Patiala:Govt bans carrying of firearms in weddings

May 27, 2022 - PatialaPolitics

Patiala:Govt bans carrying of firearms in weddings

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ

ਵਿਆਹ ਸ਼ਾਦੀਆਂ ਸਮੇਂ ਮੈਰਿਜ ਪੈਲੇਸਾਂ ਵਿੱਚ ਲਾਇਸੰਸੀ ਅਸਲਾ ਲੈ ਕੇ ਜਾਣ ‘ਤੇ ਪਾਬੰਦੀ ਦੇ ਹੁਕਮ ਜਾਰੀ

ਪਟਿਆਲਾ, 27 ਮਈ:

ਵਧੀਕ ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਗੁਰਪ੍ਰੀਤ ਸਿੰਘ ਥਿੰਦ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਪਟਿਆਲਾ ਦੀਆਂ ਸੀਮਾਵਾਂ ਅੰਦਰ ਪੈਂਦੇ ਸਾਰੇ ਮੈਰਿਜ ਪੈਲੇਸਾਂ, ਹੋਟਲਾਂ, ਕਮਿਊਨਿਟੀ ਹਾਲ ਅਤੇ ਅਜਿਹੇ ਸਥਾਨ ਜਿੱਥੇ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ/ਪਾਰਟੀਆਂ ਦਾ ਆਯੋਜਨ ਕੀਤਾ ਜਾਂਦਾ ਹੈ, ਪ੍ਰੋਗਰਾਮ ਮੌਕੇ ਕਿਸੇ ਵੀ ਲਾਇਸੰਸੀ ਵਿਅਕਤੀ ਵੱਲੋਂ ਅਸਲਾ ਅੰਦਰ ਲੈ ਕੇ ਜਾਣ ਅਤੇ ਲੋਕ ਦਿਖਾਵੇ ਲਈ ਅਸਮਾਨੀ ਫਾਇਰ ਕਰਨ ‘ਤੇ ਪੂਰਨ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਜ਼ਿਲ੍ਹੇ ਵਿੱਚ 23 ਜੁਲਾਈ 2022 ਤੱਕ ਲਾਗੂ ਰਹਿਣਗੇ।

ਹੁਕਮਾਂ ‘ਚ ਕਿਹਾ ਗਿਆ ਹੈ ਕਿ ਇਹ ਆਮ ਵੇਖਣ ਵਿੱਚ ਆਇਆ ਹੈ ਕਿ ਵਿਆਹ ਸ਼ਾਦੀਆਂ ਦੇ ਸਮੇਂ ਮੈਰਿਜ ਪੈਲਸਾਂ ਵਿੱਚ ਕੁਝ ਲੋਕ ਆਪਣਾ ਲਾਇਸੰਸੀ ਅਸਲਾ ਨਾਲ ਲੈ ਕੇ ਜਾਂਦੇ ਹਨ ਅਤੇ ਸਮਾਗਮਾਂ ਵਿੱਚ ਸ਼ਰਾਬ ਆਦਿ ਪੀ ਕੇ ਇਹ ਵਿਅਕਤੀ ਹਥਿਆਰ ਲੈ ਕੇ ਸਟੇਜ ਉੱਪਰ ਭੰਗੜਾ ਪਾਉਂਦੇ ਸਮੇਂ ਫਾਇਰ ਕਰਦੇ ਹਨ ਜੋ ਪੈਲੇਸ ਵਿੱਚ ਮੌਜੂਦ ਲੋਕਾਂ ਦੀ ਜਾਨ ਦਾ ਖਤਰਾ ਬਣ ਜਾਂਦਾ ਹੈ, ਅਜਿਹੀਆਂ ਘਟਨਾਵਾਂ ਵਿੱਚ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਵਰਨਣਯੋਗ ਹੈ ਕਿ ਪੈਲੇਸਾਂ ਵਿੱਚ ਅਸਲਾ ਨਾਲ ਲੈ ਕੇ ਆਉਣ ਸਬੰਧੀ ਬੋਰਡ ਤਾਂ ਲਿਖੇ ਹੁੰਦੇ ਹਨ ਪਰ ਇਨ੍ਹਾਂ ਬੋਰਡਾਂ ‘ਤੇ ਕਿਸੇ ਵੱਲੋਂ ਅਮਲ ਨਹੀਂ ਕੀਤਾ ਜਾਦਾ। ਇਸ ਲਈ ਕੋਈ ਵੀ ਵਿਅਕਤੀ ਮੈਰਿਜ ਪੈਲਸਾਂ/ਹੋਟਲਾਂ ਵਿੱਚ ਲਾਇਸੰਸੀ ਹਥਿਆਰ ਨਾ ਲੈ ਕੇ ਆਵੇ, ਨੂੰ ਰੋਕਣ ਲਈ ਯਕੀਨੀ ਬਣਾਇਆ ਜਾਣਾ ਹੈ ਤਾਂ ਜੋ ਅੱਗੇ ਤੋਂ ਮੈਰਿਜ ਪੈਲੇਸਾਂ/ਹੋਟਲਾਂ ਵਿੱਚ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਇਸ ਲਈ ਅਮਨ ਕਾਨੂੰਨ ਬਣਾਏ ਰੱਖਣ ਅਤੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਵਾਸਤੇ ਢੁਕਵੇਂ ਕਦਮ ਉਠਾਉਣੇ ਜ਼ਰੂਰੀ ਹਨ।

ਪਟਿਆਲਾ ਜ਼ਿਲ੍ਹੇ ਵਿੱਚ ਸਥਿਤ ਸਾਰੇ ਮੈਰਿਜ ਪੈਲੇਸ, ਹੋਟਲ, ਕਮਿਊਨਿਟੀ ਹਾਲ ਦੇ ਮਾਲਕਾਂ/ਮੈਨੇਜਰ/ਪ੍ਰਬੰਧਕ ਇਹਨਾਂ ਹੁਕਮਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣਗੇ।