Patiala:Latest Update about Ghaggar/Waddi Naddi 29 July

July 29, 2023 - PatialaPolitics

Patiala:Latest Update about Ghaggar/Waddi Naddi 29 July

ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ
ਘੱਗਰ ਤੇ ਹੋਰ ਨਦੀਆਂ ‘ਚ ਪਏ ਪਾੜ ਪੂਰਨ ਦਾ ਕੰਮ ਜ਼ੋਰਾਂ ‘ਤੇ
-ਲੋਕ ਚੈਨ ਦੀ ਨੀਂਦ ਸੌਣ, ਪ੍ਰਸ਼ਾਸਨ ਮੁਸਤੈਦ, ਮੌਸਮ ‘ਤੇ ਨਿਰੰਤਰ ਨਜ਼ਰ
-ਵੱਡੀ ਨਦੀ ‘ਚ ਕੇਵਲ ਪਿਛਲੇ ਦਿਨੀਂ ਕੈਚਮੈਂਟ ਖੇਤਰ ‘ਚ ਪਏ ਮੀਂਹ ਦਾ ਆਮ ਪਾਣੀ, ਦੁਬਾਰਾ ਹੜ੍ਹ ਦੀ ਕੋਈ ਚਿਤਾਵਨੀ ਨਹੀਂ
ਪਟਿਆਲਾ, 29 ਜੁਲਾਈ:
ਜ਼ਿਲ੍ਹਾ ਪ੍ਰਸ਼ਾਸਨ ਨੇ ਪਟਿਆਲਾ ਦੇ ਵਸਨੀਕਾਂ ਨੂੰ ਭਰੋਸਾ ਦਿੱਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ‘ਤੇ ਪ੍ਰਸ਼ਾਸਨ ਪੂਰਾ ਮੁਸਤੈਦ ਹੈ ਅਤੇ ਮੌਸਮ ਉਪਰ ਨਿਰੰਤਰ ਬਾਜ ਨਜ਼ਰ ਰੱਖੀ ਜਾ ਰਹੀ ਹੈ। ਜਦਕਿ ਘੱਗਰ ਸਮੇਤ ਟਾਂਗਰੀ ਤੇ ਹੋਰ ਨਦੀਆਂ ਵਿੱਚ ਹੜ੍ਹ ਦੇ ਪਾਣੀ ਕਰਕੇ ਪਏ ਪਾੜਾਂ ਨੂੰ ਪੂਰਨ ਦਾ ਕੰਮ ਤੇਜੀ ਨਾਲ ਜਾਰੀ ਹੈ।
ਵੱਡੀ ਨਦੀ ਵਿੱਚ ਪਟਿਆਲਾ ਕੀ ਰਾਓ ਨਦੀ ਦੇ ਕੈਚਮੈਂਟ ਖੇਤਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ, ਫ਼ਤਿਹਗੜ੍ਹ ਸਾਹਿਬ ਤੇ ਨਵਾਂ ਗਾਉਂ (ਚੰਡੀਗੜ੍ਹ) ਵਿੱਚ ਪਿਛਲੇ ਦਿਨ ਪਏ ਮੀਂਹ ਦਾ ਪਾਣੀ ਹੈ ਨਾ ਕਿ ਕਿਸੇ ਤਰ੍ਹਾਂ ਦੇ ਹੜ੍ਹ ਦੀ ਕੋਈ ਚਿਤਾਵਨੀ ਜਾਰੀ ਕੀਤੀ ਹੈ ਜਾਂ ਨਾ ਹੀ ਖ਼ਤਰਾ ਹੈ। ਇਸ ਪਟਿਆਲਾ ਨਦੀ ਵਿੱਚ 4 ਥਾਵਾਂ ਉਤੇ ਪਾੜ ਪਏ ਸਨ, ਅਤੇ ਉਹ ਵੀ ਹੁਣ ਪੂਰ ਦਿੱਤੇ ਗਏ ਹਨ ਅਤੇ ਇਨ੍ਹਾਂ ਦੀ ਮਜ਼ਬੂਤੀ ਦਾ ਕੰਮ ਜਲ ਨਿਕਾਸ ਵਿਭਾਗ ਵੱਲੋਂ ਜਾਰੀ ਹੈ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜ਼ਿਲ੍ਹੇ ਦੀ ਪਲ-ਪਲ ਦੀ ਰਿਪੋਰਟ ਪ੍ਰਾਪਤ ਕੀਤੀ ਜਾ ਰਹੀ ਹੈ ਤੇ ਮੁੱਖ ਮੰਤਰੀ ਦੀਆਂ ਹਦਾਇਤਾਂ ‘ਤੇ ਜ਼ਿਲ੍ਹਾ ਪ੍ਰਸ਼ਾਸਨ ਆਪਣੇ ਨਾਗਰਿਕਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਕਰਨ ਲਈ ਪੂਰੀ ਜਿੰਮੇਵਾਰੀ ਨਾਲ ਮੁਸਤੈਦੀ ਵਰਤ ਕੇ ਵੱਖ-ਵੱਖ ਤਕਨੀਕੀ ਸਾਧਨਾਂ ਰਾਹੀਂ ਮੌਸਮ ਉਤੇ ਚੌਕਸੀ ਨਾਲ ਨਜ਼ਰ ਰੱਖ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੈਚਮੈਂਟ ਖੇਤਰਾਂ ਵਿੱਚ ਭਾਰੀ ਮੀਂਹ ਪੈਣ ਦੀ ਸੂਰਤ ਵਿੱਚ ਜ਼ਿਲ੍ਹੇ ਅੰਦਰੋਂ ਲੰਘਦੀਆਂ ਨਦੀਆਂ ਵਿੱਚ ਪਾਣੀ ਆਉਣ ਨੂੰ ਤਿੰਨ ਦਿਨਾਂ ਦਾ ਸਮਾਂ ਹੈ, ਇਸ ਲਈ ਲੋਕਾਂ ਨੂੰ ਘਬਰਾਹਟ ਵਿੱਚ ਆਉਣ ਜਾਂ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਉਤੇ ਯਕੀਨ ਨਹੀਂ ਕਰਨਾ ਚਾਹੀਦਾ ਸਗੋਂ ਹੜ੍ਹਾਂ ਬਾਬਤ ਕਿਸੇ ਵੀ ਜਾਣਕਾਰੀ ਲਈ ਕੇਵਲ ਪ੍ਰਸ਼ਾਸਨ ਵੱਲੋਂ ਜਾਰੀ ਸੂਚਨਾ ਉਤੇ ਹੀ ਭਰੋਸਾ ਕਰਨਾ ਚਾਹੀਦਾ ਹੈ ਅਤੇ ਲੋੜ ਪੈਣ ‘ਤੇ ਹੜ੍ਹ ਕੰਟਰੋਲ ਰੂਮ ਨੰਬਰ 0175-2350550 ਉਤੇ ਸੰਪਰਕ ਕਰ ਲੈਣ।
ਸਾਕਸ਼ੀ ਸਾਹਨੀ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਅੰਦਰ ਟਾਂਗਰੀ ਨਦੀ ਅਤੇ ਘੱਗਰ ਦਰਿਆ ਵਿੱਚ ਕਈ ਥਾਂਵਾਂ ਉਤੇ ਪਾੜ ਪਏ ਸਨ, ਇਨ੍ਹਾਂ ਵਿੱਚੋਂ ਕਈ ਥਾਂਵਾਂ ‘ਤੇ ਪਲੱਗ ਕਰਕੇ ਅੱਗੇ ਮਜ਼ਬੂਤੀ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾੜਾਂ ਨੂੰ ਪੂਰਨ ਦਾ ਕੰਮ ਪਾਣੀ ਕਰਕੇ ਕਾਫ਼ੀ ਔਖੇ ਹਾਲਾਤ ਵਿੱਚ ਕੀਤਾ ਜਾ ਰਿਹਾ ਹੈ ਅਤੇ ਹਰ ਕੰਮ ਲਈ ਠੇਕੇਦਾਰ ਨੂੰ ਕੰਮ ਅਲਾਟ ਕੀਤਾ ਗਿਆ ਹੈ ਜਦਕਿ ਨੇੜਲੇ ਪਿੰਡਾਂ ਦੀ ਮਸ਼ੀਨਰੀ ਜੇ.ਸੀ.ਬੀ. ਤੇ ਟ੍ਰੈਕਟਰ ਅਤੇ ਲੋਕਲ ਲੇਬਰ ਦੀ ਮਦਦ ਵੀ ਲਈ ਜਾਂਦੀ ਹੈ ਅਤੇ ਸਥਾਨਕ ਵਸਨੀਕ ਵੀ ਕਾਫ਼ੀ ਸਹਿਯੋਗ ਕਰ ਰਹੇ ਹਨ।