Patiala will soon develop as tourism hub

April 19, 2022 - PatialaPolitics

Patiala will soon develop as tourism hub

Patiala will soon develop as tourism hub

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ

ਪਟਿਆਲਵੀ ਹੈਰੀਟੇਜ ਸਮਾਰੋਹ ਨੇ ਕਿਲਾ ਮੁਬਾਰਕ ‘ਚ ਮੋਹੇ ਪਟਿਆਲਵੀ

-ਪਟਿਆਲਾ ਬਣੇਗਾ ਟੂਰਿਜ਼ਮ ਦੀ ਹੱਬ-ਹਰਜੋਤ ਸਿੰਘ ਬੈਂਸ

-ਪੰਜਾਬ ਵਾਸੀਆਂ ਦੀਆਂ ਉਮੀਦਾਂ ‘ਤੇ ਖਰੀ ਉਤਰੇਗੀ ਭਗਵੰਤ ਮਾਨ ਸਰਕਾਰ-ਹਰਜੋਤ ਸਿੰਘ ਬੈਂਸ

-ਸੈਰ ਸਪਾਟਾ ਮੰਤਰੀ ਹਰਜੋਤ ਸਿੰਘ ਬੈਂਸ, ਜ਼ਿਲ੍ਹੇ ਦੇ ਵਿਧਾਇਕਾਂ, ਡਿਪਟੀ ਕਮਿਸ਼ਨਰ ਸਮੇਤ ਵੱਡੀ ਗਿਣਤੀ ਦਰਸ਼ਕਾਂ ਨੇ ਮਾਣਿਆ ਆਨੰਦ

-ਪੰਜਾਬ ਸਰਕਾਰ ਵੱਲੋਂ ਅਮੀਰ ਵਿਰਾਸਤ ਤੇ ਕਲਾ ਨੂੰ ਸੰਭਾਲਣ ਦਾ ਅਹਿਮ ਉਪਰਾਲਾ-ਵਿਧਾਇਕ

-ਮੰਤਰੀ ਬੈਂਸ ਤੇ ਵਿਧਾਇਕਾਂ ਵੱਲੋਂ ਰਾਜ ਨੂੰ ਨਸ਼ਾ ਮੁਕਤ ਅਤੇ ਰੰਗਲਾ ਪੰਜਾਬ ਬਣਾਉਣ ਦਾ ਅਹਿਦ

-ਪੁਰਾਤਨ ਸ਼ਾਹੀ ਬੱਗੀ, ਪੁਰਾਤਨ ਚਿੱਤਰ ਤੇ ਦਸਤਕਾਰੀ ਵਸਤਾਂ ਰਹੀਆਂ ਖਿੱਚ ਦਾ ਕੇਂਦਰ

-ਵਿਜੇ ਯਮਲਾ ਤੇ ਉਜਾਗਰ ਅੰਟਾਲ ਦੀ ਗਾਇਕੀ, ਗਿੱਧਾ-ਭੰਗੜਾ ਨੇ ਦਰਸ਼ਕ ਕੀਲੇ

-ਪਟਿਆਲਾ ਦੀ ਵਿਰਾਸਤ ‘ਤੇ ਦਸਤਾਵੇਜੀ ਫ਼ਿਲਮ, ਗਤਕਾ ਤੇ ਫ਼ੈਸ਼ਨ ਸ਼ੋਅ

-ਵਿਦਿਆਰਥੀਆਂ ਨੇ ਪਟਿਆਲਾ ਫਾਊਂਡੇਸ਼ਨ ਨਾਲ ਮਿਲਕੇ ਕੀਤੀ ਵਿਰਾਸਤੀ ਸਥਾਨਾਂ ਦੀ ਸੈਰ

-ਹੈਰੀਟੇਜ ਫੋਟੋਗ੍ਰਾਫ਼ੀ ਮੁਕਾਬਲੇ ਦੇ ਜੇਤੂਆਂ ਨੂੰ ਮਿਲੇ ਨਕਦ ਇਨਾਮ

ਪਟਿਆਲਾ, 19 ਅਪ੍ਰੈਲ:

ਵਿਰਾਸਤੀ ਸ਼ਹਿਰ ਪਟਿਆਲਾ ਦੇ ਇਤਿਹਾਸਕ ਕਿਲਾ ਮੁਬਾਰਕ, ਵਿਖੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਸਨ ਵੱਲੋਂ ਕਰਵਾਏ ‘ਪਟਿਆਲਵੀ ਵਿਰਾਸਤੀ ਸਮਾਰੋਹ’ ਨੇ ਪਟਿਆਲਵੀਆਂ ਦਾ ਮਨ ਮੋਹ ਲਿਆ। ਸਮਾਰੋਹ ਮੌਕੇ 1909 ‘ਚ ਕਲਕੱਤਾ ਦੀ ਬਣੀ ਸ਼ਾਹੀ ਬੱਗੀ ਤੇ 13 ਪੁਰਾਣੇ ਚਿੱਤਰਾਂ ਸਮੇਤ ਦਸਤਕਾਰੀ ਵਸਤਾਂ ਤੇ ਵੱਖ-ਵੱਖ ਖਾਣਿਆਂ ਦੀਆਂ ਸਟਾਲਾਂ, ਵਿਸ਼ੇਸ਼ ਬੱਚਿਆਂ ਵੱਲੋਂ ਕਲਾ ਪੇਸ਼ਕਾਰੀ, ਲੋਕ ਨਾਚ ਜਿੰਦੂਆ, ਫ਼ੈਸ਼ਨ ਸ਼ੋਅ, ਯਮਲਾ ਜੱਟ ਦੇ ਪੋਤਰੇ ਵਿਜੇ ਯਮਲਾ ਦੇ ਫੋਕ ਆਰਕੈਸਟਰਾ ਅਤੇ ਉਜਾਗਰ ਅੰਟਾਲ ਦੀ ਲੋਕ ਗਾਇਕੀ ਦੀ ਵਿਲੱਖਣ ਪੇਸ਼ਕਾਰੀ ਖਿੱਚ ਦਾ ਕੇਂਦਰ ਰਹੀ।

ਸਮਾਗਮ ਦੀ ਸ਼ੁਰੂਆਤ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਲਾ ਮੁਬਾਰਕ ਦੇ ਖੁੱਲ੍ਹੇ ਵਿਹੜੇ ‘ਚ ਦਰਬਾਰ ਹਾਲ ਦੇ ਸਾਹਮਣੇ ਜੋਤ ਜਗਾ ਕੇ ਨਗਾਰਿਆਂ ਦੀ ਗੂੰਜ ਅਤੇ ਪੰਛੀਆਂ ਦੀ ਚਹਿ-ਚਹਾਟ ਦੀ ਅਨੰਦਮਈ ‘ਚ ਕਰਵਾਈ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਡਾ. ਬਲਬੀਰ ਸਿੰਘ, ਅਜੀਤਪਾਲ ਸਿੰਘ ਕੋਹਲੀ, ਨੀਨਾ ਮਿੱਤਲ, ਗੁਰਦੇਵ ਸਿੰਘ ਦੇਵ ਮਾਨ, ਚੇਤਨ ਸਿੰਘ ਜੌੜਾਮਾਜਰਾ, ਗੁਰਲਾਲ ਘਨੌਰ ਤੇ ਕੁਲਵੰਤ ਸਿੰਘ ਬਾਜੀਗਰ, ਹਰਮੀਤ ਸਿੰਘ ਪਠਾਣਮਾਜਰਾ ਦੇ ਸੁਪਤਨੀ ਸਿਮਰਨਜੀਤ ਕੌਰ, ਸੈਰ ਸਪਾਟਾ ਵਿਭਾਗ ਦੇ ਡਾਇਰੈਕਟਰ ਕਮਲਪ੍ਰੀਤ ਕੌਰ ਬਰਾੜ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਐਸ.ਐਸ.ਪੀ. ਡਾ. ਨਾਨਕ ਸਿੰਘ ਵੀ ਮੌਜੂਦ ਸਨ।

ਮੁੱਖ ਮਹਿਮਾਨ ਵਜੋਂ ਪੁੱਜੇ ਕੈਬਨਿਟ ਮੰਤਰੀਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ, ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਮੂਹ ਪੰਜਾਬੀਆਂ ਦੀਆਂ ਆਸਾਂ ਉਮੀਦਾਂ ‘ਤੇ ਪੂਰੀ ਤਰ੍ਹਾਂ ਖਰੀ ਉਤਰੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਵੱਲੋਂ ਲਏ ਗਏ ਸੁਪਨਿਆਂ ਦਾ ਪੰਜਾਬ ਸਿਰਜਿਆ ਜਾਵੇਗਾ। ਸ. ਬੈਂਸ ਨੇ ਪੰਜਾਬ ਦੇ ਸੱਭਿਆਚਾਰ ਦੀ ਗੱਲ ਕਰਦਿਆਂ ਕਿਹਾ ਕਿ ਪਟਿਆਲਾ, ਸੂਬੇ ਦੇ ਸੱਭਿਆਚਾਰ ਦੀ ਰਾਜਧਾਨੀ ਹੈ ਇਸ ਲਈ ਪੰਜਾਬ ਸਰਕਾਰ, ਪਟਿਆਲਾ ਨੂੰ ਟੂਰਿਜ਼ਮ ਹੱਬ ਵਜੋਂ ਵਿਕਸਤ ਕਰੇਗੀ। ਇਸ ਮੌਕੇ ਸ. ਬੈਂਸ ਦੀ ਅਗਵਾਈ ਹੇਠ ਸਾਰੇ ਵਿਧਾਇਕਾਂ ਨੇ ਮੰਚ ‘ਤੇ ਆਕੇ ਇਕਜੁਟਤਾ ਨਾਲ ਪੰਜਾਬ ਰਾਜ ਨੂੰ ਨਸ਼ਾ ਮੁਕਤ ਅਤੇ ਰੰਗਲਾ ਪੰਜਾਬ ਬਣਾਉਣ ਦਾ ਅਹਿਦ ਵੀ ਲਿਆ।

ਜਦੋਂ ਕਿ ਸਮੂਹ ਵਿਧਾਇਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਅਹਿਮ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸਾਡੀ ਅਮੀਰ ਵਿਰਾਸਤ ਅਤੇ ਕਲਾ ਨੂੰ ਸੰਭਾਲਣ ਦਾ ਸ਼ਲਾਘਾਯੋਗ ਉਦਮ ਕੀਤਾ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਇਕ ਵਿਰਾਸਤੀ ਸ਼ਹਿਰ ਹੈ, ਜਿਥੇ ਅਜਿਹੇ ਮੇਲੇ ਲੱਗਣ ਦੀ ਵੀ ਵਿਰਾਸਤ ਹੈ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਜਿਹੇ ਉਪਰਾਲੇ ਭਵਿੱਖ ‘ਚ ਵੀ ਜਾਰੀ ਰੱਖੇਗੀ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਨੌਜਵਾਨ ਪੀੜ੍ਹੀ ਨੂੰ ਆਪਣੇ ਵਡਮੁੱਲੇ ਇਤਿਹਾਸ ਤੋਂ ਜਾਣੂ ਕਰਵਾਉਣਾ ਅਤੇ ਆਪਣੀ ਅਮੀਰ ਵਿਰਾਸਤ ਨਾਲ ਜੋੜਨ ਲਈ ਅਜਿਹੇ ਵਿਰਾਸਤੀ ਉਤਸਵਾਂ ਦਾ ਅਹਿਮ ਯੋਗਦਾਨ ਹੁੰਦਾ ਹੈ, ਇਸ ਲਈ ਵਿਸ਼ਵ ਵਿਰਾਸਤ ਦਿਵਸ ਨੂੰ ਸਮਰਪਿਤ ਇਹ ਸਮਾਰੋਹ ਕਰਵਾਇਆ ਗਿਆ ਹੈ।

ਇਸ ਪ੍ਰੋਗਰਾਮ ਦਾ ਆਗ਼ਾਜ਼ ਮਰਹੂਮ ਗਾਇਕ ਲਾਲ ਚੰਦ ਯਮਲਾ ਦੇ ਪੋਤੇ ਵਿਜੇ ਯਮਲਾ ਨੇ ਨਗਾਰਾ ਵਜਾ ਕੇ ਕੀਤਾ ਅਤੇ ਮਗਰੋਂ ਆਪਣੇ ਸਾਥੀਆਂ ਸਮੇਤ ਫੋਕ ਆਰਕੈਸਟਰਾ ਦੀ ਵਿਲੱਖਣ ਪੇਸ਼ਕਾਰੀ ਕੀਤੀ। ਬਾਣੀ ਸਕੂਲ ਅਰਬਨ ਅਸਟੇਟ ਅਤੇ ਸਪੀਕਿੰਗ ਹੈਂਡਸ ਰਾਜਪੁਰਾ ਸਕੂਲ ਦੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਮਾਇਮ ਅਤੇ ਭੰਗੜੇ ਦੀ ਪੇਸ਼ਕਾਰੀ ਸਮੇਤ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਦੇ ਵਿਦਿਆਰਥੀਆਂ ਨੇ ਪੰਜਾਬੀ ਵਿਰਾਸਤੀ ਪਹਿਰਾਵੇ ਦੇ ਫ਼ੈਸ਼ਨ ਸ਼ੋਅ ‘ਚ ਹਿੱਸਾ ਲੈਂਦਿਆਂ ਨਸ਼ਾ ਮੁਕਤ ਪੰਜਾਬ ਦਾ ਸੁਨੇਹਾ ਵੀ ਦਿੱਤਾ।

ਮਾਲਵਾ ਸੱਭਿਆਚਾਰਕ ਕਲੱਬ ਨੇ ਲੋਕ ਨਾਚ ਜਿੰਦੂਆ ਦੀ ਦਿਲਕਸ਼ ਪੇਸ਼ਕਾਰੀ ਕੀਤੀ। ਇਸ ਮੌਕੇ ਲੋਕ ਗਾਇਕ ਉਜਾਗਰ ਸਿੰਘ ਅੰਟਾਲ ਨੇ ਸੂਫ਼ੀ ਗਾਇਕੀ ਨਾਲ ਦਰਸ਼ਕ ਝੂਮਣ ਲਗਾਏ। ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀ ਲਵਪ੍ਰੀਤ ਸਿੰਘ ਨਾਭਾ ਨੇ ਵੀ ਆਪਣੀ ਕਲਾ ਦੇ ਜੌਹਰ ਵਿਖਾਏ। ਸਰਕਾਰੀ ਕਾਲਜ ਲੜਕੀਆਂ ਦੀਆਂ ਵਿਦਿਆਰਥਣਾਂ ਦਾ ਗਿੱਧਾ, ਸਰਕਾਰੀ ਹਾਈ ਸਕੂਲ ਉਲਾਣਾ ਦੇ ਬੱਚਿਆਂ ਵੱਲੋਂ ਪੇਸ਼ ਕੀਤੇ ਗਤਕੇ ਸਮੇਤ ‘ਪਟਿਆਲਾ ਦੀ ਵਿਰਾਸਤ’ ਬਾਰੇ ਪ੍ਰੋ. ਗੁਰਬਖ਼ਸ਼ੀਸ਼ ਸਿੰਘ ਅੰਟਾਲ ਦੀ ਨਿਰਦੇਸ਼ਤ ਡਾਕੂਮੈਂਟਰੀ ਫ਼ਿਲਮ ਵੀ ਦਿਖਾਈ ਗਈ।

ਇਸ ਦੌਰਾਨ ਵਿਸ਼ਵ ਵਿਰਾਸਤ ਦਿਵਸ ਨੂੰ ਸਮਰਪਿਤ ਕਰਵਾਏ ਗਏ ਫ਼ੋਟੋਗ੍ਰਾਫ਼ੀ ਮੁਕਾਬਲੇ ‘ਚ ਜੇਤੂ ਰਹੇ ਪਹਿਲੇ, ਦੂਜੇ ਤੇ ਤੀਜੇ ਸਥਾਨ ‘ਤੇ ਰਹੇ ਮੁਹੰਮਦ ਪ੍ਰਵੇਜ਼, ਗੁਰਜੋਤ ਸਿੰਘ ਅਤੇ ਹਰਦੀਪ ਸਿੰਘ ਅਹੂਜਾ ਨੂੰ ਕ੍ਰਮਵਾਰ 5000, 3000 ਤੇ 2000 ਰੁਪਏ ਨਕਦ ਇਨਾਮ ਦਿੱਤੇ ਗਏ। ਜੇਤੂਆਂ ਵੱਲੋਂ ਖਿੱਚੀਆਂ ਤਸਵੀਰਾਂ, ਕਿਲਾ ਮੁਬਾਰਕ ਵਿਖੇ ਪ੍ਰਦਰਸ਼ਨੀ ‘ਚ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ।

ਇਸ ਤੋਂ ਪਹਿਲਾਂ ਸਰਕਾਰੀ ਸਮਾਰਟ ਫ਼ੀਲ ਖ਼ਾਨਾ ਸਕੂਲ ਦੇ ਵਿਦਿਆਰਥੀਆਂ ਨੂੰ ਪਟਿਆਲਾ ਸ਼ਹਿਰ ਦੇ ਵਿਰਾਸਤੀ ਸਥਾਨਾਂ ਦਾ ਦੌਰਾ ਕਰਵਾਉਣ ਲਈ ਪਟਿਆਲਾ ਫਾਊਂਡੇਸ਼ਨ ਵੱਲੋਂ ਆਯੋਜਿਤ ਆਈ ਹੈਰੀਟੇਜ ਪ੍ਰਾਜੈਕਟ ਤਹਿਤ 80ਵੀਂ ਵਿਰਾਸਤੀ ਸੈਰ (ਹੈਰੀਟੇਜ ਵਾਕ) ਨੂੰ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਕਿਲਾ ਮੁਬਾਰਕ ਤੱਕ ਸ਼ਹਿਰ ਦੇ ਅੰਦਰ-ਅੰਦਰ ਬਣੇ ਹੋਏ ਵਿਰਾਸਤੀ ਰਸਤੇ ਤੋਂ ਹੁੰਦੇ ਹੋਈ ਪੁਰਾਣੇ ਸ਼ਹਿਰ ਦੀ ਸੈਰ, ਹਵੇਲੀ ਮੁਹੱਲਾ ਛੱਤਾ ਨਾਨੂੰਮਲ, ਬਰਤਨ ਬਾਜ਼ਾਰ, ਮਿਸ਼ਰੀ ਬਾਜ਼ਾਰ, ਰੂਪ ਚੰਦ ਮੁਹੱਲਾ, ਸੱਪਾਂ ਵਾਲੀ ਗਲੀ, ਰਾਜੇਸ਼ਵਰੀ ਸ਼ਿਵ ਮੰਦਰ, ਕੋਤਵਾਲੀ, ਦਰਸ਼ਨੀ ਡਿਊਡੀ ਤੋਂ ਹੁੰਦੀ ਹੋਈ ਕਿਲਾ ਮੁਬਾਰਕ ਵਿਖੇ ਜਾ ਕੇ ਸਮਾਪਤ ਹੋਈ।

ਇਸ ਦੌਰਾਨ ਪਟਿਆਲਾ ਫਾਊਂਡੇਸ਼ਨ ਦੇ ਚੀਫ਼ ਫੰਕਸ਼ਨਰੀ ਰਵੀ ਆਹਲੂਵਾਲੀਆ ਨੇ ਸੈਰ ‘ਚ ਸ਼ਾਮਲ ਵਿਦਿਆਰਥੀਆਂ ਤੇ ਹੋਰ ਪਤਵੰਤਿਆਂ ਨੂੰ ਇਸ ਰਸਤੇ ‘ਚ ਆਏ ਹਰ ਸਥਾਨ ਦਾ ਮਹੱਤਵ ਵਿਸਥਾਰ ‘ਚ ਦੱਸਿਆ। ਉਨ੍ਹਾਂ ਸ਼ਾਹੀ ਸਮਾਧਾਂ ਵਿਖੇ ਪਟਿਆਲਾ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ ਸਮੇਤ ਪਟਿਆਲਾ ਰਿਆਸਤ ਦੇ ਹੋਰ ਪਰਿਵਾਰਕ ਮੈਂਬਰਾਂ ਦੀਆਂ ਸਮਾਧੀਆਂ ਤੋਂ ਜਾਣੂ ਵੀ ਕਰਵਾਇਆ। ਵਿਰਾਸਤੀ ਸੈਰ ਦਾ ਸਥਾਨਕ ਵਾਸੀਆਂ ਨੇ ਰਸਤੇ ‘ਚ ਭਰਵਾਂ ਸਵਾਗਤ ਕੀਤਾ।

ਇਸ ਉਪਰੰਤ ਦਾਲ ਦਲੀਆਂ ਚੌਕ, ਛੱਤਾ ਨਾਨੂੰਮਲ ਜੋ ਪਟਿਆਲਾ ਰਿਆਸਤ ਦੇ ਵਜ਼ੀਰ ਦਾ ਨਿਵਾਸ ਸਥਾਨ ਰਿਹਾ ਹੈ, ਬਰਤਨ ਬਾਜ਼ਾਰ ਜੋ ਸ਼ਹਿਰ ਦੀ ਸਥਾਪਨਾ ਸਮੇਂ ਹੀ ਹੋਂਦ ਵਿੱਚ ਆਇਆ ਤੇ ਕਰੀਬ 256 ਸਾਲ ਪੁਰਾਣਾ ਹੈ, ਇਥੇ ਪਿੱਤਲ ਦੇ ਭਾਂਡਿਆਂ ਨੂੰ ਕਲੀ ਕਰਨ ਬਾਰੇ ਦੱਸਿਆ ਗਿਆ। ਰਾਜੇਸ਼ਵਰੀ ਸ਼ਿਵ ਮੰਦਰ ਜੋ ਕੇ ਇਤਿਹਾਸਕ ਮਹੱਤਤਾ ਰੱਖਦਾ ਹੈ, ਸੱਪਾਂ ਵਾਲੀ ਗਲੀ, ਦਰਸ਼ਨੀ ਗੇਟ ਜੋ ਪਟਿਆਲਾ ਸ਼ਹਿਰ ‘ਚ ਦਾਖਲ ਹੋਣ ਲਈ ਰਸਤਾ ਸੀ, ਬਾਰੇ ਵੀ ਦੱਸਿਆ ਗਿਆ। ਅਖੀਰ ਵਿਚ ਜਿਥੋਂ ਪਟਿਆਲਾ ਰਿਆਸਤ ਦਾ ਮੁੱਢ ਬੰਨਿਆ ਗਿਆ ਅਤੇ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ ਦਾ ਨਿਵਾਸ ਸਥਾਨ ਰਿਹਾ ਹੈ, ਵਿਖੇ ਪਹੁੰਚ ਕੇ ਇਹ ਵਿਰਾਸਤੀ ਸੈਰ ਸਮਾਪਤ ਹੋਈ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਮੁਚੇ ਮਹਿਮਾਨਾਂ ਦਾ ਧੰਨਵਾਦ ਕੀਤਾ। ਕਿਲਾ ਮੁਬਾਰਕ ਵਿਖੇ ਪਟਿਆਲਵੀਆਂ, ਕਲਾ ਪ੍ਰੇਮੀਆ ਤੇ ਆਮ ਲੋਕਾਂ ਨੇ ਪਟਿਆਲਵੀ ਵਿਰਾਸਤੀ ਉਤਸਵ ਦੇ ਪ੍ਰੋਗਰਾਮਾਂ ਦਾ ਆਨੰਦ ਮਾਣਿਆ। ਸਮਾਰੋਹ ਮੌਕੇ ਗੁਰਪ੍ਰੀਤ ਸਿੰਘ ਨਾਮਧਾਰੀ ਤੇ ਬਲਵਿੰਦਰ ਸ਼ਰਮਾ ਨੇ ਆਪਣੇ ਚਿਤਰਾਂ ਦੀ ਪ੍ਰਦਰਸ਼ਨੀ ਲਗਾਉਣ ਸਮੇਤ ਮਹਿਮਾਨਾਂ ਤੋਂ ਵੀ ਚਿਤਰਕਲਾ ਕਰਵਾਈ। ਜਦੋਂਕਿ ਕਿਲਾ ਮੁਬਾਰਕ ਵਿਖੇ ਵੱਖ-ਵੱਖ ਖਾਣੇ ਦੇ ਸਟਾਲ, ਸਵੈ ਸਹਾਇਤਾ ਸਮੂਹਾਂ ਦੀਆਂ ਮੈਂਬਰ ਮਹਿਲਾਵਾਂ ਵੱਲੋਂ ਤਿਆਰ ਦਸਤਕਾਰੀ ਵਸਤਾਂ ਦੀ ਪ੍ਰਦਰਸ਼ਨੀ ਤੇ ਵਿਕਰੀ ਕੀਤੀ ਗਈ। ਮੰਚ ਸੰਚਾਲਨ ਪ੍ਰੋ. ਗੁਰਬਖ਼ਸ਼ੀਸ਼ ਸਿੰਘ ਅੰਟਾਲ ਨੇ ਕੀਤਾ।

ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਜਿੰਦਰ ਅਗਰਵਾਲ, ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਮੇਘ ਚੰਦ ਸ਼ੇਰਮਾਜਰਾ, ਕੁੰਦਨ ਗੋਗੀਆ, ਇੰਦਰਜੀਤ ਸਿੰਘ ਸੰਧੂ, ਏ.ਡੀ.ਸੀ. (ਵਿਕਾਸ) ਗੌਤਮ ਜੈਨ, ਏ.ਡੀ.ਸੀ. (ਜ) ਗੁਰਪ੍ਰੀਤ ਸਿੰਘ ਥਿੰਦ, ਪੀ.ਡੀ.ਏ. ਦੇ ਏ.ਸੀ.ਏ. ਈਸ਼ਾ ਸਿੰਘਲ, ਸਹਾਇਕ ਕਮਿਸ਼ਨਰ (ਯੂ.ਟੀ.) ਚੰਦਰ ਜੋਤੀ ਸਿੰਘ, ਸੰਯੁਕਤ ਕਮਿਸ਼ਨਰ ਨਮਨ ਮੜਕਨ, ਜਸਲੀਨ ਕੌਰ ਭੁੱਲਰ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਵੀ ਵੱਡੀ ਗਿਣਤੀ ‘ਚ ਮੌਜੂਦ ਸਨ।