਬੱਸ ਅੱਡੇ ਦੀ ਅਚਨਚੇਤ ਚੈਕਿੰਗ

April 25, 2026 - PatialaPolitics

Patiala News: ਪੀ.ਆਰ.ਟੀ.ਸੀ. ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਵੱਲੋਂ ਸੰਗਰੂਰ ਡਿਪੂ ਤੇ ਬੱਸ ਅੱਡੇ ਦੀ ਅਚਨਚੇਤ ਚੈਕਿੰਗ

ਪਟਿਆਲਾ, 25 ਅਪ੍ਰੈਲ:

ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਵੱਲੋਂ ਅੱਜ ਸੰਗਰੂਰ ਡਿਪੂ ਅਤੇ ਸਥਾਨਕ ਬੱਸ ਅੱਡੇ ਦੀ ਅਚਾਨਕ ਚੈਕਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਡਿਪੂ ਦੇ ਕਰਮਚਾਰੀਆਂ ਨਾਲ ਸਮੁੱਚੀ ਕਾਰਗੁਜ਼ਾਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕੀਤੀ, ਜਿਸ ਵਿੱਚ ਨਵੇਂ ਰੂਟਾਂ ਦੀ ਸ਼ੁਰੂਆਤ, ਰੋਜ਼ਾਨਾ ਆਮਦਨ ਅਤੇ ਕੇ.ਐੱਮ.ਪੀ.ਐੱਲ. ਕਿਲੋਮੀਟਰ ਪ੍ਰਤੀ ਲੀਟਰ ਦੀ ਸਥਿਤੀ ਸ਼ਾਮਲ ਰਹੀ। ਇਸ ਮੌਕੇ ਉਨ੍ਹਾਂ ਨੇ ਪ੍ਰਸ਼ਾਨਿਕ ਅਧਿਕਾਰੀਆਂ ਅਤੇ ਹੋਰ ਸਟਾਫ ਨੂੰ ਹੋਰ ਸੁਧਾਰ ਲਿਆਉਣ ਲਈ ਵੀ ਆਦੇਸ਼ ਦਿੱਤੇ।

 

ਚੇਅਰਮੈਨ ਨੇ ਸਵਾਰੀਆਂ, ਕੰਡਕਟਰਾਂ ਤੇ ਡਰਾਈਵਰਾਂ ਨਾਲ ਸਿੱਧੀ ਗੱਲਬਾਤ ਵੀ ਕੀਤੀ। ਉਨ੍ਹਾਂ ਨੇ ਚੈਕਿੰਗ ਦੌਰਾਨ ਸੰਗਰੂਰ ਬੱਸ ਅੱਡੇ ਵਿੱਚ ਸਾਫ-ਸਫਾਈ ਦੇ ਪ੍ਰਬੰਧਾਂ, ਵਾਸ਼ਰੂਮਾਂ ਦੀ ਸਥਿਤੀ ਅਤੇ ਬੱਸਾਂ ਦੀ ਹਾਲਤ ਦਾ ਜਾਇਜ਼ਾ ਲਿਆ।

 

ਚੇਅਰਮੈਨ ਹਰਪਾਲ ਜੁਨੇਜਾ ਨੇ ਦੱਸਿਆ ਕਿ ਯਾਤਰੀਆਂ ਨੂੰ ਸੁਵਿਧਾਜਨਕ, ਸੁਰੱਖਿਅਤ ਅਤੇ ਸਮੇਂ ਸਿਰ ਸੇਵਾਵਾਂ ਪ੍ਰਦਾਨ ਕਰਨਾ ਪੀ.ਆਰ.ਟੀ.ਸੀ. ਦੀ ਮੁੱਖ ਪਹਿਲ ਹੈ। ਉਨ੍ਹਾਂ ਕਿਹਾ ਕਿ ਸਟਾਫ ਦੇ ਸਬੰਧਤ ਕਰਮਚਾਰੀਆਂ ਨੂੰ ਬੱਸਾਂ ਦੀ ਮੁਰੰਮਤ, ਸਮੇਂ ਦੀ ਪਾਬੰਦੀ ਅਤੇ ਸਫਾਈ ਪ੍ਰਬੰਧਾਂ ’ਤੇ ਖਾਸ ਧਿਆਨ ਦੇਣ ਤੇ ਜ਼ੋਰ ਨਾਲ ਕਿਹਾ ਗਿਆ ਹੈ। ਇਸ ਤੋਂ ਇਲਾਵਾ ਸਟਾਫ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਜਨਤਾ ਵੱਲੋ ਪ੍ਰਾਪਤ ਲਿਖਤੀ ਜਾਂ ਜੁਬਾਨੀ ਸ਼ਿਕਾਇਤਾਂ ਦਾ ਵੀ ਤੁਰੰਤ ਤੋਰ ਤੇ ਹੱਲ ਕੀਤਾ ਜਾਵੇ। ਚੇਅਰਮੈਨ ਨੇ ਇਸੇ ਦੌਰਾਨ ਵੱਖ-ਵੱਖ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ।

ਉਨ੍ਹਾਂ ਨੇ ਯਕੀਨ ਦਵਾਇਆ ਕਿ ਪੀ.ਆਰ.ਟੀ.ਸੀ. ਦੀ ਕਾਰਗੁਜ਼ਾਰੀ ਵਿੱਚ ਨਿਰੰਤਰ ਸੁਧਾਰ ਲਈ ਇਸ ਤਰ੍ਹਾਂ ਦੀਆਂ ਅਚਾਨਕ ਚੈਕਿੰਗਾਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ।

ਇਸ ਦੌਰਾਨ ਜਨਰਲ ਮੈਨੇਜਰ ਪਟਿਆਲਾ ਜਤਿੰਦਰਪਾਲ ਗਰੇਵਾਲ ਅਤੇ ਜਨਰਲ ਮੈਨੇਜਰ ਸੰਗਰੂਰ ਮਨਿੰਦਰਪਾਲ ਸਿੱਧੂ ਅਤੇ ਹੋਰ ਸਟਾਫ ਮੈਂਬਰਜ਼ ਵੀ ਮੌਜੂਦ ਰਹੇ।