Details about Patiala Voting by DC

February 21, 2022 - PatialaPolitics

Details about Patiala Voting by DC

ਪਟਿਆਲਾ ਦੇ 8 ਵਿਧਾਨ ਸਭਾ ਹਲਕਿਆਂ ‘ਚ ਹੋਈਆਂ ਵੋਟਾਂ ਤੋਂ ਬਾਅਦ ਈ.ਵੀ.ਐਮ. ਤੇ ਵੀ.ਵੀ.ਪੈਟ ਮਸ਼ੀਨਾਂ ਸਟਰਾਂਗ ਰੂਮਾਂ ‘ਚ ਸੀਲ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ -ਕਮ- ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 109-ਨਾਭਾ ਦੀਆਂ ਵੋਟਿੰਗ ਮਸ਼ੀਨਾਂ ਆਈ.ਟੀ.ਆਈ. ਲੜਕੇ ਪਟਿਆਲਾ, 110-ਪਟਿਆਲਾ ਦਿਹਾਤੀ ਦੀਆਂ ਈ.ਵੀ.ਐਮਜ਼ ਤੇ ਵੀ.ਵੀ.ਪੈਟ ਮਸ਼ੀਨਾਂ ਸੀ.ਓ.ਐਸ. ਬਿਲਡਿੰਗ ਥਾਪਰ ਯੂਨੀਵਰਸਿਟੀ ਪਟਿਆਲਾ ਵਿਖੇ ਸੀਲ ਕਰ ਦਿੱਤੀਆਂ ਗਈਆਂ ਹਨ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 111-ਰਾਜਪੁਰਾ ਤੇ 113-ਘਨੌਰ ਦੀਆਂ ਮਸ਼ੀਨਾਂ ਜਿਮਨੇਜੀਅਮ ਹਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਟਰਾਂਗ ਰੂਮ ‘ਚ ਰੱਖੀਆਂ ਗਈਆਂ ਹਨ। ਇਸੇ ਤਰ੍ਹਾਂ 114-ਸਨੌਰ ਦੀਆਂ ਮਸ਼ੀਨਾਂ ਸਰਕਾਰੀ ਬਹੁਤਕਨੀਕੀ ਕਾਲਜ (ਲੜਕੀਆਂ) ਐਸ.ਐਸ.ਟੀ. ਨਗਰ ਪਟਿਆਲਾ ਤੇ 115-ਪਟਿਆਲਾ ਦੀਆਂ ਈ.ਵੀ.ਐਮ. ਤੇ ਵੀ.ਵੀ.ਪੈਟ ਸਰਕਾਰੀ ਮਹਿੰਦਰਾ ਕਾਲਜ (ਮੇਨ ਬਿਲਡਿੰਗ) ਵਿਖੇ ਰੱਖੀਆਂ ਗਈਆਂ ਹਨ। 116-ਸਮਾਣਾ ਤੇ 117-ਸ਼ੁਤਰਾਣਾ ਦੀਆਂ ਮਸ਼ੀਨਾਂ ਜਿਮਨੇਜੀਅਮ ਹਾਲ ਪੋਲੋ ਗਰਾਊਂਡ ਪਟਿਆਲਾ ਵਿਖੇ ਸੀਲ ਕੀਤੀਆਂ ਗਈਆਂ ਹਨ। ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਹਰ ਗਿਣਤੀ ਕੇਂਦਰ ਵਿਖੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

ਅੱਜ ਆਈ.ਜੀ. ਪਟਿਆਲਾ ਰੇਂਜ ਸ੍ਰੀ ਰਾਕੇਸ਼ ਅਗਰਵਾਲ, ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਦੀਪ ਹੰਸ ਤੇ ਐਸ.ਐਸ.ਪੀ. ਡਾ. ਸੰਦੀਪ ਗਰਗ ਨੇ ਵੱਖ ਵੱਖ ਸਥਾਨਾਂ ‘ਤੇ ਬਣਾਏ ਸਟਰਾਂਗ ਰੂਮਾਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ 10 ਮਾਰਚ ਨੂੰ ਉਕਤ 6 ਸਥਾਨਾਂ ‘ਤੇ ਹੀ ਕੀਤੀ ਜਾਵੇਗੀ।