Cycle Track in Patiala

May 20, 2023 - PatialaPolitics

Cycle Track in Patiala

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ
ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਪਟਿਆਲਾ ਦੀ ਪਹਿਲੀ ਸਾਇਕਲਿੰਗ ਲੇਨ ਦਾ ਕੀਤਾ ਉਦਘਾਟਨ
-ਪਟਿਆਲਵੀਆਂ ਨੂੰ ਮਿਲਿਆ ਸਾਇਕਲਿੰਗ ਟਰੈਕ ਦਾ ਤੋਹਫ਼ਾ, ਠੀਕਰੀਵਾਲ ਚੌਂਕ ਤੋਂ ਵਾਈ.ਪੀ.ਐਸ. ਚੌਂਕ ਤੱਕ ਸੜਕ ਬਣੀ ਸਾਇਕਲਿੰਗ ਲੇਨ
-ਡਿਪਟੀ ਕਮਿਸ਼ਨਰ ਨੇ ਸਾਇਕਲਿੰਗ ਟਰੈਕ ਬਣਵਾਉਣ ਲਈ ਬੁੰਗੇ ਇੰਡੀਆ ਰਾਜਪੁਰਾ ਦਾ ਕੀਤਾ ਧੰਨਵਾਦ
ਪਟਿਆਲਾ, 19 ਮਈ:
ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਅੱਜ ਪਟਿਆਲਾ ਵਿਖੇ ਪਾਇਲਟ ਪ੍ਰਾਜੈਕਟ ਵਜੋਂ ਬੁੰਗੇ ਇੰਟਰਪ੍ਰਾਈਜਜ਼ ਰਾਜਪੁਰਾ ਵੱਲੋਂ ਸੀ.ਐਸ.ਆਰ. ਫੰਡਾਂ ਨਾਲ ਠੀਕਰੀਵਾਲਾ ਚੌਂਕ ਤੋਂ ਵਾਈ.ਪੀ.ਐਸ. ਚੌਂਕ ਤੱਕ ਬਣਾਏ ਸਾਇਕਲਿੰਗ ਟਰੈਕ ਦਾ ਉਦਘਾਟਨ ਕੀਤਾ।ਇਹ ਪਟਿਆਲਾ ਦਾ 1.2 ਕਿਲੋਮੀਟਰ ਸੜਕ ਲੰਮਾ ਆਪਣੀ ਕਿਸਮ ਦਾ ਪਹਿਲਾ ਸਾਇਕਲਿੰਗ ਟਰੈਕ ਹੈ ਜਿਸਨੂੰ ਅੱਜ ਪਟਿਆਵਲੀਆਂ ਨੂੰ ਸਮਰਪਿਤ ਕੀਤਾ ਗਿਆ ਹੈ।
ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਦੀ ਸਿਹਤ ਨੂੰ ਹੋਰ ਤੰਦਰੁਸਤ ਬਣਾਉਣ ਲਈ ਪਹਿਲਾਂ ਆਮ ਆਦਮੀ ਕਲੀਨਿਕ ਬਣਾਏ ਫੇਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਟਿਆਲਾ ਵਿਖੇ ਸੀ.ਐਮ. ਦੀ ਯੋਗਸ਼ਾਲਾ ਦੀ ਸ਼ੁਰੂਆਤ ਕੀਤੀ ਗਈ ਅਤੇ ਹੁਣ ਸਾਇਕਲਿੰਗ ਲੇਨ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਤੋਂ ਬਾਅਦ ਪੰਜਾਬ ਦੇ ਸ਼ਹਿਰ ਪਟਿਆਲਾ ਵਿਖੇ ਸਾਇਕਲਿੰਗ ਲੇਨ ਨੂੰ ਬਹੁਤ ਜਲਦ ਤਿਆਰ ਕਰਕੇ ਅੱਜ ਸਾਇਕਲ ਚਾਲਕਾਂ ਦੇ ਸਮਰਪਿਤ ਕੀਤਾ ਗਿਆ ਹੈ।
ਵਿਧਾਇਕ ਕੋਹਲੀ ਨੇ ਕਿਹਾ ਕਿ ਸਾਇਕਲ ਚਲਾਉਣਾ ਜਿੱਥੇ ਸਾਡੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ, ਉਥੇ ਹੀ ਸੜਕੀ ਹਾਦਸਿਆਂ ‘ਚ ਵੀ ਕਮੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਸ਼ਹਿਰ ਨੂੰ ਪੈਦਲ ਚੱਲਣ ਵਾਲਿਆਂ ਤੇ ਸਾਇਕਲਿਸਟਾਂ ਲਈ ਸੁਰੱਖਿਅਤ ਰਾਹਦਾਰੀ ਪ੍ਰਦਾਨ ਕਰਨ ਵੱਲ ਇੱਕ ਸਾਰਥਿਕ ਕਦਮ ਹੈ, ਜੋ ਕਿ ਸਾਡੇ ਵਾਤਾਵਰਣ ਨੂੰ ਵੀ ਬਚਾਉਣ ‘ਚ ਸਹਾਈ ਹੋਵੇਗਾ।
ਇਸੇ ਦੌਰਾਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਾਇਕਲਿੰਗ ਲੇਨ ਨੂੰ ਬਣਾਉਣ ਲਈ ਅੱਗੇ ਆਈ ਬੁੰਗੇ ਇੰਟਰਪ੍ਰਾਈਜਜ਼ ਰਾਜਪੁਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਟਿਆਲਾ ਸ਼ਹਿਰ ਵਾਸੀਆਂ ਤੇ ਖਾਸ ਕਰਕੇ ਸਾਇਕਲ ਚਲਾਉਣ ਵਾਲਿਆਂ ਲਈ ਸ਼ਹਿਰ ਅੰਦਰ ਇੱਕ ਡੈਡੀਕੇਟਿਡ ਸਾਇਕਲਿੰਗ ਲੇਨ ਦੀ ਘਾਟ ਸੀ, ਜਿਸ ਨੂੰ ਪੂਰਾ ਕਰਨ ਲਈ ਵਿਧਾਇਕ ਅਜੀਤਪਾਲ ਸਿੰਘ ਦੀ ਸਲਾਹ ਨਾਲ ਬੁੰਗੇ ਇੰਟਰਪ੍ਰਾਈਜਜ਼ ਤੋਂ ਸਹਿਯੋਗ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਇਕਲਿੰਗ ਟ੍ਰੈਕ ਨੂੰ ਲੈਕੇ ਸਾਇਕਲਿਸਟਾਂ ‘ਚ ਕਾਫ਼ੀ ਉਤਸ਼ਾਹ ਹੈ ਅਤੇ ਇਹ ਜ਼ਿਲ੍ਹਾ ਪ੍ਰਸ਼ਾਸਨ ਦਾ ਸੁਪਨਾ ਸੀ, ਜੋ ਬੁੰਗੇ ਇੰਡੀਆ ਦੇ ਸਹਿਯੋਗ ਸਦਕਾ ਸਾਕਾਰ ਹੋ ਗਿਆ ਹੈ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਬੁੰਗੇ ਇੰਡੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਾਇਕਲਿੰਗ ਲੇਨ ਚਲਾਉਣ ਤੋਂ ਬਾਅਦ ਸ਼ਹਿਰੀਆਂ ਦੀ ਫੀਡਬੈਕ ਲੈਕੇ ਇਸ ‘ਚ ਹੋਰ ਸੁਧਾਰ ਕਰਨ ਦੇ ਨਾਲ-ਨਾਲ ਅਜਿਹੇ ਸਾਇਕਲਿੰਗ ਟਰੈਕ ਹੋਰ ਵੀ ਬਣਾਏ ਜਾਣਗੇ।
ਇਸ ਮੌਕੇ ਐਸ.ਡੀ.ਐੱਮ ਡਾ. ਇਸਮਤ ਵਿਜੇ ਸਿੰਘ, ਸਾਇਕਲਿੰਗ ਟਰੈਕ ਦੇ ਪ੍ਰਾਜੈਕਟ ਨੂੰ ਮੁਕੰਮਲ ਕਰਵਾਉਣ ਵਾਲੇ ਬੁੰਗੇ ਇੰਡੀਆ ਦੇ ਐਚ.ਆਰ. ਮੈਨੇਜਰ ਸੰਦੀਪ ਸ਼ਰਮਾ ਤੇ ਵਾਤਾਵਰਣ ਮੈਨੇਜਰ ਸਚਿਨ ਵੋਹਰਾ, ਡੀ.ਐਸ.ਪੀ. ਟ੍ਰੈਫਿਕ ਕਰਮਵੀਰ ਤੂਰ, ਰੋਡ ਸੇਫ਼ਟੀ ਇੰਜੀਨੀਅਰ ਸ਼ਵਿੰਦਰਜੀਤ ਬਰਾੜ, ਥਾਪਰ ਯੂਨੀਵਰਸਿਟੀ ਤੋਂ ਡਾ. ਤਨੁਜ ਚੋਪੜਾ ਤੇ ਡਾ. ਦਿਪੰਜਨ ਮੁਖਰਜੀ, ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਦੇ ਕਾਰਜਕਾਰੀ ਰੋਹਿਤ ਸਿੰਗਲਾ ਤੇ ਜੇ ਈ ਧਰਮਵੀਰ ਸਿੰਘ, ਟਰੈਫਿਕ ਐਜੂਕੇਸ਼ਨ ਸੈੱਲ ਤੋਂ ਇੰਸਪੈਕਟਰ ਕਰਮਜੀਤ ਕੌਰ ਵੀ ਮੌਜੂਦ ਸਨ।।

 

View this post on Instagram

 

A post shared by Patiala Politics (@patialapolitics)