Punjab Elections:Strict orders by Patiala DC

February 17, 2022 - PatialaPolitics

Punjab Elections:Strict orders by Patiala DC

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ

‘ਵਿਧਾਨ ਸਭਾ ਚੋਣਾਂ 2022’

ਵਿਧਾਨ ਸਭਾ ਚੋਣਾਂ ਪੂਰੀ ਪਾਰਦਰਸ਼ਤਾ, ਨਿਰਪੱਖ, ਸੁਤੰਤਰ ਤੇ ਨਿਰਵਿਘਨ ਢੰਗ ਨਾਲ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਤਿਆਰ-ਸੰਦੀਪ ਹੰਸ

-18 ਫਰਵਰੀ ਦੀ ਸ਼ਾਮ ਨੂੰ ਚੋਣ ਪ੍ਰਚਾਰ ਬੰਦ ਹੋਣ ਮਗਰੋਂ ਬਾਹਰੀ ਲੋਕਾਂ ਨੂੰ ਤੁਰੰਤ ਜ਼ਿਲ੍ਹਾ ਛੱਡਣ ਦੀ ਹਦਾਇਤ

-ਉਮੀਦਵਾਰ ਤੇ ਸਿਆਸੀ ਪਾਰਟੀਆਂ ਚੋਣ ਜ਼ਾਬਤੇ ਦੀ ਸਖ਼ਤੀ ਨਾਲ ਪਾਲਣਾ ਕਰਨ-ਜ਼ਿਲ੍ਹਾ ਚੋਣ ਅਫ਼ਸਰ

-ਪਟਿਆਲਾ ਜ਼ਿਲ੍ਹੇ ਨੂੰ ਸਭ ਤੋਂ ਵੱਧ ਵੋਟਾਂ ਪਾਉਣ ਵਾਲੇ ਮੋਹਰੀ ਜ਼ਿਲ੍ਹਿਆਂ ‘ਚ ਸ਼ੁਮਾਰ ਕਰਨ ਲਈ ਲੋਕ ਵਧ-ਚੜ੍ਹਕੇ ਵੋਟਾਂ ਪਾਉਣ-ਹੰਸ

-ਚੋਣਾਂ ਲਈ ਸਖ਼ਤ ਸੁਰੱਖਿਆ ਪ੍ਰਬੰਧ, ਪੁਲਿਸ ਤੇ ਅਰਧ ਸੁਰੱਖਿਆ ਬਲਾਂ ਦੀਆਂ 38 ਕੰਪਨੀਆਂ ਦੇ 7000 ਅਧਿਕਾਰੀ ਤੇ ਕਰਮਚਾਰੀ ਤਾਇਨਾਤ-ਐਸ.ਐਸ.ਪੀ.

-ਚੋਣਾਂ ਬਿਨ੍ਹਾਂ ਕਿਸੇ ਡਰ-ਭੈਅ ਤੋਂ ਅਮਨ-ਅਮਾਨ ਤੇ ਸੁਤੰਤਰ ਢੰਗ ਨਾਲ ਕਰਵਾਉਣ ਲਈ ਪੁਲਿਸ ਵਚਨਬੱਧ- ਡਾ. ਸੰਦੀਪ ਗਰਗ

ਪਟਿਆਲਾ, 17 ਫਰਵਰੀ:

ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਦੀਪ ਹੰਸ ਅਤੇ ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਗਰਗ ਨੇ ਅੱਜ ਇਥੇ ਕਿਹਾ ਕਿ ਵਿਧਾਨ ਸਭਾ ਚੋਣਾਂ ਪੂਰੀ ਪਾਰਦਰਸ਼ਤਾ, ਨਿਰਪੱਖ, ਸੁਤੰਤਰ, ਬਿਨ੍ਹਾਂ ਕਿਸੇ ਡਰ-ਭੈਅ, ਸ਼ਾਂਤਮਈ, ਆਜ਼ਾਦਾਨਾ ਤੇ ਨਿਰਵਿਘਨ ਢੰਗ ਨਾਲ ਕਰਵਾਉਣ ਲਈ ਜ਼ਿਲ੍ਹਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ।

20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਲਈ ਪਟਿਆਲਾ ਜ਼ਿਲ੍ਹੇ ਅੰਦਰ ਵੋਟਾਂ ਪੁਆਉਣ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਦੇਣ ਲਈ ਕੀਤੀ ਸਾਂਝੀ ਪ੍ਰੈਸ ਕਾਨਫਰੰਸ ਮੌਕੇ ਦੋਵਾਂ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਚੋਣਾਂ ਲਈ 18 ਫਰਵਰੀ ਦੀ ਸ਼ਾਮ 6 ਵਜੇ ਚੋਣ ਪ੍ਰਚਾਰ ਬੰਦ ਹੋ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਸ. ਗੁਰਪ੍ਰੀਤ ਸਿੰਘ ਥਿੰਦ ਤੇ ਜ਼ਿਲ੍ਹਾ ਮਾਲ ਅਫ਼ਸਰ ਮੁਕੇਸ਼ ਕੁਮਾਰ ਵੀ ਮੌਜੂਦ ਸਨ।

ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਜ਼ਿਲ੍ਹੇ ਅੰਦਰ ਬਾਹਰੀ ਰਾਜਾਂ ਜਾਂ ਜ਼ਿਲ੍ਹਿਆਂ ਤੋਂ ਉਮੀਦਵਾਰਾਂ ਦੀ ਮਦਦ ਲਈ ਆਏ ਵਿਅਕਤੀ ਤੁਰੰਤ ਜ਼ਿਲ੍ਹਾ ਛੱਡ ਜਾਣ, ਕਿਉਂਕਿ ਅਜਿਹਾ ਨਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਚੋਣ ਲੜ ਰਹੇ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਸਖ਼ਤੀ ਨਾਲ ਕਰਨੀ ਯਕੀਨੀ ਬਣਾਉਣ।

ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਜ਼ਿਲ੍ਹੇ ਦੇ 1784 ਪੋਲਿੰਗ ਸਟੇਸ਼ਨਾਂ ‘ਤੇ 10 ਹਜ਼ਾਰ ਚੋਣ ਅਮਲਾ ਤਾਇਨਾਤ ਕੀਤਾ ਗਿਆ ਹੈ। ਹਰੇਕ ਹਲਕੇ ਲਈ ਚੋਣ ਕਮਿਸ਼ਨ ਵੱਲੋਂ ਤਾਇਨਾਤ ਆਬਜ਼ਰਵਰ, ਹਰ ਬੂਥ ‘ਤੇ ਮਾਈਕਰੋ ਆਬਜ਼ਰਵਰ, ਵੈਬਕਾਸਟਿੰਗ ਲਈ ਸੀ.ਸੀ.ਟੀ.ਵੀ. ਕੈਮਰਿਆਂ ਸਮੇਤ ਵੱਖ-ਵੱਖ ਟੀਮਾਂ ਵੀ ਪੂਰੀਆਂ ਸਰਗਰਮ ਹਨ।

 

ਸ੍ਰੀ ਹੰਸ ਨੇ ਕਿਹਾ ਕਿ ਵੋਟਾਂ ਲਈ ਬਹੁਤ ਘੱਟ ਸਮਾਂ ਰਹਿ ਜਾਣ ਕਾਰਨ ਪੂਰੀ ਪ੍ਰਸ਼ਾਸਨਿਕ ਮਸ਼ੀਨਰੀ ਪੂਰੀ ਚੌਕਸੀ ਵਰਤ ਕੇ ਹਰ ਚੋਣ ਗਤੀਵਿਧੀ ‘ਤੇ ਬਾਜ ਅੱਖ ਰੱਖ ਰਹੀ ਹੈ। ਜਦੋਂਕਿ ਐਸ.ਐਸ.ਪੀ. ਨੇ ਦੱਸਿਆ ਕਿ ਸਖ਼ਤ ਸੁਰੱਖਿਆ ਪ੍ਰਬੰਧਾਂ ਲਈ ਤਾਇਨਾਤ ਕੀਤੇ ਜ਼ਿਲ੍ਹਾ ਪੁਲਿਸ ਤੇ ਅਰਧ ਸੁਰੱਖਿਆ ਬਲਾਂ ਦੀਆਂ 38 ਕੰਪਨੀਆਂ ਦੇ 7000 ਅਧਿਕਾਰੀ ਤੇ ਕਰਮਚਾਰੀ ਪੂਰੀ ਤਰ੍ਹਾਂ ਮੁਸ਼ਤੈਦ ਹਨ। ਚੋਣਾਂ ‘ਚ 48 ਘੰਟੇ ਰਹਿਣ ਦੌਰਾਨ ਹਰਿਆਣਾ ਨਾਲ ਲੱਗਦੇ ਸਾਰੇ ਰਸਤੇ ਸੀਲ ਕੀਤੇ ਜਾਣਗੇ। ਐਸ.ਐਸ.ਪੀ. ਨੇ ਮਾੜੇ ਅਤੇ ਸ਼ਰਾਰਤੀ ਅਨਸਰਾਂ ਨੂੰ ਸਖ਼ਤ ਤਾੜਨਾ ਕੀਤੀ ਕਿ ਜੇਕਰ ਉਨ੍ਹਾਂ ਨੇ ਕਾਨੂੰਨ ਭੰਗ ਕਰਨ ਦੀ ਕੋਸਿਸ ਕੀਤੀ ਤਾਂ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇੱਕ ਸਵਾਲ ਦੇ ਜਵਾਬ ‘ਚ ਸ੍ਰੀ ਸੰਦੀਪ ਹੰਸ ਨੇ ਦੱਸਿਆ ਹਰ ਹਲਕੇ ‘ਚ ਮਹਿਲਾਵਾਂ ਵਲੋਂ ਚਲਾਏ ਜਾਣ ਵਾਲੇ 8 ਪਿੰਕ ਪੋਲਿੰਗ ਸਟੇੇਸ਼ਨਾਂ ਤੋਂ ਇਲਾਵਾ ਦਿਵਿਆਂਗਜਨਾਂ ਵੱਲੋਂ ਸੰਚਾਲਤ 6 ਪੋਲਿਗ ਬੂਥਾਂ ਸਮੇਤ 56 ਮਾਡਲ ਪੋਲਿੰਗ ਸਟੇਸ਼ਨ ਵੀ ਵੋਟਰਾਂ ਲਈ ਖਿਚ ਦਾ ਕੇਂਦਰ ਹੋਣਗੇ। ਉਨ੍ਹਾਂ ਕਿਹਾ ਕਿ ਭਾਵੇਂ ਕਿ ਕੋਵਿਡ ਦੇ ਮਾਮਲੇ ਹੁਣ ਘੱਟ ਗਏ ਹਨ ਪਰੰਤੂ ਫਿਰ ਵੀ ਕੋਰੋਨਾ ਮਹਾਂਮਾਰੀ ਨੂੰ ਇੱਕ ਚੁਣੌਤੀ ਵਜੋਂ ਲੈਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਵਿਡ ਤੋਂ ਬਚਾਅ ਲਈ ਹਰ ਤਰ੍ਹਾਂ ਦੇ ਪੁਖ਼ਤਾ ਇੰਤਜਾਮ ਕੀਤੇ ਗਏ ਹਨ।

ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਨੇ ਜ਼ਿਲ੍ਹਾ ਨਿਵਾਸੀਆਂ ਨੂੰ ਸੱਦਾ ਦਿੱਤਾ ਕਿ ਵੋਟਾਂ ਵਾਲੇ ਦਿਨ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਬਿਨ੍ਹਾਂ ਕਿਸੇ ਡਰ ਭੈਅ ਤੋਂ ਨਿਰਪੱਖ ਹੋਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਜਾਵੇ ਤਾਂ ਕਿ ਪਟਿਆਲਾ ਜ਼ਿਲ੍ਹੇ ਨੂੰ ਵੱਧ ਵੋਟਾਂ ਪਾਉਣ ਵਾਲੇ ਜ਼ਿਲ੍ਹਿਆਂ ‘ਚ ਸ਼ੁਮਾਰ ਕੀਤਾ ਜਾ ਸਕੇ।

ਐਸ.ਐਸ.ਪੀ. ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਵੋਟ ਪਾਉਣ ਲਈ ਕੋਈ ਲਾਲਚ ਦੇ ਕਰ ਜਾਂ ਡਰਾ-ਧਮਕਾ ਕਰ ਵੋਟ ਪਾਉਣ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਉਹ ਇਸ ਦੀ ਸੂਚਨਾ ਜਾਂ ਸ਼ਿਕਾਇਤ ਤੁਰੰਤ ਆਪਣੇ ਨਜਦੀਕੀ ਥਾਣਾ/ਚੌਂਕੀ ਵਿਖੇ ਦੇਵੇ। ਇਸ ਤੋਂ ਇਲਾਵਾ ਜ਼ਿਲ੍ਹਾ ਪਟਿਆਲਾ ਦੇ ਕੰਟਰੋਲ ਰੂਮ ਨੰਬਰ 95928-12500 ਅਤੇ 98764-321000 ਅਤੇ ਹੈਲਪਲਾਈਨ ਨੰਬਰ 181 ਜਾਂ 112 ‘ਤੇ ਵੀ ਸ਼ਿਕਾਇਤ ਜਾਂ ਜਾਣਕਾਰੀ ਦਿੱਤੀ ਜਾ ਸਕਦੀ ਹੈ ਜਾਂ ਐਸ.ਐਸ.ਪੀ. ਦੇ ਨਿੱਜੀ ਵੱਟਸ ਐਪ ਨੰਬਰ 80541-00112 ‘ਤੇ ਵੱਟਸ ਐਪ ਮੈਸੇਜ ਰਾਂਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।

ਸ੍ਰੀ ਸੰਦੀਪ ਹੰਸ ਨੇ ਦੱਸਿਆ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਹਰ ਯੋਗ ਵੋਟਰ ਦੀ ਵੋਟ ਬਣਾਉਣ ਸਮੇਤ ਹਰ ਵੋਟਰ ਦੀ ਵੋਟ ਬਿਨ੍ਹਾਂ ਪੁਆਏ ਨਾ ਰਹਿ ਜਾਵੇ, ਇਸ ਲਈ ਸਵੀਪ ਗਤੀਵਿਧੀਆਂ ਬਹੁਤ ਜੋਰ-ਸ਼ੋਰ ਨਾਲ ਚਲਾਈਆਂ ਜਾ ਰਹੀਆਂ ਹਨ। ਇਸ ਵਾਰ ਕੋਵਿਡ ਪਾਜਿਟਿਵ ਮਰੀਜਾਂ ਸਮੇਤ 80 ਸਾਲ ਤੋਂ ਵੱਧ ਉਮਰ ਦੇ ਨਾਗਰਿਕ, ਦਿਵਿਆਂਗ ਜਨਾਂ ਸਮੇਤ ਟਰਾਂਸਜੈਂਡਰਾਂ ਦੀਆਂ ਵੋਟਾਂ ਵੀ ਲਾਜਮੀ ਪੁਆਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।