Patiala Police arrest people associated with gangs
August 31, 2018 - PatialaPolitics
ਪਟਿਆਲਾ ਪੁਲਿਸ ਦੀ ਪੀ.ਸੀ.ਆਰ. ਵੱਲੋਂ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਇਸ ਵੱਲੋਂ ਪਟਿਆਲਾ ਸ਼ਹਿਰ ‘ਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ‘ਚ ਘੁੰਮ ਰਹੇ ਲੁੱਟ-ਖੋਹ ਕਰਨ ਸਮੇਤ ਪੁਲਿਸ ਪਾਰਟੀ ‘ਤੇ ਫਾਇਰਿੰਗ ਕਰਨ ਵਾਲੇ 5 ਜਣੇ ਮਾਰੂ ਹਥਿਆਰਾਂ ਸਮੇਤ ਕਾਬੂ ਕਰ ਲਏ ਗਏ। ਇਸ ਦਾ ਖੁਲਾਸਾ ਅੱਜ ਇੱਥੇ ਪੁਲਿਸ ਲਾਇਨ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਕਰਦਿਆਂ ਐਸ.ਪੀ. ਟ੍ਰੈਫਿਕ ਤੇ ਸੁਰੱਖਿਆ ਸ. ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਪੀ.ਸੀ.ਆਰ. ਨੂੰ ਇਹ ਸਫ਼ਲਤਾ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਵੱਲੋਂ ਪਟਿਆਲਾ ਪੀ.ਸੀ.ਆਰ. ਦੀ ਕਾਰਜ ਪ੍ਰਣਾਲੀ ‘ਚ ਕੀਤੇ ਜਾ ਰਹੇ ਵੱਡੇ ਸੁਧਾਰਾਂ ਦੀ ਬਦੌਲਤ ਮਿਲੀ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਪਟਿਆਲਾ ਟ੍ਰੈਫਿਕ ਪੁਲਿਸ ਦੀ ਕਾਰਜ ਪ੍ਰਣਾਲੀ ‘ਚ ਵੀ ਵੱਡੇ ਸੁਧਾਰ ਨਜ਼ਰ ਆਉਣਗੇ।
ਐਸ.ਪੀ. ਸ. ਹੁੰਦਲ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਕੋਲੋਂ 2 ਪਿਸਤੌਲ 315 ਬੋਰ ਦੇਸੀ ਤੇ ਇੱਕ ਜਿੰਦਾ ਕਾਰਤੂਸ, ਇੱਕ ਖੋਲ ਤੇ 1 ਪਿਸਤੌਲ 32 ਬੋਰ ਦੇਸੀ, 4 ਜਿੰਦਾ ਕਾਰਤੂਸਾਂ ਸਮੇਤ ਇਨ੍ਹਾਂ ਵੱਲੋਂ ਪਹਿਲਾਂ ਕਿਸੇ ਵਾਰਦਾਤ ‘ਚ ਖੋਹਿਆ ਗਿਆ ਜਾਅਲੀ ਨੰਬਰ ਲੱਗਿਆ ਇੱਕ ਪਲਸਰ ਮੋਟਰਸਾਇਕਲ ਵੀ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਜਦੋਂ ਐਸ.ਆਈ. ਮਦਨ ਲਾਲ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਪੀ.ਸੀ.ਆਰ. 12 ਦਾ ਨਿਰੀਖਣ ਕਰਨ ਡਕਾਲਾ ਚੁੰਗੀ ਪੁੱਜੀ ਤਾਂ ਇਸੇ ਦੌਰਾਨ ਡਕਾਲਾ ਪਾਸੇ ਤੋਂ ਆ ਰਹੇ ਦੋ ਮੋਟਰਸਾਇਲਾਂ ‘ਤੇ ਸਵਾਰ ਹੋਕੇ ਆ ਰਹੇ 5 ਵਿਅਕਤੀਆਂ ਨੂੰ ਚੈਕਿੰਗ ਲਈ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਇਹ ਪੁਲਿਸ ਨੂੰ ਦੇਖਕੇ ਪਿਛੇ ਮੁੜਨ ਲੱਗੇ। ਇਸੇ ਦੌਰਾਨ ਪਲਸਰ ਮੋਟਰਸਾਇਕਲ ‘ਤੇ ਪਿਛੇ ਬੈਠੇ ਇਕ ਵਿਅਕਤੀ ਨੇ ਪੁਲਿਸ ਮੁਲਾਜਮਾਂ ਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰ ਦਿੱਤਾ ਪਰੰਤੂ ਪੁਲਿਸ ਦੀ ਹੁਸ਼ਿਆਰੀ ਸਦਕਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਪੁਲਿਸ ਨੇ ਮੁਸ਼ਤੈਦੀ ਦਿਖਾਓੁਂਦਿਆਂ ਦਲੇਰੀ ਨਾਲ ਇਨ੍ਹਾਂ ਦੋਵੇਂ ਮੋਟਰਸਾਇਕਲ ਸਵਾਰਾਂ ਨੂੰ ਕਾਬੂ ਕਰ ਲਿਆ।
ਸ. ਹੁੰਦਲ ਨੇ ਦੱਸਿਆ ਕਿ ਪੁਲਿਸ ‘ਤੇ ਫਾਇਰ ਕਰਨ ਵਾਲੇ ਦੀ ਪਛਾਣ ਇੰਦਰਜੀਤ ਸਿੰਘ ਇੰਦਰੀ ਪੁੱਤਰ ਕਰਮਜੀਤ ਸਿੰਘ ਵਾਸੀ ਪਿੰਡ ਅਚਲ ਥਾਣਾ ਸਦਰ ਨਾਭਾ ਵਜੋਂ ਹੋਈ, ਇਸ ਕੋਲੋਂ ਇੱਕ ਪਿਸਤੌਲ 315 ਬੋਰ ਦੇਸੀ ਤੇ ਇੱਕ ਚੱਲੇ ਰੌਂਦ ਦਾ ਖੋਲ ਬਰਾਮਦ ਹੋਇਆ। ਜਦੋਂ ਕਿ ਮੋਟਰਸਾਇਲ ਚਲਾ ਰਹੇ ਵਿਅਕਤੀ ਦੀ ਪਛਾਣ ਹਰਿੰਦਰਪਾਲ ਸਿੰਘ ਜੇ.ਪੀ. ਪੁੱਤਰ ਹਰਪਾਲ ਸਿੰਘ ਵਾਸੀ ਮਕਾਨ ਨੰਬਰ 32 ਬੇਦੀ ਇਨਕਲੇਵ ਚੁਨਾਗਰਾ ਰੋਡ, ਨੇੜੇ ਕੂਲਰ ਫੈਕਟਰੀ ਪਾਤੜਾਂ ਵਜੋਂ ਹੋਈ। ਇਨ੍ਹਾਂ ਨੇ ਇਸ ਮੋਟਰਸਾਇਕਲ ‘ਤੇ ਫਰਜ਼ੀ ਨੰਬਰ ਪਲੇਟ ਲਾਈ ਹੋਈ ਸੀ।
ਐਸ.ਪੀ. ਨੇ ਦੱਸਿਆ ਕਿ ਇਸੇ ਦੌਰਾਨ ਪੁਲਿਸ ਨੇ ਮੁਸ਼ਤੈਦੀ ਨਾਲ ਇਨ੍ਹਾਂ ਦੇ ਦੂਜੇ ਸਾਥੀ ਤਿੰਨ ਮੋਟਰਸਾਇਕਲ ਸਵਾਰਾਂ ਨੂੰ ਵੀ ਕਾਬੂ ਕਰ ਲਿਆ, ਜਿਨ੍ਹਾਂ ਦੀ ਪਛਾਣ ਸੁਖਚੈਨ ਸਿੰਘ ਜੈਲਦਾਰ ਪੁੱਤਰ ਦਰਸ਼ਨ ਸਿੰਘ ਵਾਸੀ ਮਕਾਨ ਨੰਬਰ 609 ਗਲੀ ਨੰਬਰ 3 ਪ੍ਰੋਫੈਸਰ ਕਲੋਨੀ ਪਟਿਆਲਾ, ਇਸ ਕੋਲੋਂ 1111 ਨੰਬਰ ਲੱਗਿਆ 32 ਬੋਰ ਦਾ ਪਿਸਤੌਲ ਤੇ 4 ਰੌਂਦ ਬਰਾਮਦ ਹੋਏ, ਲਵਪ੍ਰੀਤ ਸਿੰਘ ਲਵਲੀ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਪੱਤੜ ਥਾਣਾ ਰੋੜੀ ਸਿਰਸਾ ਹਰਿਆਣਾ, ਇਸ ਕੋਲੋਂ ਵੀ ਇੱਕ ਪਿਸਤੌਲ 315 ਬੋਰ ਬਰਾਮਦ ਹੋਇਆ ਜਦੋਂ ਕਿ ਤੀਸਰੇ ਵਿਅਕਤੀ ਦੀ ਪਛਾਣ ਪਰਵਿੰਦਰ ਸਿੰਘ ਚਿੱਟਾ ਪਿੰਦਰੀ ਪੁੱਤਰ ਜਗਨ ਸਿੰਘ ਵਾਸੀ ਪਿੰਡ ਰੈਸਲ ਥਾਣਾ ਭਾਦਸੋਂ ਵਜੋਂ ਹੋਈ।
ਸ. ਹੁੰਦਲ ਨੇ ਦੱਸਿਆ ਕਿ ਇਸ ਮੌਕੇ ਦਾ ਜਾਇਜਾ ਲੈਣ ਲਈ ਡੀ.ਐਸ.ਪੀ. ਟ੍ਰੈਫਿਕ ਸ੍ਰੀ ਸੌਰਵ ਜਿੰਦਲ ਵੀ ਪੁੱਜੇ ਜਿਨ੍ਹਾਂ ਦੀ ਨਿਗਰਾਨੀ ਹੇਠ ਏ.ਐਸ.ਆਈ. ਕਰਨੈਲ ਸਿੰਘ ਇੰਚਾਰਜ ਅਫ਼ਸਰ ਕਲੋਨੀ ਚੌਂਕੀ ਨੇ ਐਸ.ਆਈ. ਮਦਨ ਲਾਲ ਦੇ ਬਿਆਨਾਂ ‘ਤੇ ਇਨ੍ਹਾਂ ਪੰਜੇ ਜਣਿਆਂ ਵਿਰੁਧ ਥਾਣਾ ਸਿਵਲ ਲਾਇਨ ਵਿਖੇ ਮੁਕਦਮਾ ਨੰਬਰ 209 ਮਿਤੀ 31/8/18 ਆਈ.ਪੀ.ਸੀ. ਦੀਆਂ ਧਾਰਾਵਾਂ 307, 489 ਤੇ ਅਸਲਾ ਐਕਟ ਦੀ ਧਾਰਾ 25 ਤਹਿਤ ਕੇਸ ਦਰਜ ਕਰ ਲਿਆ।
ਐਸ.ਪੀ. ਸ. ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਇਨ੍ਹਾਂ ਦੀ ਮੁਢਲੀ ਪੁੱਛਗਿੱਛ ਤੋਂ ਸਾਹਮਣੇ ਆਇਆ ਕਿ ਇਨ੍ਹਾਂ ‘ਚੋਂ ਕੁਝ ਜਣੇ ਪੜ੍ਹਦੇ ਹਨ ਤੇ ਪੀ.ਜੀ. ਵਜੋਂ ਵੀ ਰਹਿੰਦੇ ਹਨ ਤੇ ਇਨ੍ਹਾਂ ਦੀ ਆਪਸ ‘ਚ ਜਾਣ ਪਛਾਣ ਹੋ ਗਈ। ਇਨ੍ਹਾਂ ਵਿੱਚੋਂ 25 ਸਾਲਾ ਹਰਿੰਦਰਪਾਲ ਸਿੰਘ ਜੇ.ਪੀ ਗ੍ਰੈਜੂਏਟ ਹੈ ਤੇ ਇਹ ਬਿਟ ਕੁਆਇਨ ਟ੍ਰੇਡਿੰਗ ਕਰਦਾ ਹੈ। ਜਦੋਂਕਿ 20 ਸਾਲਾ ਲਵਪ੍ਰੀਤ ਸਿੰਘ ਬੀ.ਐਸ.ਸੀ. ਕਰਦਾ ਹੈ ਤੇ 21 ਸਾਲਾ ਅੱਠਵੀਂ ਪਾਸ ਇੰਦਰਜੀਤ ਸਿੰਘ ਇੰਦਰ ਮਜਦੂਰੀ ਕਰਦਾ ਹੈ, ਜਿਸ ‘ਤੇ ਪਹਿਲਾਂ ਵੀ ਥਾਣਾ ਸਦਰ ਨਾਭਾ ਵਿਖੇ ਇੱਕ ਕੇਸ ਦਰਜ ਹੈ ਅਤੇ 21 ਸਾਲਾ ਬਾਰਵੀਂ ਪਾਸ ਪਰਮਿੰਦਰ ਸਿੰਘ ਖੇਤੀਬਾੜੀ ਕਰਦਾ ਹੈ। ਦਸਵੀਂ ਪਾਸ 28 ਸਾਲਾ ਸੁਖਚੈਨ ਸਿੰਘ ਜੈਲਦਾਰ, ਇਸ ਵਿਰੁਧ ਵੀ ਪਹਿਲਾਂ ਥਾਣਾ ਕੋਤਵਾਲੀ ਨਾਭਾ ਵਿਖੇ ਇੱਕ ਕੇਸ ਦਰਜ ਹੈ, ਇਨ੍ਹਾਂ ਦੇ ਪੀ.ਜੀ. ਛੋਟੀ ਬਾਰਾਂਦਰੀ ਤੇ ਕਿਰਾਏ ‘ਤੇ ਲਏ ਕਮਰਿਆਂ ‘ਚ ਆਉਂਦਾ ਜਾਂਦਾ ਸੀ, ਇਥੋਂ ਹੀ ਇਨ੍ਹਾਂ ਦੀ ਆਪਸੀ ਜਾਣ ਪਛਾਣ ਹੋਈ।
ਐਸ.ਪੀ. ਹੁੰਦਲ ਨੇ ਦੱਸਿਆ ਕਿ ਇਨ੍ਹਾਂ ਨੇ ਦਿੱਲੀ ਦੀ ਇਕ ਬਿਟ ਕੁਆਇਨ ਦਾ ਕੰਮ ਕਰਦੀ ਅਤੇ ਹਰਿੰਦਰਪਾਲ ਜੇ.ਪੀ. ਦੇ ਸੰਪਰਕ ਵਾਲੀ ਪਾਰਟੀ ਨੂੰ ਲੁੱਟਣ ਦੀ ਯੋਜਨਾ ਬਣਾਈ ਤੇ ਇਸ ਨੂੰ ਵੱਡੀ ਰਕਮ ਸਮੇਤ ਪਟਿਆਲਾ ਬੁਲਾਇਆ ਹੋਇਆ ਸੀ। ਇਸ ਲੁੱਟਣ ਦੀ ਇਸ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਨੀਅਤ ਨਾਲ ਇਨ੍ਹਾਂ ਨੇ ਪਿੰਡ ਬੀਬੀਪੁਰ ਨੇੜੇ ਰੱਖੜਾ ਨੇੜਿਓਂ ਵੀ ਇੱਕ ਸਪਲੈਂਡਰ ਮੋਟਰਸਾਇਕਲ ਦੀ ਪਿਸਟਲ ਦੀ ਨੋਕ ‘ਤੇ ਖੋਹ ਕੀਤੀ ਸੀ ਜਿਸ ਬਾਬਤ ਮੁਕਦਮਾ ਥਾਣਾ ਬਖ਼ਸ਼ੀਵਾਲ ਵਿਖੇ ਧਾਰਾ 382, 394 ਤਹਿਤ ਮਿਤੀ 28/8/18 ਨੂੰ ਦਰਜ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਾ ਪੁਲਿਸ ਰਿਮਾਂਡ ਲੈਕੇ ਹੋਰ ਵਧੇਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮੌਕੇ ਡੀ.ਐਸ.ਪੀ. ਟ੍ਰੈਫਿਕ ਸ੍ਰੀ ਸੌਰਵ ਜਿੰਦਲ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।