Patiala Mayor files Rs 5 crore defamation suit against Yoginder Yogi

May 5, 2022 - PatialaPolitics

Patiala Mayor files Rs 5 crore defamation suit against Yoginder Yogi

 

ਮੇਅਰ ਨੇ ਸੀਨੀਅਰ ਡਿਪਟੀ ਮੇਅਰ ਖ਼ਿਲਾਫ਼ ਪੰਜ ਕਰੋੜ ਦਾ ਮਾਣਹਾਨੀ ਦਾਅਵਾ ਕੀਤਾ ਦਾਇਰ

-ਸੀਨੀਅਰ ਡਿਪਟੀ ਮੇਅਰ ਨੇ ਕੁੱਝ ਦਿਨ ਪਹਿਲਾਂ ਮੇਅਰ ਵਿਰੁੱਧ ਫੈਲਾਈ ਸੀ ਤੱਥਹੀਣ ਸ਼ਿਕਾਇਤ

ਪਟਿਆਲਾ, 5 ਮਈ

ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਵੀਰਵਾਰ ਨੂੰ ਅਦਾਲਤ ਵਿੱਚ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਖ਼ਿਲਾਫ਼ 5 ਕਰੋੜ ਰੁਪਏ ਦਾ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਨੇ ਮੇਅਰ ਵਿਰੁੱਧ ਤੱਥਹੀਣ ਸ਼ਿਕਾਇਤ ਮੁੱਖ ਮੰਤਰੀ ਤੱਕ ਪਹੁੰਚਾਉਣ ਦੇ ਨਾਲ-ਨਾਲ ਸੋਸ਼ਲ ਮੀਡੀਆ ‘ਤੇ ਵੀ ਫੈਲਾਈ ਸੀ। ਇਸ ਤੱਥਹੀਣ ਸ਼ਿਕਾਇਤ ਦਾ ਸਖ਼ਤ ਨੋਟਿਸ ਲੈਂਦਿਆਂ ਮੇਅਰ ਨੇ ਸੀਨੀਅਰ ਡਿਪਟੀ ਮੇਅਰ ਖ਼ਿਲਾਫ਼ ਮਾਣਹਾਨੀ ਦਾ ਦਾਅਵਾ ਮਾਣਯੋਗ ਦਾਲਤ ਵਿੱਚ ਦਾਇਰ ਕਰ ਦਿੱਤਾ ਹੈ।

ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਦਾਇਰ ਕੀਤੇ ਮਾਣਹਾਨੀ ਦਾਵੇ ਵਿਚ ਕਿਹਾ ਹੈ ਕਿ ਯੋਗਿੰਦਰ ਸਿੰਘ ਯੋਗੀ ਨੇ ਸੀਨਿਅਰ ਡਿਪਟੀ ਮੇਅਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਤੋਂ ਹੀ ਮੇਅਰ ਦੇ ਅਹੁਦੇ ‘ਤੇ ਅੱਖ ਰੱਖੀ ਹੋਈ ਹੈ। ਇਸ ਸਿਆਸੀ ਮਨਸੂਬੇ ਦੀ ਪੂਰਤੀ ਲਈ ਉਹ ਲਗਾਤਾਰ ਇਨ੍ਹਾਂ ਵਿਰੁੱਧ ਸਿਆਸੀ ਚਾਲਾਂ ਖੇਡਦਾ ਆ ਰਹਾ ਹੈ। ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲਾਂ ਤੋਂ ਸੀਨਿਅਰ ਡਿਪਟੀ ਮੇਅਰ ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਜਨਰਲ ਹਾਉਸ ਅਤੇ ਐਫ.ਐਂਡ.ਸੀ.ਸੀ. ਦਾ ਹਿੱਸਾ ਰਿਹਾ ਹੈ, ਪਰ ਇਸ ਸਮੇਂ ਦੌਰਾਨ ਉਸਨੇ ਉਹਨਾਂ ਖਿਲਾਫ ਕੋਈ ਸ਼ਿਕਾਇਤ ਕਿਉਂ ਨਹੀਂ ਕਿਤੀ। ਹੁਣ ਕਾਂਗਰਸ ਪਾਰਟੀ ਵਿੱਚ ਰਹਿੰਦਿਆਂ ਉਹ ਆਮ ਆਦਮੀ ਪਾਰਟੀ ਦਾ ਪਿਆਦਾ ਬਣ ਕੇ ਮੁੱਖ ਮੰਤਰੀ ਨੂੰ ਤੱਥਹੀਣ ਸ਼ਿਕਾਇਤ ਭੇਜਣ ਦੇ ਨਾਲ-ਨਾਲ ਉਸਨੂੰ ਸੋਸ਼ਲ ਮੀਡੀਆ ‘ਤੇ ਚਲਾ ਕੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ।

ਮੇਅਰ ਨੇ ਆਪਣੇ ਮਾਨਹਾਨੀ ਦੇ ਦਾਅਵੇ ਵਿੱਚ ਸਪੱਸ਼ਟ ਕੀਤਾ ਹੈ ਕਿ ਪੰਜਾਬ ਲੋਕ ਕਾਂਗਰਸ ਦਾ ਗਠਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਛੱਡਣ ਤੋਂ ਬਾਅਦ ਹੋ ਗਿਆ ਸੀ। ਉਹ ਖੁਦ ਵੀ ਇਸ ਨਵੀਂ ਪਾਰਟੀ ਦਾ ਹਿੱਸਾ ਬਣ ਗਏ ਸਨ ਅਤੇ ਉਸ ਤੋਂ ਬਾਅਦ ਸੀਨਿਅਰ ਡਿਪਟੀ ਮੇਅਰ ਨੇ 25 ਨਵੰਬਰ ਨੂੰ ਉਸ ਸਮੇਂ ਦੇ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਨਾਲ ਮਿਲ ਕੇ ਉਨ੍ਹਾਂ ਵਿਰੁੱਧ ਮੇਅਰ ਦਾ ਅਹੁਦਾ ਖੋਹਣ ਦੀ ਕੋਸ਼ਿਸ਼ ਕੀਤੀ ਸੀ, ਪਰ ਮਾਣਯੋਗ ਅਦਾਲਤ ਦੇ ਦਖਲ ਕਾਰਨ ਉਨ੍ਹਾਂ ਆਪਣਾ ਮੇਅਰ ਦਾ ਅਹੁਦਾ ਬਚਾ ਲਿਆ। ਮੇਅਰ ਨੇ ਦਾਅਵੇ ਵਿੱਚ ਲਿਖਿਆ ਹੈ ਕਿ ਉਹਨਾਂ ਵਲੋਂ 25 ਨਵੰਬਰ 2021 ਨੂੰ ਨਗਰ ਨਿਗਮ ਵਿਖੇ ਉਨ੍ਹਾਂ ਖਿਲਾਫ ਹਾਉਸ ਵਿੱਛ ਲਿਆਂਦੇ ਬੇਭਰੋਸਗੀ ਮਤੇ ਲਈ ਬੁਲਾਏ ਜਨਰਲ ਹਾਉਸ ਵਿੱਚ ਸਾਰਿਆਂ ਨੇ ਸੋਸ਼ਲ ਮੀਡਿਆ ਤੇ ਲਾਇਵ ਵੇਖਿਆ ਹੈ ਕਿ ਕਿਸ ਤਰਾਂ ਕਾਨੂੰਨ ਨੂੰ ਛਿੱਕੇ ਟੰਗ ਕੇ ਯੋਗਿੰਦਰ ਯੋਗੀ ਮੇਅਰ ਦੀ ਸੀਟ ‘ਤੇ ਬੈਠ ਗਿਆ ਸੀ। ਮੇਅਰ ਅਨੁਸਾਰ ਸੀਨੀਅਰ ਡਿਪਟੀ ਮੇਅਰ ਵਲੋਂ ਚਲੀ ਹਰੇਕ ਰਾਜਨੀਤਿਕ ਚਾਲ ਨੂੰ ਉਹ ਨਜਰਅੰਦਾਜ ਕਰਦੇ ਆ ਰਹੇ ਸੀ, ਪਰ ਪਿਛਲੇ ਦਿਨੀਂ ਯੋਗੀ ਨੇ ਮੁੱਖ ਮੰਤਰੀ ਨੂੰ ਸ਼ਿਕਾਇਤ ਭੇਜ ਕੇ ਸੋਚੀ ਸਮਝੀ ਸਾਜਿਸ਼ ਤਹਿਤ ਸੋਸ਼ਲ ਮੀਡੀਆ ‘ਤੇ ਪਾ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਮੇਅਰ ਅਨੁਸਾਰ ਉਹ ਮੇਅਰ ਦੇ ਅਹੁਦੇ ’ਤੇ ਰਹਿੰਦਿਆਂ ਲੋਕ ਹਿੱਤਾਂ ਲਈ ਇਮਾਨਦਾਰੀ ਨਾਲ ਕੰਮ ਕਰਦੇ ਆ ਰਹੇ ਹਨ, ਪਰ ਤੱਥਹੀਣ ਸ਼ਿਕਾਇਤ ਨੇ ਉਨ੍ਹਾਂ ਦੇ ਸਿਆਸੀ ਅਕਸ ਅਤੇ ਪਰਿਵਾਰ ਦੇ ਸਮਾਜਿਕ ਅਕਸ ਨੂੰ ਠੇਸ ਪਹੁੰਚਾਈ ਹੈ। ਆਪਣੇ ਖਿਲਾਫ ਕੀਤੇ ਜਾ ਰਹੇ ਇਸ ਝੂਠੇ ਪ੍ਰਚਾਰ ਦਾ ਸਬਕ ਸਿਖਾਉਣ ਲਈ ਉਹਨਾਂ ਨੇ ਆਪਣੇ ਵਕੀਲ ਰਾਹੀਂ ਯੋਗੀ ਖਿਲਾਫ 5 ਕਰੋੜ ਰੁਪਏ ਦਾ ਮਾਣਹਾਨੀ ਦਾ ਦਾਅਵਾ ਦਾਇਰ ਕੀਤਾ ਹੈ।

ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਆਪਣੇ ਦਾਅਵੇ ਵਿੱਚ ਸਪੱਸ਼ਟ ਕਿਹਾ ਹੈ ਕਿ ਮਿਉਂਸਪਲ ਐਕਟ 1976 ਅਨੁਸਾਰ ਮੇਅਰ ਨੂੰ ਸਿੱਧੇ ਤੌਰ ’ਤੇ ਵਿੱਤੀ ਅਧਿਕਾਰ ਨਹੀਂ ਹਨ। ਕਾਨੂੰਨ ਨੇ ਸਾਰੀਆਂ ਵਿੱਤੀ ਸ਼ਕਤੀਆਂ ਨਗਰ ਨਿਗਮ ਦੇ ਕਮਿਸ਼ਨਰ ਨੂੰ ਦਿੱਤੀਆਂ ਹਨ। ਜਨਰਲ ਹਾਊਸ ਜਾਂ ਐੱਫ.ਐਂਡ.ਸੀ.ਸੀ. ਵਿੱਚ ਪਾਸ ਕੀਤੇ ਹਰੇਕ ਮਤੇ ਨੂੰ ਪ੍ਰਵਾਨਗੀ ਲਈ ਪੰਜਾਬ ਸਰਕਾਰ ਨੂੰ ਭੇਜਿਆ ਜਾਂਦਾ ਹੈ ਅਤੇ ਪੰਜਾਬ ਸਰਕਾਰ ਵਲੋਂ ਪਾਸ ਕੀਤੇ ਮਤਿਆਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕੀਤਾ ਗਿਆ। ਯੋਗੀ ਨੇ ਗੈਰ-ਕਾਨੂੰਨੀ ਇਮਾਰਤਾਂ ਸਬੰਧੀ ਆਪਣੀ ਸ਼ਿਕਾਇਤ ਰਾਹੀਂ ਜੋ ਵੀ ਰੌਲਾ ਉਹਨਾ ਖਿਲਾਫ ਪਾਇਆ ਹੈ ਉਨ੍ਹਾਂ ਵਿਚੋਂ ਯੋਗੀ ਕਿਸੇ ਇਕ ਮਾਮਲੇ ਨੂੰ ਸਾਬਿਤ ਨਹੀਂ ਕਰ ਸਕਦਾ, ਕਿਉਂਕਿ ਇਮਾਰਤਾਂ ਦੇ ਨਕਸ਼ੇ ਪਾਸ ਕਰਨ ਦਾ ਅਧਿਕਾਰ ਮੇਅਰ ਦੇ ਅਧਿਕਾਰ ਖੇਤਰ ਵਿਚ ਨਹੀਂ ਹੈ। ਇਸ ਲਈ ਬਿਲਡਿੰਗ ਬ੍ਰਾਂਚ ਜਾਂ ਨਿਗਮ ਕਮਿਸ਼ਨਰ ਹੀ ਜ਼ਿੰਮੇਵਾਰ ਹਨ। ਭਾਰਤੀ ਕਾਨੂਨ ਨੇ ਸਾਰੀਆਂ ਕਾਰਜਕਾਰੀ ਸ਼ਕਤੀਆੰ ਨਗਰ ਨਿਗਮ ਦੇ ਕਮਿਸ਼ਨਰ ਨੂੰ ਦਿੱਤੀਆਂ ਹਨ। ਮੇਅਰ ਅਨੁਸਾਰ ਯੋਗੀ ਨੇ ਉਹਨਾਂ ਦੇ ਲੰਬੇ ਸਿਆਸੀ ਅਕਸ ਨੂੰ ਠੇਸ ਪਹੁੰਚਾ ਕੇ ਆਪਣਾ ਸਿਆਸੀ ਮਕਸਦ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਨੂੰ ਉਹ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰ ਸਕਦੇ। ਮੇਅਰ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਸੀਨੀਅਰ ਡਿਪਟੀ ਮੇਅਰ ਜਾਣਬੁੱਝ ਕੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਾਜ਼ਿਸ਼ ਤਹਿਤ ਸ਼ਰੀਰਕ ਤੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸੇ ਦਾ ਜਵਾਬ ਉਹਨਾਂ ਨੇ ਮਾਨਹਾਨੀ ਦੇ ਦਾਇਰ ਕੀਤੇ ਦਾਵੇ ਰਾਹੀਂ ਕੀਤਾ ਹੈ। ਮੇਅਰ ਨੇ ਸਪਸ਼ਟ ਕੀਤਾ ਕਿ ਉਹ ਅਪਣੇ ਇਸ ਦਾਅਵੇ ਰਾਹੀਂ ਮਾਣਯੋਗ ਅਦਾਲਤ ਤੋਂ ਇੰਸਾਫ ਲੈਣ ਦੀ ਕੋਸ਼ਿਸ਼ ਕਰਨਗੇ।