Satellite keeping eye on stubble burning in Patiala

October 5, 2023 - PatialaPolitics

Satellite keeping eye on stubble burning in Patiala

 

ਖੇਤਾਂ ਵਿੱਚ ਫ਼ਸਲਾਂ ਦੀ ਰਹਿੰਦ-ਖੂੰਹਦ ਤੇ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਦੇ ਹੱਲ ਲਈ ਕਾਰਪੋਰੇਟ ਸਮਾਜਿਕ ਜਿੰਮੇਵਾਰੀ ਤਹਿਤ ਇੰਡੀਅਨ ਆਇਲ ਕਾਰਪੋਰੇਸ਼ਨ ਵੱਲੋਂ ਸੀ.ਆਈ.ਆਈ. ਦੇ ਸਹਿਯੋਗ ਨਾਲ ਅਰੰਭੇ ਪ੍ਰਾਜੈਕਟ ਵਾਯੂ ਅੰਮ੍ਰਿਤ ਦੇ ਦੂਜੇ ਪੜਾਅ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਿੰਡ ਬੰਮਣਾਂ ਤੋਂ ਕਰਵਾਈ। ਇਸ ਮੌਕੇ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਉਤਰੀ ਖੇਤਰ ਪਾਈਪ ਲਾਈਨ ਦੇ ਲਾਂਘੇ ਵਾਲੇ ਜ਼ਿਲ੍ਹੇ ਦੇ 16 ਪਿੰਡਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ 7 ਸਹਿਕਾਰੀ ਸਭਾਵਾਂ ਨੂੰ ਸੁਪਰ ਸੀਡਰ ਦਿੱਤੇ ਗਏ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇਸ ਮੌਕੇ ਪਰਾਲੀ ਨੂੰ ਅੱਗ ਨਾ ਲਾਉਣ ਦੀ ਭਾਵੁਕ ਅਪੀਲ ਕੀਤੀ ਅਤੇ ਪਰਾਲੀ ਦੇ ਧੂੰਏ ਕਰਕੇ ਹਾਦਸਿਆਂ, ਮਿੱਤਰ ਕੀੜਿਆਂ ਦੇ ਸੜਨ, ਜਮੀਨ ਦੇ ਨੁਕਸਾਨ ਸਮੇਤ ਮਨੁੱਖਾਂ, ਜੀਵ ਜੰਤੂਆਂ ਤੇ ਖਾਸ ਕਰਕੇ ਬੱਚਿਆਂ ਨੂੰ ਹੁੰਦੇ ਨੁਕਸਾਨ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਸੈਟੇਲਾਈਟ ਰਾਹੀਂ ਹਰ ਥਾਂ ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ, ਇਸ ਕਰਕੇ ਕੋਈ ਵੀ ਅੱਗ ਲਾਉਣ ਵਾਲਾ ਕਿਸਾਨ ਪ੍ਰਸ਼ਾਸਨ ਤੋਂ ਬਚ ਨਹੀਂ ਸਕੇਗਾ। ਉਨ੍ਹਾਂ ਨੇ ਕਿਸਾਨ ਮਿੱਤਰ ਵਟਸਐਪ ਚੈਟਬੋਟ ਦਾ ਨੰਬਰ7380016070 ਸੇਵ ਕਰਕੇ ਇਸ ਵਿੱਚ ਅੰਗਰੇਜ਼ੀ ‘ਚ ਐਸ.ਐਸ.ਏ ਟਾਈਪ ਕਰਕੇ ਆਪਣੇ ਨੇੜੇ ਉਪਲਬੱਧ ਮਸ਼ੀਨਰੀ ਨਾਲ ਪਰਾਲੀ ਦਾ ਇਨ ਸੀਟੂ ਅਤੇ ਐਕਸ ਸੀਟੂ ਤਕਨੀਕਾਂ ਨਾਲ ਨਿਪਟਾਰਾ ਕਰਨ ਦੀ ਅਪੀਲ ਕੀਤੀ।

ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾਉਣ ਦੀ ਕਾਹਲ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਅਜੇ ਕਣਕ ਦੀ ਪੀ.ਬੀ.ਡਬਲਿਊ 826 ਕਿਸਮ ਬੀਜਣ ਲਈ ਕਾਫ਼ੀ ਸਮਾਂ ਹੈ, ਜਿਸ ਕਰਕੇ ਕਿਸਾਨ ਖੇਤਾਂ ਵਿੱਚ ਅੱਗ ਨਾ ਲਗਾਉਣ, ਸਗੋਂ ਪਰਾਲੀ ਦਾ ਖੇਤਾਂ ਵਿੱਚ ਹੀ ਨਿਪਟਾਰਾ ਕਰਨ।

ਸਾਕਸ਼ੀ ਸਾਹਨੀ ਨੇ ਦੱਸਿਆ ਕਿ ਕੌਮੀ ਗਰੀਨ ਟ੍ਰਿਬਿਊਨਲ ਅਤੇ ਮਾਨਯੋਗ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਬਹੁਤ ਸਖ਼ਤੀ ਨਾਲ ਨਜਿੱਠੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਇਕੱਲੀ ਸਖ਼ਤੀ ਹੀ ਨਹੀਂ ਕਰ ਰਿਹਾ ਬਲਕਿ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਤੋਂ ਰੋਕਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਨੂੰ ਬਦਲਵੇਂ ਪ੍ਰਬੰਧ ਵੀ ਕਰਕੇ ਦੇ ਰਿਹਾ ਹੈ।

ਇਸ ਮੌਕੇ ਐਨ.ਆਰ.ਪੀ.ਐਲ. ਦੇ ਕਾਰਜਕਾਰੀ ਡਾਇਰੈਕਟਰ ਐਸ.ਕੇ. ਕਨੌਜੀਆ, ਸੀਆਈਆਈ ਤੋਂ ਸ੍ਰੀਕਾਂਤ ਤੇ ਡੀ.ਜੀ.ਐਮ ਨੀਰਜ ਸਿੰਘ ਨੇ ਦੱਸਿਆ ਕਿ ਕੰਪਨੀ ਵੱਲੋਂ ਚੁਣੇ 16 ਪਿੰਡਾਂ ਨੂੰ ਕਣਕ ਦੀ ਬਿਜਾਈ ਕਰਨ ਲਈ ਸੁਪਰ ਸੀਡਰ ਤੇ ਸਮਾਰਟ ਸੀਡਰ ਮਸ਼ੀਨਾਂ ਦੇਣ ਸਮੇਤ ਹੋਰ ਵੀ ਤਕਨੀਕੀ ਸਹਾਇਤਾ ਕੀਤੀ ਜਾਵੇਗੀ। ਸਮਾਗਮ ‘ਚ ਹਰਜਿੰਦਰ ਸਿੰਘ ਜੌੜਾਮਾਜਰਾ, ਏ.ਡੀ.ਸੀ. (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ, ਐਸ.ਡੀ.ਐਮ ਚਰਨਜੀਤ ਸਿੰਘ, ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਸਰਬੇਸ਼ਵਰ ਸਿੰਘ ਮੋਹੀ ਅਤੇ ਸੋਨੂੰ ਥਿੰਦ, ਪਿੰਡ ਵਾਸੀ ਗੁਰਚਰਨ ਸਿੰਘ ਚਹਿਲ, ਸਕੂਲਾਂ ਦੇ ਵਿਦਿਆਰਥੀਆਂ ਸਮੇਤ ਹੋਰਨਾਂ ਪਿੰਡਾਂ ਦੀਆਂ ਪੰਚਾਇਤਾਂ ਤੇ ਵਸਨੀਕ ਵੱਡੀ ਗਿਣਤੀ ਵਿੱਚ ਮੌਜੂਦ ਸਨ।