Patiala gets first women DC Sakshi Sahwney

April 4, 2022 - PatialaPolitics

Patiala gets first women DC Sakshi Sahwney

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ

ਸਾਕਸ਼ੀ ਸਾਹਨੀ ਨੇ ਪਟਿਆਲਾ ਦੇ ਪਹਿਲੇ ਮਹਿਲਾ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

-ਕੈਂਪ ਆਧਾਰਿਤ ਮਾਡਲ ਅਪਣਾ ਕੇ ਲੋਕਾਂ ਦੀਆਂ ਬਰੂਹਾਂ ਤੱਕ ਪਹੁੰਚ ਕਰੇਗਾ ਜ਼ਿਲ੍ਹਾ ਪ੍ਰਸ਼ਾਸਨ-ਸਾਕਸ਼ੀ ਸਾਹਨੀ

-ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਪਹਿਲ ਦੇ ਆਧਾਰ ‘ਤੇ ਮਿਲਣਗੀਆਂ ਪ੍ਰਸ਼ਾਸਨਿਕ ਸੇਵਾਵਾਂ

-ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਇੱਕ ਟੀਮ ਵਜੋਂ ਕੰਮ ਕਰਨ ਅਧਿਕਾਰੀ ਤੇ ਕਰਮਚਾਰੀ-ਸਾਕਸ਼ੀ ਸਾਹਨੀ

ਪਟਿਆਲਾ, 4 ਅਪ੍ਰੈਲ:

2014 ਬੈਚ ਦੇ ਆਈ.ਏ.ਐਸ. ਅਧਿਕਾਰੀ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅੱਜ ਪਟਿਆਲਾ ਦੇ ਨਵੇਂ ਅਤੇ ਪਹਿਲੇ ਮਹਿਲਾ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ। ਉਨ੍ਹਾਂ ਨੇ ਸ੍ਰੀ ਸੰਦੀਪ ਹੰਸ ਦੀ ਜਗ੍ਹਾ ਇਹ ਅਹੁਦਾ ਸੰਭਾਲਿਆ, ਜਿਨ੍ਹਾਂ ਦੀ ਬਦਲੀ ਡੀ.ਸੀ. ਹੁਸ਼ਿਆਰਪੁਰ ਵਜੋਂ ਹੋਈ ਹੈ। ਅਹੁਦਾ ਸੰਭਾਲਣ ਮੌਕੇ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਕਿਹਾ ਕਿ ਲੋਕਾਂ ਦੇ ਸਰਕਾਰੀ ਦਫ਼ਤਰਾਂ ‘ਚ ਬਕਾਇਆ ਕੰਮਾਂ ਅਤੇ ਸਮੱਸਿਆਵਾਂ ਦੇ ਨਿਪਟਾਰੇ ਲਈ ਜ਼ਿਲ੍ਹਾ ਪ੍ਰਸ਼ਾਸਨ ਕੈਂਪ ਆਧਾਰਿਤ ਮਾਡਲ ਅਪਣਾ ਕੇ ਲੋਕਾਂ ਦੀਆਂ ਬਰੂਹਾਂ ਤੱਕ ਪਹੁੰਚ ਬਣਾਏਗਾ।

ਸ੍ਰੀਮਤੀ ਸਾਕਸ਼ੀ ਸਾਹਨੀ ਨੇ ਆਪਣਾ ਅਹੁਦਾ ਸੰਭਾਲਣ ਉਪਰੰਤ ਕਿਹਾ ਕਿ, ‘ਪਟਿਆਲਾ ਜ਼ਿਲ੍ਹਾ ਇੱਕ ਮਹੱਤਵਪੂਰਨ ਜ਼ਿਲ੍ਹਾ ਹੈ, ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਮੁਤਾਬਕ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਦੀਆਂ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੱਕ ਪੁੱਜਦਾ ਕਰਨਾ ਤੇ ਲੋਕਾਂ ਨੂੰ ਸਾਫ਼-ਸੁਥਰਾ, ਪਾਰਦਰਸ਼ੀ, ਭ੍ਰਿਸ਼ਟਾਚਾਰ ਰਹਿਤ ਤੇ ਲੋਕ ਪੱਖੀ ਪ੍ਰਸ਼ਾਸਨ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਵਿਸ਼ੇਸ਼ ਪਹਿਲਕਦਮੀ ਹੋਵੇਗੀ।’

ਕਾਨੂੰਨ ਵਿਸ਼ੇ ‘ਚ ਗ੍ਰੈਜੂਏਟ, ਸ੍ਰੀਮਤੀ ਸਾਕਸ਼ੀ ਸਾਹਨੀ, ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਪ੍ਰਤੀ ਹਮਦਰਦੀ ਵਾਲਾ ਰਵੱਈਆ ਰੱਖਣ ਸਮੇਤ ਕੰਮ ਪ੍ਰਤੀ ਵਚਨਬੱਧਤਾ ਅਤੇ ਤੁਰੰਤ ਫੈਸਲੇ ਲੈਣ ਲਈ ਜਾਣੇ ਜਾਂਦੇ ਹਨ। ਇਸ ਤੋਂ ਪਹਿਲਾਂ ਉਹ ਵਧੀਕ ਸਕੱਤਰ ਕੋਆਰਡੀਨੇਸ਼ਨ ਅਤੇ ਮੁੱਖ ਸਕੱਤਰ, ਪੰਜਾਬ ਦੇ ਸਟਾਫ਼ ਅਫ਼ਸਰ ਵਜੋਂ ਚੰਡੀਗੜ੍ਹ ਵਿਖੇ ਸੇਵਾਵਾਂ ਨਿਭਾਅ ਰਹੇ ਸਨ। ਜਦਕਿ ਉਹ ਐਸ.ਏ.ਐਸ. ਨਗਰ ਵਿਖੇ ਏ.ਡੀ.ਸੀ (ਜ) ਅਤੇ ਬਠਿੰਡਾ ਵਿਖੇ ਏ.ਡੀ.ਸੀ (ਵਿਕਾਸ) ਵਜੋਂ ਵੀ ਆਪਣੀਆਂ ਸੇਵਾਵਾ ਦੇ ਚੁੱਕੇ ਹਨ।

ਇਸ ਮੌਕੇ ਪੱਤਰਕਾਰਾਂ ਨਾਲ ਗ਼ੈਰਰਸਮੀ ਗੱਲਬਾਤ ਮੌਕੇ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਪਟਿਆਲਾ ਵਰਗੇ ਅਹਿਮ ਜ਼ਿਲ੍ਹੇ ‘ਚ ਸੇਵਾ ਕਰਨ ਦਾ ਮੌਕਾ ਦੇਣ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਸਮੇਤ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਰਾਇ ਜਾਣਨ ਲਈ ਜਲਦ ਹੀ ਟਵਿਟਰ ਹੈਂਡਲ ਰਾਹੀਂ ਇੱਕ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਨੂੰ ਪੜ੍ਹਾ-ਲਿਖਾ ਕੇ ਬੁਲੰਦੀਆਂ ‘ਤੇ ਪਹੁੰਚਣ ਦਾ ਮੌਕਾ ਪ੍ਰਦਾਨ ਕਰਨ ਕਿਉਂਕਿ ਧੀਆਂ ਅਸਮਾਨ ਛੂਹ ਸਕਦੀਆਂ ਹਨ। ਉਨ੍ਹਾਂ ਲੜਕੀਆਂ ਨੂੰ ਵੀ ਕਿਹਾ ਕਿ ਉਹ ਸੁਪਨੇ ਦੇਖਣ, ਜਿਨ੍ਹਾਂ ਨੂੰ ਸਾਕਾਰ ਕਰਨ ਲਈ ਉਹ ਖ਼ੁਦ ਵੀ ਹਮੇਸ਼ਾ ਲੜਕੀਆਂ ਦੀ ਮਦਦਗਾਰ ਬਣਨਗੇ।

ਸ੍ਰੀਮਤੀ ਸਾਹਨੀ ਨੇ ਇੱਕ ਹੋਰ ਸਵਾਲ ਦੇ ਜਵਾਬ ‘ਚ ਕਿਹਾ ਕਿ ਉਨ੍ਹਾਂ ਸਮੇਤ ਜ਼ਿਲ੍ਹੇ ਦੇ ਸਮੂਹ ਅਧਿਕਾਰੀ ਲੋਕਾਂ ਦੀ ਸੇਵਾ ਲਈ ਹਰ ਵੇਲੇ ਹਾਜ਼ਰ ਰਹਿਣਗੇ ਅਤੇ ਲੋਕਾਂ ਦੀ ਸੇਵਾ ਲਈ ਕੈਂਪ ਅਧਾਰਤ ਮਾਡਲ ਸ਼ੁਰੂ ਕੀਤਾ ਜਾਵੇਗਾ ਤਾਂ ਕਿ ਲੋਕਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਉਨ੍ਹਾਂ ਦੇ ਘਰ ਨੇੜੇ ਸੁਖਾਲੀਆਂ ਹੀ ਪ੍ਰਦਾਨ ਹੋ ਸਕਣ ਅਤੇ ਲੋਕਾਂ ਨੂੰ ਉਡੀਕ ਨਾ ਕਰਨੀ ਪਵੇ। ਉਨ੍ਹਾਂ ਕਿਹਾ ਕਿ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਪਹਿਲ ਦੇ ਆਧਾਰ ‘ਤੇ ਮੁਹੱਈਆ ਕਰਵਾਈਆਂ ਜਾਣਗੀਆਂ। ਡੀ.ਸੀ. ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਇੱਕ ਟੀਮ ਵਜੋਂ ਕੰਮ ਕਰਨਾ ਯਕੀਨੀ ਬਣਾਉਣ।

ਸ੍ਰੀਮਤੀ ਸਾਕਸ਼ੀ ਸਾਹਨੀ ਨੇ ਇਸ ਤੋਂ ਬਾਅਦ ਸਮੂਹ ਐਸ.ਡੀ.ਐਮਜ ਅਤੇ ਕਣਕ ਦੇ ਖਰੀਦ ਪ੍ਰਬੰਧਾਂ ਨਾਲ ਜੁੜੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਕਰਕੇ ਕਣਕ ਦੀ ਖਰੀਦ ਪ੍ਰਕ੍ਰਿਆ ਦਾ ਜਾਇਜ਼ਾ ਲਿਆ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਦਿੱਤੀਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਹਦਾਇਤ ਕੀਤੀ ਕਿ ਕਿਸਾਨਾਂ ਦੀ ਮੰਡੀਆਂ ਵਿੱਚ ਪੁੱਜੀ ਜਿਣਸ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇ।

ਇਸ ਤੋਂ ਪਹਿਲਾਂ ਨਵੇਂ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੁੱਜਣ ‘ਤੇ ਪੰਜਾਬ ਪੁਲਿਸ ਦੀ ਟੁਕੜੀ ਨੇ ‘ਗਾਰਡ ਆਫ਼ ਆਨਰ’ ਪੇਸ਼ ਕਰਕੇ ਸਲਾਮੀ ਦਿੱਤੀ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਿਤਾ ਸ੍ਰੀ ਸੁਨੀਲ ਸਾਹਨੀ, ਮਾਤਾ ਸ੍ਰੀਮਤੀ ਅਨੀਤਾ ਸਾਹਨੀ ਸਮੇਤ ਹੋਰ ਰਿਸ਼ਤੇਦਾਰ ਵੀ ਮੌਜੂਦ ਸਨ। ਇਸ ਦੌਰਾਨ ਡਿਪਟੀ ਕਮਿਸ਼ਨਰ ਦਫ਼ਤਰ ਦੀਆਂ ਸਮੂਹ ਬ੍ਰਾਂਚਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਅਹੁਦਾ ਛੱਡਕੇ ਜਾ ਰਹੇ ਸ੍ਰੀ ਸੰਦੀਪ ਹੰਸ ਨੂੰ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਅਤੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਣ ਵਾਲੇ ਸ੍ਰੀਮਤੀ ਸਾਕਸ਼ੀ ਸਾਹਨੀ ਦਾ ਸਵਾਗਤ ਕੀਤਾ। ਇਸ ਉਪਰੰਤ ਸ੍ਰੀਮਤੀ ਸਾਹਨੀ ਪਟਿਆਲਾ ਸਥਿਤ ਇਤਿਹਾਸਿਕ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਅਤੇ ਪੁਰਾਤਨ ਮੰਦਿਰ ਸ੍ਰੀ ਕਾਲੀ ਦੇਵੀ ਵਿਖੇ ਵੀ ਨਤਮਸਤਕ ਹੋਏ।

ਪਟਿਆਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲੇ ਮੌਕੇ ਏ.ਡੀ.ਸੀ. (ਸ਼ਹਿਰੀ ਵਿਕਾਸ) ਗੌਤਮ ਜੈਨ, ਏ.ਡੀ.ਸੀ. (ਜ) ਗੁਰਪ੍ਰੀਤ ਸਿੰਘ ਥਿੰਦ, ਐਸ.ਪੀ. (ਐਚ) ਹਰਕਮਲ ਕੌਰ, ਐਸ.ਡੀ.ਐਮਜ ਟੀ.ਬੈਨਿਥ, ਅੰਕੁਰਜੀਤ ਸਿੰਘ, ਚਰਨਜੀਤ ਸਿੰਘ, ਡਾ. ਸੰਜੀਵ ਕੁਮਾਰ ਤੇ ਕੰਨੂ ਗਰਗ, ਸਹਾਇਕ ਕਮਿਸ਼ਨਰ (ਯੂ.ਟੀ.) ਚੰਦਰ ਜੋਤੀ ਸਿੰਘ, ਪੁਡਾ ਦੇ ਅਸਟੇਟ ਅਫ਼ਸਰ ਈਸ਼ਾ ਸਿੰਘਲ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਨਮਨ ਮੜਕਨ ਤੇ ਜਸਲੀਨ ਕੌਰ ਭੁੱਲਰ, ਸਹਾਇਕ ਕਮਿਸ਼ਨਰ (ਜ) ਕਿਰਨ ਸ਼ਰਮਾ, ਜ਼ਿਲ੍ਹਾ ਮਾਲ ਅਫ਼ਸਰ ਮੁਕੇਸ਼ ਕੁਮਾਰ, ਡੀ.ਡੀ.ਪੀ.ਓ ਰੂਪ ਸਿੰਘ, ਤਹਿਸੀਲਦਾਰ ਰਾਮ ਕਿਸ਼ਨ, ਸੁਪਰਡੈਂਟ ਹਮੀਰ ਸਿੰਘ ਤੇ ਹਰਜੀਤ ਸਿੰਘ ਸਮੇਤ ਡੀ.ਸੀ. ਦਫ਼ਤਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸ੍ਰੀਮਤੀ ਸਾਕਸ਼ੀ ਸਾਹਨੀ ਦਾ ਨਿੱਘਾ ਸਵਾਗਤ ਕੀਤਾ।

*******

ਫੋਟੋ ਕੈਪਸ਼ਨ: ਪਟਿਆਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਦੇ ਹੋਏ ਸ੍ਰੀਮਤੀ ਸਾਕਸ਼ੀ ਸਾਹਨੀ।

ਫੋਟੋ ਕੈਪਸ਼ਨ: ਪਟਿਆਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਣ ਤੋਂ ਪਹਿਲਾਂ ਸੀਨੀਅਰ ਆਈ.ਏ.ਐਸ. ਅਧਿਕਾਰੀ ਸ੍ਰੀਮਤੀ ਸਾਕਸ਼ੀ ਸਾਹਨੀ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੁਲਿਸ ਟੁਕੜੀ ਤੋਂ ਸਲਾਮੀ ਲੈਂਦੇ ਹੋਏ।

Patiala gets first women DC Sakshi Sahwney