Govt frees 2828 acres of land from Patiala

August 3, 2022 - PatialaPolitics

Govt frees 2828 acres of land from Patiala

 

ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ
ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ਾ ਛੁਡਵਾਊ ਮੁਹਿੰਮ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ
-ਹੁਣ ਤੱਕ ਜ਼ਿਲ੍ਹਾ ਪਟਿਆਲਾ ਵਿੱਚ ਕੁੱਲ 1015 ਏਕੜ ਰਕਬਾ ਨਜਾਇਜ਼ ਕਬਜ਼ਿਆਂ ਹੇਠੋਂ ਛੁਡਵਾਇਆ
-ਵੱਖ-ਵੱਖ ਪਿੰਡਾਂ ਵਿਖੇ ਨਾਜਾਇਜ਼ ਕਾਬਜ਼ਕਾਰਾਂ ਨੇ 674 ਏਕੜ ਰਕਬਾ ਸਵੈ ਇੱਛੁਤ ਹੀ ਛੱਡਿਆ
ਪਟਿਆਲਾ, 3 ਅਗਸਤ:
ਜਿਲ੍ਹਾ ਪਟਿਆਲਾ ਅਧੀਨ ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ ਦੇ ਵੱਖ-ਵੱਖ ਬਲਾਕ ਦਫ਼ਤਰਾਂ ਅਧੀਨ ਆਉਂਦੇ ਪਿੰਡਾਂ ਵਿਖੇ ਹੋਏ ਨਾਜਾਇਜ਼ ਕਬਜਿਆਂ ਸਬੰਧੀ ਜਾਰੀ ਕੀਤੇ ਗਏ ਕੁੱਲ 322 ਕਬਜਾ ਵਰੰਟਾਂ ਵਿੱਚੋਂ ਸਰਕਾਰ ਦੁਆਰਾ ਨਾਜਾਇਜ਼ ਕਬਜਿਆਂ ਨੂੰ ਦੂਰ ਕਰਵਾਉਣ ਸਬੰਧੀ ਚਲਾਈ ਗਈ ਮੁਹਿੰਮ ਤਹਿਤ ਹੁਣ ਤੱਕ 101 ਕਬਜਾ ਵਰੰਟਾਂ ਉਪਰ ਕਾਰਵਾਈ ਕਰਦਿਆਂ ਕੁੱਲ 341 ਏਕੜ ਰਕਬੇ ਤੋਂ ਨਜਾਇਜ਼ ਕਬਜੇ ਦੂਰ ਕਰਵਾ ਦਿੱਤੇ ਗਏ ਹਨ।ਜਦਕਿ 674 ਏਕੜ ਰਕਬਾ ਸਵੈ ਇੱਛੁਤ ਹੀ ਛੱਡ ਦਿੱਤਾ ਗਿਆ ਇਸ ਤਰ੍ਹਾਂ ਕੁੱਲ 1015 ਏਕੜ ਰਕਬਾ ਨਜਾਇਜ਼ ਕਬਜਿਆਂ ਤੋਂ ਛੁਡਵਾ ਲਿਆ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਈਸ਼ਾ ਸਿੰਘਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਦੀਆਂ ਹਦਾਇਤਾਂ ਮੁਤਾਬਕ ਦਿਹਾਤੀ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪਟਿਆਲਾ ਜ਼ਿਲ੍ਹੇ ਅੰਦਰ ਨਾਜਾਇਜ਼ ਕਬਜੇ ਛੁਡਵਾਉਣ ਦੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।
ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸੁਖਚੈਨ ਸਿੰਘ ਪਪੜਾ ਨੇ ਦੱਸਿਆ ਕਿ ਕੁੱਝ ਲੋਕਾਂ ਵੱਲੋਂ ਸਰਕਾਰ ਦੀ ਨਾਜਾਇਜ਼ ਕਬਜਿਆਂ ਵਿਰੁੱਧ ਚਲਾਈ ਮੁਹਿੰਮ ਦੇ ਚਲਦਿਆਂ ਵੱਖ-ਵੱਖ ਪਿੰਡਾਂ ਵਿਖੇ ਕਾਬਜਕਾਰਾਂ ਵੱਲੋਂ 674 ਏਕੜ ਰਕਬਾ ਸਵੈ ਇੱਛੁਤ ਹੀ ਛੱਡ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਹੁਣ ਤੱਕ ਜ਼ਿਲ੍ਹਾ ਪਟਿਆਲਾ ਵੱਲੋਂ ਕੁੱਲ 1015 ਏਕੜ ਰਕਬਾ ਨਾਜਾਇਜ਼ ਕਬਜਿਆਂ ਤੋਂ ਛੁਡਵਾ ਲਿਆ ਗਿਆ ਹੈ ਅਤੇ ਇਸ ਰਕਬੇ ਵਿੱਚ ਤਕਰੀਬਨ 833 ਏਕੜ 1 ਕਨਾਲ 6 ਮਰਲੇ ਰਕਬਾ ਵਾਹੀਯੋਗ ਸੀ, ਜਿਸ ਵਿੱਚੋਂ ਹੁਣ ਤੱਕ 763 ਏਕੜ 3 ਕਨਾਲ ਰਕਬੇ ਦੀ ਬੋਲੀ ਸਾਲ 2022-23 ਲਈ ਕਰਵਾ ਦਿੱਤੀ ਗਈ ਹੈ, ਜਿਸ ਤੋਂ 2,00,78,587 ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ।ਇਸ ਤੋਂ ਇਲਾਵਾ ਜਿਲ੍ਹਾ ਪਟਿਆਲਾ ਅਧੀਨ ਬਕਾਇਆ ਰਹਿੰਦੇ 221 ਕਬਜਾ ਵਰੰਟਾਂ ਨੂੰ ਵੀ ਜਲਦ ਤੋਂ ਜਲਦ ਤਾਮੀਲ ਕਰਵਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ।