Punjab Government Secures Future of temporary Employees

December 24, 2021 - PatialaPolitics

Punjab Government Secures Future of temporary Employees

 

ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ।

ਪੰਜਾਬ ਸਰਕਾਰ ਨੇ ਕੱਚੇ ਕਾਮਿਆਂ ਦਾ ਭਵਿੱਖ ਸੁਰੱਖਿਅਤ ਤੇ ਮਜ਼ਬੂਤ ਕੀਤਾ-ਬ੍ਰਹਮ ਮਹਿੰਦਰਾ

-ਬ੍ਰਹਮ ਮਹਿੰਦਰਾ ਨੇ ਨਗਰ ਨਿਗਮ ‘ਚ 35 ਦਿਹਾੜੀਦਾਰ ਕਾਮਿਆਂ ਨੂੰ ਪੱਕੇ ਕਰਨ ਦੇ ਨਿਯੁਕਤੀ ਪੱਤਰ ਸੌਂਪੇ

-494 ਸਫਾਈ ਕਾਮਿਆਂ ਤੇ ਸੀਵਰਮੈਨਾਂ ਨੂੰ ਵੀ ਆਊਟਸੋਰਸ ਤੋਂ ਠੇਕੇ ‘ਤੇ ਰੱਖਣ ਦੇ ਪੱਤਰ ਵੀ ਦਿੱਤੇ

-ਬਸੇਰਾ ਸਕੀਮ ਤਹਿਤ 115 ਲਾਭਪਾਤਰੀਆਂ ਨੂੰ ਮਿਲੇ ਘਰਾਂ ਦੇ ਮਾਲਕਾਨਾ ਹੱਕ

-ਸੀਵਰ ਲਾਇਨਾਂ ਦੀ ਸਫਾਈ ਲਈ 1.5 ਕਰੋੜ ਰੁਪਏ ਦੀ ਲਾਗਤ ਵਾਲੀਆਂ 2 ਸੁਪਰਸਕਸ਼ਨ ਮਸ਼ੀਨਾਂ ਵੀ ਲੋਕਾਂ ਨੂੰ ਸਮਰਪਿਤ ਕੀਤੀਆਂ

-ਸੀਨੀਅਰ ਡਿਪਟੀ ਮੇਅਰ ਯੋਗੀ ਤੇ ਲਾਭਪਾਤਰੀਆਂ ਵੱਲੋਂ ਬ੍ਰਹਮ ਮਹਿੰਦਰਾ ਦਾ ਧੰਨਵਾਦ

ਪਟਿਆਲਾ, 24 ਦਸੰਬਰ:

ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਰਾਜ ‘ਚ ਕੰਮ ਕਰਦੇ ਕੱਚੇ ਕਾਮਿਆਂ ਦਾ ਭਵਿਖ ਸੁਰੱਖਿਅਤ ਅਤੇ ਮਜ਼ਬੂਤ ਕਰਨ ਲਈ ਉਨ੍ਹਾਂ ਨੂੰ ਪੱਕੇ ਕਰਨ ਦਾ ਇਤਿਹਾਸਕ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੇ ਗਰੀਬ ਤੇ ਪੱਛੜੇ ਵਰਗ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਦੇ ਆਪਣੇ ਅਹਿਦ ਨੂੰ ਅੱਗੇ ਵਧਾਇਆ ਜਾ ਰਿਹਾ ਹੈ।

ਸ੍ਰੀ ਬ੍ਰਹਮ ਮਹਿੰਦਰਾ, ਅੱਜ ਨਗਰ ਨਿਗਮ ਪਟਿਆਲਾ ਵਿਖੇ 35 ਦਿਹਾੜੀਦਾਰ ਤੇ ਮਸਟਰੋਲ ‘ਤੇ ਕੰਮ ਕਰਦੇ ਕਾਮਿਆਂ ਨੂੰ ਪੱਕਾ ਕਰਨ ਦੇ ਨਿਯੁਕਤੀ ਪੱਤਰ ਸੌਂਪਣ ਸਮੇਤ 376 ਸਫਾਈ ਕਰਮਚਾਰੀਆਂ ਅਤੇ 118 ਸੀਵਰਮੈਨਾਂ ਨੂੰ ਆਊਟਸੋਰਸ ਤੋਂ ਠੇਕੇ ‘ਤੇ ਰੱਖਣ ਲਈ ਪੱਤਰ ਸੌਂਪਣ ਪੁੱਜੇ ਹੋਏ ਸਨ।

ਇਸੇ ਦੌਰਾਨ ਸ੍ਰੀ ਬ੍ਰਹਮ ਮਹਿੰਦਰਾ ਨੇ ਸ਼ਹਿਰ ਦੀਆਂ ਸਲੰਮ ਬਸਤੀਆਂ ‘ਚ ਰਹਿੰਦੇ 115 ਲਾਭਪਾਤਰੀਆਂ ਨੂੰ ਬਸੇਰਾ ਸਕੀਮ ਤਹਿਤ ਘਰਾਂ ਦੇ ਮਾਲਕਾਨਾ ਹੱਕ ਦੀਆਂ ਸਨਦਾਂ ਵੀ ਤਕਸੀਮ ਕੀਤੀਆਂ। ਉਨ੍ਹਾਂ ਦੱਸਿਆ ਕਿ ਇਸ ਨਾਲ ਅੱਜ ਪਟਿਆਲਾ ਦੇ 629 ਵਿਅਕਤੀਆਂ ਦੇ ਪਰਿਵਾਰਾਂ ਨੂੰ ਸਿੱਧਾ ਲਾਭ ਪੁੱਜਿਆ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ. ਯੋਗਿੰਦਰ ਸਿੰਘ ਯੋਗੀ ਅਤੇ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਵੀ ਮੌਜੂਦ ਸਨ।

ਨਗਰ ਨਿਗਮ ਵਿਖੇ ਲਾਭਪਾਤਰੀਆਂ ਦੀ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਦਰਜਾ ਚਾਰ ਕਰਮਚਾਰੀਆਂ ਦੀ ਪੱਕੀ ਭਰਤੀ ਕਰਨ ਅਤੇ ਕੱਚੇ ਕਾਮਿਆਂ ਨੂੰ ਪੱਕਾ ਕਰਨ ਦਾ ਸਭ ਤੋਂ ਅਹਿਮ ਫੈਸਲਾ ਕੀਤਾ ਗਿਆ, ਜਿਸ ਦਾ ਹਜ਼ਾਰਾਂ ਕਰਮਚਾਰੀਆਂ ਨੂੰ ਸਿੱਧਾ ਲਾਭ ਪੁੱਜਾ ਹੈ। ਉਨ੍ਹਾਂ ਨੇ ਦੱਸਿਆ ਕਿ ਜਿਹੜੇ ਕੱਚੇ ਕਰਮਚਾਰੀਆਂ ਦੀ ਉਮਰ ਵੱਧ ਗਈ ਹੈ, ਉਨ੍ਹਾਂ ਨੂੰ ਵੀ ਪੱਕੇ ਕਰਨ ਦੀ ਤਜਵੀਜ ਬਣਾਈ ਜਾ ਰਹੀ ਹੈ।

ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਪੰਜਾਬ ਸਰਕਾਰ, ਆਪਣੀ ਜਾਨ ਜੋਖਮ ‘ਚ ਪਾ ਕੇ ਸੀਵਰ ਦੀ ਸਫਾਈ ਕਰਨ ਵਾਲੇ ਸੀਵਰਮੈਨਾਂ ਦਾ ਸਮੂਹਕ ਬੀਮਾ ਕਰਨ ਦੀ ਤਜਵੀਜ ਬਣਾ ਰਹੀ ਹੈ। ਇਸ ਤੋਂ ਬਿਨ੍ਹਾਂ ਰਾਜ ‘ਚ ਸੀਵਰੇਜ ਦੀ ਸਫਾਈ ਲਈ ਸੁਪਰ ਸਕਸ਼ਨ ਮਸ਼ੀਨਾਂ ਵੀ ਖਰੀਦੀਆਂ ਗਈਆਂ ਹਨ, ਜਿਸ ਤਹਿਤ ਅੱਜ ਪਟਿਆਲਾ ‘ਚ 1.5 ਕਰੋੜ ਰੁਪਏ ਦੀ ਲਾਗਤ ਨਾਲ ਦੋ ਅਜਿਹੀਆਂ ਮਸ਼ੀਨਾਂ ਵੀ ਲੋਕਾਂ ਨੂੰ ਸਮਰਪਿਤ ਕੀਤੀਆਂ ਗਈਅ ਹਨ।

ਸ੍ਰੀ ਬ੍ਰਹਮ ਮਹਿੰਦਰਾ ਨੇ ਪਟਿਆਲਾ ਦੇ ਲੋਕਾਂ ਨਾਲ ਆਪਣੀ ਨਿਜੀ ਸਾਂਝ ਦਾ ਜਿਕਰ ਕਰਦਿਆਂ ਕਿਹਾ ਕਿ ਪਟਿਆਲਾ ਵਾਸੀ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਹਨ ਅਤੇ ਉਹ ਇੱਥੋਂ 18 ਸਾਲ ਵਿਧਾਇਕ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਰਾਜ ਦੇ ਹਰ ਵਰਗ ਦੇ ਲੋਕਾਂ ਦੀ ਭਲਾਈ ਤੇ ਬਿਹਤਰੀ ਲਈ ਅਹਿਮ ਫੈਸਲੇ ਲਏ ਹਨ, ਜਿਨ੍ਹਾਂ ਨੂੰ ਹੋਰ ਵੀ ਅੱਗੇ ਵਧਾਇਆ ਜਾਵੇਗਾ।

ਇਸ ਮੌਕੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਯੋਗਿੰਦਰ ਸਿੰਘ ਯੋਗੀ ਨੇ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਅਤੇ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਲੋਕ ਪੱਖੀ ਫੈਸਲਿਆਂ ਦਾ ਪਟਿਆਲਾ ਦੇ ਲੋਕਾਂ ਨੂੰ ਸਿੱਧਾ ਲਾਭ ਪੁੱਜੇਗਾ, ਜਿਸ ਲਈ ਉਹ ਪੰਜਾਬ ਸਰਕਾਰ ਤੇ ਸ੍ਰੀ ਬ੍ਰਹਮ ਮਹਿੰਦਰਾ ਦੇ ਸਦਾ ਰਿਣੀ ਰਹਿਣਗੇ। ਜਦੋਂਕਿ ਯੂਨੀਅਨ ਆਗੂ ਸ੍ਰੀ ਸ਼ੰਮੀ ਕੁਮਾਰ ਨੇ ਸ੍ਰੀ ਬ੍ਰਹਮ ਮਹਿੰਦਰਾ ਦਾ ਵਿਸ਼ੇਸ਼ ਧੰਨਵਾਦ ਕੀਤਾ।

ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਸ੍ਰੀ ਬ੍ਰਹਮ ਮਹਿੰਦਰਾ ਦਾ ਸਵਾਗਤ ਕਰਦਿਆਂ ਨਗਰ ਨਿਗਮ ‘ਚ ਪੱਕੇ ਕੀਤੇ ਗਏ ਕਰਮਚਾਰੀਆਂ ਅਤੇ ਸਲੰਮ ਬਸਤੀਆਂ ਦੇ ਵਸਨੀਕ ਤੇ ਬਸੇਰਾ ਸਕੀਮ ਦੇ ਲਾਭਪਾਤਰੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਫਾਈ ਕਰਮਚਾਰੀਆਂ ਦੀ ਬਦੌਲਤ ਹੀ ਪਟਿਆਲਾ ਸ਼ਹਿਰ ਸਵੱਛਤ ਭਾਰਤ ਮੁਹਿੰਮ ‘ਚ ਅਹਿਮ ਸਥਾਨ ਹਾਸਲ ਕਰ ਸਕਿਆ ਹੈ। ਇਸ ਮੌਕੇ ਸ੍ਰੀ ਬ੍ਰਹਮ ਮਹਿੰਦਰਾ ਦਾ ਸਫ਼ਾਈ ਕਰਮਚਾਰੀਆਂ ਤੇ ਹੋਰਨਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।

ਇਸ ਮੌਕੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸੰਤ ਬਾਂਗਾ, ਸੰਯੁਕਤ ਕਮਿਸ਼ਨਰ ਡਾ. ਦੀਪਕ ਭਾਟੀਆ ਤੇ ਨਮਨ ਮੜਕਨ, ਸੀਨੀਅਰ ਕੌਂਸਲਰ ਹਰਵਿੰਦਰ ਸਿੰਘ ਨਿੱਪੀ, ਨਰੇਸ਼ ਦੁੱਗਲ, ਅਨਿਲ ਮੋਦਗਿਲ, ਐਡਵੋਕੇਟ ਹਰਵਿੰਦਰ ਸ਼ੁਕਲਾ, ਕ੍ਰਿਸ਼ਨ ਚੰਦ ਬੁੱਧੂ, ਅਮਰਬੀਰ ਕੌਰ ਬੇਦੀ, ਰਜੇਸ਼ ਮੰਡੋਰਾ ਸਮੇਤ ਵੱਡੀ ਗਿਣਤੀ ਹੋਰ ਕੌਂਸਲਰ ਸਾਹਿਬਾਨ, ਸਵੀਪਰ ਯੂਨੀਅਨ ਪ੍ਰਧਾਨ ਬਿੰਨੀ ਸਹੋਤਾ, ਸੁਨੀਲ ਕੁਮਾਰ, ਰਿੰਕੂ ਵੈਦ, ਜਸਵੀਰ ਜੱਸੀ, ਲਖਵਿੰਦਰ, ਸੁਖਵਿੰਦਰ ਟੋਨੀ ਸਮੇਤ ਵੱਡੀ ਗਿਣਤੀ ਲਾਭਪਾਤਰੀ ਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ।

Punjab Government Secures Future of temporary Employees
Punjab Government Secures Future of temporary Employees

ਫੋਟੋ ਕੈਪਸ਼ਨ- ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨਗਰ ਨਿਗਮ ਪਟਿਆਲਾ ਵਿਖੇ ਦਿਹਾੜੀਦਾਰ ਕਾਮਿਆਂ ਨੂੰ ਪੱਕੇ ਕਰਨ, ਸਫਾਈ ਤੇ ਸੀਵਰਮੈਨਾਂ ਨੂੰ ਆਊਟ ਸੋਰਸ ਤੋਂ ਠੇਕੇ ‘ਤੇ ਰੱਖਣ ਸਮੇਤ ਬਸੇਰਾ ਸਕੀਮ ਦੇ ਲਾਭਪਾਤਰੀਆਂ ਨੂੰ ਪੱਤਰ ਸੌਂਪਦੇ ਹੋਏ। ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਯੋਗਿੰਦਰ ਸਿੰਘ ਯੋਗੀ, ਚੇਅਰਮੈਨ ਸੰਤ ਬਾਂਗਾ ਤੇ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਵੀ ਨਜ਼ਰ ਆ ਰਹੇ ਹਨ।