Patiala Politics

Latest Patiala News

Important Instructions by Patiala DC for 10 March Counting Day

March 8, 2022 - PatialaPolitics

Important Instructions by Patiala DC for 10 March Counting Day

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ

‘ਵਿਧਾਨ ਸਭਾ ਚੋਣਾਂ 2022’

ਵੋਟਾਂ ਦੀ ਗਿਣਤੀ ਪੂਰੀ ਪਾਰਦਰਸ਼ਤਾ ਤੇ ਨਿਰਵਿਘਨ ਢੰਗ ਨਾਲ ਕਰਵਾਉਣ ਲਈ ਸਾਰੇ ਇੰਤਜ਼ਾਮ ਮੁਕੰਮਲ-ਸੰਦੀਪ ਹੰਸ

-ਈ.ਵੀ.ਐਮਜ਼ ਤੇ ਪੋਸਟਲ ਬੈਲੇਟ ਪੇਪਰਾਂ ਰਾਹੀਂ ਪਈਆਂ ਵੋਟਾਂ ਦੀ ਗਿਣਤੀ ਲਈ ਵੱਖਰੇ ਮੇਜ਼ ਲਾਏ

-ਉਮੀਦਵਾਰ ਤੇ ਸਿਆਸੀ ਪਾਰਟੀਆਂ ਚੋਣ ਜ਼ਾਬਤੇ ਦੀ ਸਖ਼ਤੀ ਨਾਲ ਪਾਲਣਾ ਕਰਨ-ਜ਼ਿਲ੍ਹਾ ਚੋਣ ਅਫ਼ਸਰ

-ਵੋਟਾਂ ਦੀ ਗਿਣਤੀ ਕੇਂਦਰਾਂ ਦੁਆਲੇ ਸੁਰੱਖਿਆ ਘੇਰਾ ਤਿੰਨ ਪਰਤੀ-ਡਾ. ਸੰਦੀਪ ਗਰਗ

-100 ਮੀਟਰ ਘੇਰੇ ‘ਚ ਕੋਈ ਵੀ ਵਾਹਨ ਲਿਜਾਣ ਤੇ ਅਣਚਾਹਿਆ ਇਕੱਠ ਕਰਨ ‘ਤੇ ਪਾਬੰਦੀ-ਐਸ.ਐਸ.ਪੀ.

-ਗਿਣਤੀ ਅਮਲੇ ਤੇ ਉਮੀਦਵਾਰਾਂ ਸਮੇਤ ਏਜੰਟਾਂ ਦਾ ਗਿਣਤੀ ਕੇਂਦਰਾਂ ‘ਚ ਦਾਖਲਾ ਵੱਖੋ-ਵੱਖਰਾ

ਪਟਿਆਲਾ, 8 ਮਾਰਚ:

ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਦੀਪ ਹੰਸ ਅਤੇ ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਗਰਗ ਨੇ ਕਿਹਾ ਹੈ ਕਿ ਵਿਧਾਨ ਸਭਾ ਚੋਣਾਂ ਲਈ 20 ਫਰਵਰੀ ਨੂੰ ਪਈਆਂ ਵੋਟਾਂ ਦੀ 10 ਮਾਰਚ ਨੂੰ ਗਿਣਤੀ ਪੂਰੀ ਪਾਰਦਰਸ਼ਤਾ ਤੇ ਨਿਰਵਿਘਨ ਢੰਗ ਨਾਲ ਕਰਵਾਉਣ ਲਈ ਸਾਰੇ ਇੰਤਜ਼ਾਮ ਮੁਕੰਮਲ ਹਨ। ਉਨ੍ਹਾਂ ਕਿਹਾ ਕਿ ਸਬੰਧਤ ਹਲਕਿਆਂ ਦੇ ਰਿਟਰਨਿੰਗ ਅਧਿਕਾਰੀਆਂ ਵੱਲੋਂ ਵੋਟਾਂ ਦੀ ਗਿਣਤੀ ਭਾਰਤ ਚੋਣ ਕਮਿਸ਼ਨ ਵੱਲੋਂ ਤਾਇਨਾਤ ਆਬਜ਼ਰਵਰਾਂ, ਮਾਈਕਰੋ ਆਬਜ਼ਰਵਰਾਂ, ਉਮੀਦਵਾਰਾਂ ਅਤੇ ਉਨ੍ਹਾਂ ਦੇ ਏਜੰਟਾਂ ਦੀ ਨਜ਼ਰ ਹੇਠ ਪੂਰੇ ਸੁਤੰਤਰ ਢੰਗ ਨਾਲ ਸਵੇਰੇ 8 ਵਜੇ ਸ਼ੁਰੂ ਕਰਵਾਈ ਜਾਵੇਗੀ।

ਅੱਜ ਇਥੇ ਕੀਤੀ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਸੰਦੀਪ ਹੰਸ ਅਤੇ ਡਾ. ਸੰਦੀਪ ਗਰਗ ਨੇ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਸਮੇਤ ਉਨ੍ਹਾਂ ਦੇ ਹਮਾਇਤੀਆਂ ਨੂੰ ਅਪੀਲ ਕੀਤੀ ਕਿ ਉਹ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਕਰਨ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ, ਲੋਕਤੰਤਰੀ ਪ੍ਰਕ੍ਰਿਆ ਦਾ ਆਖਰੀ ਅਤੇ ਅਹਿਮ ਪੜਾਅ ਹੈ, ਇਸ ਲਈ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕ ਤਨਾਅ ਪੂਰਣ ਅਤੇ ਘਬਰਾਹਟ ਵਾਲੀ ਸਥਿਤੀ ਨਾ ਪੈਦਾ ਹੋਣ ਦੇਣ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਸ. ਗੁਰਪ੍ਰੀਤ ਸਿੰਘ ਥਿੰਦ ਤੇ ਸਹਾਇਕ ਕਮਿਸ਼ਨਰ (ਜ) ਕਿਰਨ ਸ਼ਰਮਾ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਸ੍ਰੀ ਹੰਸ ਨੇ ਕਿਹਾ ਕਿ ਇਸ ਵਾਰ ਚੋਣ ਕਮਿਸ਼ਨ ਵੱਲੋਂ ਹਰ ਇੱਕ ਵੋਟਰ ਦੀ ਵੋਟ ਪੁਆਉਣ ਲਈ ਕੀਤੇ ਵਿਸ਼ੇਸ਼ ਪੁਖ਼ਤਾ ਪ੍ਰਬੰਧਾਂ ਦੇ ਚਲਦਿਆਂ 80 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਤੇ ਦਿਵਿਆਂਗਜਨਾਂ ਸਮੇਤ ਦੂਰ-ਦੁਰਾਡੇ ਡਿਊਟੀ ਕਰਦੇ ਮੁਲਾਜਮਾਂ ਦੀਆਂ ਵੋਟਾਂ ਲਾਜਮੀ ਪੁਆਉਣ ਲਈ ਉਨ੍ਹਾਂ ਨੂੰ ਪੋਸਟਲ ਬੈਲੇਟ ਪੇਪਰਜ਼ ਅਤੇ ਈ.ਟੀ.ਬੀ.ਪੀਜ਼ ਮੁਹੱਈਆ ਕਰਵਾਏ ਗਏ ਸਨ।

ਉਨ੍ਹਾਂ ਦੱਸਿਆ ਕਿ ਪੋਸਟਲ ਬੈਲੇਟ ਪੇਪਰ 10 ਮਾਰਚ ਦੀ ਸਵੇਰੇ 8 ਵਜੇ ਤੱਕ ਹੀ ਪ੍ਰਾਪਤ ਕੀਤੇ ਜਾ ਸਕਣਗੇ ਅਤੇ ਅੱਜ ਤੱਕ 5794 ਪੋਸਟਲ ਬੈਲੇਟ ਪੇਪਰ ਪ੍ਰਾਪਤ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਗਿਣਤੀ ਕੇਂਦਰਾਂ ਵਿਖੇ 1-1 ਗਿਣਤੀ ਸੁਪਰਵਾਈਜ਼ਰ, 2-2 ਕਾਊਂਟਿੰਗ ਸਹਾਇਕ ਤਾਇਨਾਤ ਕੀਤੇ ਗਏ ਹਨ। ਕੋਵਿਡ ਦੇ ਮੱਦੇਨਜ਼ਰ ਈ.ਵੀ.ਐਮਜ਼ ਰਾਹੀਂ ਵੋਟਾਂ ਦੀ ਗਿਣਤੀ ਲਈ 7-7 ਮੇਜ਼ ਵੱਖੋ-ਵੱਖ ਦੋ ਹਾਲ ਬਣਾ ਕੇ ਲਗਾਏ ਗਏ ਹਨ ਅਤੇ ਪੋਸਟਲ ਬੈਲੇਟ ਪੇਪਰਾਂ ਅਤੇ ਈ.ਟੀ.ਬੀ.ਪੀਜ਼ ਦੀ ਗਿਣਤੀ ਲਈ ਅਲੱਗ-ਅਲੱਗ ਮੇਜ਼ ਲਗਾਏ ਗਏ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗਿਣਤੀ ਕੇਂਦਰਾਂ ਵਿਖੇ ਮੀਡੀਆ ਦਾ ਦਾਖਲਾ ਭਾਰਤ ਚੋਣ ਕਮਿਸ਼ਨ ਦੇ ਅਧਿਕਾਰਤ ਅਥਾਰਟੀ ਲੈਟਰ ਨਾਲ ਹੋਵੇਗਾ ਅਤੇ ਪੱਤਰਕਾਰ ਸਾਹਿਬਾਨ ਦੀ ਸਹੂਲਤ ਲਈ 8 ਹਲਕਿਆਂ ਦੇ ਪਟਿਆਲਾ ਵਿਖੇ ਵੱਖ-ਵੱਖ ਗਿਣਤੀ ਕੇਂਦਰਾਂ ਵਿੱਚ 6 ਮੀਡੀਆ ਸੈਂਟਰ ਬਣਾਉਣ ਸਮੇਤ ਇੱਕ ਕੇਂਦਰੀ ਮੀਡੀਆ ਸੈਂਟਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਦੇ ਦਫ਼ਤਰ ਵਿਖੇ ਵੀ ਸਥਾਪਤ ਕੀਤਾ ਗਿਆ ਹੈ।

ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਦੇ ਹਰ ਰਾਊਂਡ ਦੇ ਨਤੀਜੇ ਮੁਹੱਈਆ ਕਰਵਾਏ ਜਾਣਗੇ ਅਤੇ ਇਹ ਨਤੀਜੇ ਚੋਣ ਕਮਿਸ਼ਨ ਦੀ ਵੈਬਸਾਈਟ ਉਪਰ ਵੀ ਉਪਲਬੱਧ ਹੋਣਗੇ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਚੋਣ ਕਮਿਸ਼ਨ ਦੀਆਂ ਸਪੱਸ਼ਟ ਹਦਾਇਤਾਂ ਮੁਤਾਬਕ ਕਿਸੇ ਵੀ ਗਿਣਤੀ ਕੇਂਦਰ ਦੇ ਅੰਦਰ ਵੀਡੀਓ ਜਾਂ ਫੋਟੋ ਖਿਚਣ ਲਈ ਮੋਬਾਇਲ ਦੀ ਵਰਤੋਂ ਦੀ ਮਨਾਹੀ ਹੈ ਅਤੇ ਫੋਟੋ ਤੇ ਵੀਡੀਓ ਕੇਵਲ ਕੈਮਰੇ ਨਾਲ ਹੀ ਕੀਤੀ ਜਾ ਸਕਦੀ ਹੈ।

ਐਸ.ਐਸ.ਪੀ. ਡਾ. ਸੰਦੀਪ ਗਰਗ ਨੇ ਦੱਸਿਆ ਕਿ ਗਿਣਤੀ ਕੇਂਦਰਾਂ ਦੁਆਲੇ ਤਿੰਨ ਪਰਤੀ ਸਖ਼ਤ ਸੁਰੱਖਿਆ ਪ੍ਰਬੰਧ ਹਨ ਜਿਸ ਤਹਿਤ ਬਾਹਰ ਕੇਂਦਰੀ ਸੁਰੱਖਿਆ ਬਲ, ਪੰਜਾਬ ਆਰਮਡ ਪੁਲਿਸ ਤੇ ਜ਼ਿਲ੍ਹਾ ਪੁਲਿਸ ਤਾਇਨਾਤ ਹੈ। ਉਨ੍ਹਾਂ ਕਿਹਾ ਕਿ ਗਿਣਤੀ ਕੇਂਦਰਾਂ ‘ਚ ਗਿਣਤੀ ਅਮਲੇ ਦਾ ਦਾਖਲਾ ਵੱਖਰਾ ਜਦਕਿ ਉਮੀਦਵਾਰਾਂ ਅਤੇ ਉਨ੍ਹਾਂ ਦੇ ਏਜੰਟਾਂ ਸਮੇਤ ਮੀਡੀਆ ਦਾ ਦਾਖਲਾ ਵੱਖਰਾ ਹੋਵੇਗਾ।

ਐਸ.ਐਸ.ਪੀ. ਨੇ ਕਿਹਾ ਕਿ ਧਾਰਾ 144 ਲਾਗੂ ਹੋਣ ਕਾਰਨ ਗਿਣਤੀ ਕੇਂਦਰਾਂ ਦੇ 100 ਮੀਟਰ ਘੇਰੇ ‘ਚ ਕੋਈ ਵੀ ਵਾਹਨ ਨਹੀਂ ਜਾ ਸਕੇਗਾ ਅਤੇ ਨਾ ਹੀ ਗਿਣਤੀ ਕੇਂਦਰਾਂ ਦੁਆਲੇ ਅਣਚਾਹਿਆ ਇਕੱਠ ਨਹੀਂ ਕੀਤਾ ਜਾ ਸਕੇਗਾ। ਇਸ ਤੋਂ ਬਿਨ੍ਹਾਂ ਜੇਤੂ ਮਾਰਚ ਕੱਢਣ ਤੋਂ ਵੀ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕਿਸੇ ਵੀ ਗ਼ੈਰਸਮਾਜੀ ਅਨਸਰ ਨੂੰ ਕਾਨੂੰਨ ਆਪਣੇ ਹੱਥ ‘ਚ ਨਹੀਂ ਲੈਣ ਦਿੱਤਾ ਜਾਵੇਗਾ ਕਿਉਂਕਿ ਸਾਰੀ ਗਿਣਤੀ ਪ੍ਰਕ੍ਰਿਆ ਪੂਰੀ ਤਰ੍ਹਾਂ ਨਿਰਵਿਘਨ ਤੇ ਸ਼ਾਂਤਮਈ ਨੇਪਰੇ ਚਾੜ੍ਹਨ ਲਈ ਪੁਲਿਸ ਨੇ ਪੂਰੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ।

ਫੋਟੋ ਕੈਪਸ਼ਨ-ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਅਤੇ ਐਸ.ਐਸ.ਪੀ. ਡਾ. ਸੰਦੀਪ ਗਰਗ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। ਉਨ੍ਹਾਂ ਦੇ ਨਾਲ ਏ.ਡੀ.ਸੀ. ਗੁਰਪ੍ਰੀਤ ਸਿੰਘ ਥਿੰਦ ਤੇ ਏ.ਸੀ. (ਜ) ਕਿਰਨ ਸ਼ਰਮਾ ਵੀ ਨਜ਼ਰ ਆ ਰਹੇ ਹਨ।

Important Instructions by Patiala DC for 10 March Counting Day
Important Instructions by Patiala DC for 10 March Counting Day