Patiala MC removes Encroachments from market

March 4, 2022 - PatialaPolitics

Patiala MC removes Encroachments from market

ਬਾਜ਼ਾਰਾਂ ‘ਚ ਕਬਜ਼ੇ ਹਟਾਉਣ ਲਈ ਨਿਗਮ ਦੀ ਵਿਸ਼ੇਸ਼ ਮੁਹਿੰਮ ਸ਼ੁਰੂ

-ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਪਹਿਲ : ਕਮਿਸ਼ਨਰ

ਪਟਿਆਲਾ, 3 ਮਾਰਚ

ਬਾਜ਼ਾਰਾਂ ਵਿੱਚ ਲਗਾਤਾਰ ਵੱਧ ਰਹੇ ਕਬਜ਼ਿਆਂ ਨੇ ਸ਼ਹਿਰ ਦੀ ਆਵਾਜਾਈ ਵਿਵਸਥਾ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਜਾਮ ਤੋਂ ਬਚਾਉਣ ਲਈ ਨਿਗਮ ਕਮਿਸ਼ਨਰ ਸ੍ਰੀ ਕੇਸ਼ਵ ਹਿੰਗੋਨੀਆ (ਆਈ.ਏ.ਐਸ.) ਦੇ ਹੁਕਮਾਂ ‘ਤੇ ਲੈਂਡ ਬ੍ਰਾਂਚ ਦੇ ਸੁਪਰਡੈਂਟ ਸੁਰਜੀਤ ਸਿੰਘ ਚੀਮਾ ਨੇ ਆਪਣੀ ਟੀਮ ਸਮੇਤ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ‘ਚ ਅਚਨਚੇਤ ਦੌਰਾ ਕੀਤਾ। ਵੀਰਵਾਰ ਨੂੰ ਨਿਗਮ ਦੀ ਟੀਮ ਨੇ ਨਾਭਾ ਗੇਟ, ਅਨਾਰਦਾਨਾ ਚੌਂਕ, ਨਰਾਇਣ ਹੋਟਲ ਛੋਟੀ ਬਾਰਾਂਦਰੀ, ਸ਼ੇਰਾਂ ਵਾਲਾ ਗੇਟ, ਪਾਵਰਕਾਮ ਹੈੱਡਕੁਆਰਟਰ ਦੇ ਸਾਹਮਣੇ ਅਤੇ ਐਨ.ਆਈ.ਐਸ. ਚੌਂਕ ਤੋਂ ਵੱਡੀ ਗਿਣਤੀ ਵਿੱਚ ਕਬਜੇ ਹਟਾਉਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ।

ਗੌਰਤਲਬ ਹੈ ਕਿ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਨਗਰ ਨਿਗਮ ਦੀ ਲੈਂਡ ਸ਼ਾਖਾ ਵੱਲੋਂ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਵਿੱਚ ਕਬਜ਼ਿਆਂ ਨੂੰ ਲੈ ਕੇ ਕੋਈ ਸਖ਼ਤੀ ਨਹੀਂ ਦਿਖਾਈ ਗਈ। ਕਰੋਨਾ ਮਹਾਮਾਰੀ ਤੋਂ ਉਭਰਨ ਤੋਂ ਬਾਅਦ ਜਿਵੇਂ ਹੀ ਹਾਲਾਤ ਪਹਿਲਾਂ ਵਾਂਗ ਹੁੰਦੇ ਗਏ, ਬਾਜ਼ਾਰਾਂ ਵਿੱਚ ਕਬਜ਼ੇ ਤੇਜ਼ੀ ਨਾਲ ਵਧਣ ਲੱਗੇ। ਕਰੋਨਾ ਮਹਾਂਮਾਰੀ ਦੌਰਾਨ ਦੁਕਾਨਦਾਰਾਂ ਜਾਂ ਕਾਰੋਬਾਰੀਆਂ ਨੂੰ ਹੋਏ ਮਾਲੀ ਨੁਕਸਾਨ ਦੇ ਮੱਦੇਨਜ਼ਰ ਨਗਰ ਨਿਗਮ ਵੱਲੋਂ ਦੁਕਾਨਦਾਰਾਂ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਸੀ, ਪਰ ਸ਼ਹਿਰ ਦੇ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਵਲੋਂ ਕੀਤੇ ਗਏ ਕਬਜਿਆਂ ਕਾਰਨ ਟਰੈਫਿਕ ਪ੍ਰਬੰਧ ਬੁਰੀ ਤਰ੍ਹਾਂ ਵਿਗੜ ਰਹੇ ਸਨ। ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਜਾਮ ਤੋਂ ਬਚਾਉਣ ਲਈ ਨਿਗਮ ਕਮਿਸ਼ਨਰ ਸ੍ਰੀ ਕੇਸ਼ਵ ਹਿੰਗੋਨੀਆ (ਆਈ.ਏ.ਐਸ.) ਨੇ ਵੱਧ ਰਹੇ ਕਬਜ਼ਿਆਂ ਨੂੰ ਤੁਰੰਤ ਰੋਕਣ ਦੇ ਹੁਕਮ ਜਾਰੀ ਕੀਤੇ । ਇਨ੍ਹਾਂ ਹੁਕਮਾਂ ‘ਤੇ ਕਾਰਵਾਈ ਕਰਦੇ ਹੋਏ ਵੀਰਵਾਰ ਨੂੰ ਲੈਂਡ ਬ੍ਰਾਂਚ ਇੰਚਾਰਜ ਸੁਪਰਡੈਂਟ ਸੁਰਜੀਤ ਸਿੰਘ ਚੀਮਾ, ਇੰਸਪੈਕਟਰ ਸੁਨੀਲ ਗੁਲਾਟੀ, ਪ੍ਰਿੰਸ ਕੁਮਾਰ ਨੇ ਆਪਣੀ ਪੂਰੀ ਟੀਮ ਸਮੇਤ ਉਕਤ ਇਲਾਕਿਆਂ ਵਿੱਚ ਪਹੁੰਚ ਕੇ ਕਬਜ਼ੇ ਹਟਾਉਂਣ ਦੇ ਨਾਲ-ਨਾਲ ਦੁਕਾਨਾਂ ਬਾਹਰ ਰੱਖੇ ਸਮਾਨ ਨੂੰ ਜ਼ਬਤ ਕਰਨ ਦੀ ਕਾਰਵਾਈ ਕੀਤੀ। ਦੂਜੇ ਪਾਸੇ ਨੇਤਾਜੀ ਸੁਭਾਸ਼ ਚੰਦਰ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ (ਐਨ.ਆਈ.ਐਸ.) ਚੌਂਕ ‘ਚ ਵੀ ਕਬਜਾਧਾਰੀਆਂ ਨੇ ਸ਼ਹਿਰ ਵਾਸੀਆਂ ਦੇ ਨੱਕ ਵਿੱਚ ਦਮ ਕਰ ਰਖਿਆਂ ਸੀ। ਚੌਕ ਦੇ ਪਾਕਿੰਗ ਵਾਲੇ ਹਿੱਸੇ ਨੂੰ ਹੀ ਰੇਹੜਿਆਂ ਵਾਲਿਆਂ ਨੇ ਆਪਣੇ ਕਬਜੇ ਵਿੱਚ ਲੈ ਲਿਆ ਸੀ। ਨਿਗਮ ਦੀ ਟੀਮ ਨੇ ਐਨ.ਆਈ.ਐਸ.ਚੌਕ ਦੇ ਆਲੇ ਦੁਆਲੇ ਕੀਤੇ ਕਬਜ਼ਿਆਂ ਨੂੰ ਪੂਰੀ ਤਰ੍ਹਾਂ ਹਟਾ ਕੇ ਟਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ਵਿੱਚੋਂ ਕਬਜ਼ਿਆਂ ਨੂੰ ਹਟਾਉਣ ਦੀ ਕਾਰਵਾਈ ਲਈ ਸ਼ਹਿਰ ਵਾਸੀ ਨਗਰ ਨਿਗਮ ਦੀ ਭਰਪੂਰ ਸ਼ਲਾਘਾ ਕਰ ਰਹੇ ਹਨ। ਐਨ.ਆਈ.ਐਸ ਚੌਕ ਨੇੜੇ ਰਹਿਣ ਵਾਲੇ ਪਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਐਨ.ਆਈ.ਐਸ ਵਿੱਚ ਦੇਸ਼ ਤੋਂ ਹੀ ਨਹੀਂ, ਵਿਦੇਸ਼ਾਂ ਤੋਂ ਵੀ ਖਿਡਾਰੀ ਅਤੇ ਅਧਿਕਾਰੀ ਆਉਂਦੇ ਰਹਿੰਦੇ ਹਨ। ਐਨ.ਆਈ.ਐਸ ਚੌਕ ਨੇੜੇ ਵਧ ਰਹੇ ਕਬਜ਼ਿਆਂ ਨੇ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਦੀ ਖ਼ੂਬਸੂਰਤੀ ਨੂੰ ਖੋਹ ਲਿਆ ਸੀ, ਜਿਸ ਦੀ ਮੁਰੰਮਤ ਨਿਗਮ ਦੀ ਟੀਮ ਨੇ ਇੱਕ ਹੀ ਦਿਨ ਵਿੱਚ ਕਰ ਦਿੱਤੀ ਹੈ, ਜੋ ਬੇਹੱਦ ਸ਼ਲਾਂਘਾਯੋਗ ਹੈ।

Patiala MC removes Encroachments from market
 Video ?