Stubble Burning: Action will be taken against 23 Patiala farmers
October 13, 2023 - PatialaPolitics
Stubble Burning: Action will be taken against 23 Patiala farmers
ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ
ਜ਼ਿਲ੍ਹਾ ਪ੍ਰਸ਼ਾਸਨ ਸਖ਼ਤ, ਪਰਾਲੀ ਨੂੰ ਅੱਗ ਲਾਉਣ ਵਾਲੇ 8 ਹੋਰ ਕਿਸਾਨਾਂ ਵਿਰੁੱਧ ਕਾਨੂੰਨੀ ਕਾਰਵਾਈ
-ਪਹਿਲਾਂ ਅੱਗ ਲਾਉਣ ਵਾਲੇ 15 ਕਿਸਾਨਾਂ ਸਮੇਤ ਕੁਲ 23 ਵਿਰੁੱਧ ਹੋਵੇਗੀ ਕਾਰਵਾਈ
-ਪਰਾਲੀ ਫੂਕਣ ਵਾਲਿਆਂ ਦੇ ਅਸਲਾ ਲਾਇਸੈਂਸ ਨਾ ਬਨਣਗੇ ਨਵੇਂ, ਨਾ ਰਿਨੀਊ ਹੋਣਗੇ ਤੇ ਬਣੇ ਹੋਏ ਰੱਦ ਹੋਣਗੇ-ਡੀ.ਸੀ.
ਪਟਿਆਲਾ, 13 ਅਕਤੂਬਰ:
ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਨੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾਉਣ ਵਿਰੁੱਧ ਸਖ਼ਤ ਰੁਖ ਅਖ਼ਤਿਆਰ ਕਰ ਲਿਆ ਹੈ। ਜਿੱਥੇ ਪਹਿਲਾਂ ਹੀ 15 ਜਣਿਆਂ ਦੇ ਪਰਾਲੀ ਨੂੰ ਅੱਗ ਲਾਉਣ ਵਾਲਿਆਂ ਦੇ ਚਲਾਨ ਕੱਟੇ ਗਏ ਸਨ, ਉਥੇ ਹੀ ਹੁਣ 8 ਹੋਰਾਂ ਸਮੇਤ ਕੁਲ 23 ਕਿਸਾਨਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨੀ ਅਰੰਭੀ ਗਈ ਹੈ। ਜਦੋਂਕਿ ਅਜਿਹੇ ਕਿਸਾਨਾਂ ਦੇ ਅਸਲਾ ਲਾਇਸੈਂਸਾਂ ਦੇ ਰਿਨੀਊ, ਨਵੇਂ ਆਦਿ ਬਣਾਉਣ ‘ਤੇ ਰੋਕ ਪਹਿਲਾਂ ਹੀ ਲਗਾਈ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 23 ਥਾਵਾਂ ‘ਤੇ ਅੱਗ ਲਾਉਣ ਦੀ ਪੁਸ਼ਟੀ ਹੋਈ ਹੈ, ਅਤੇ ਇਨ੍ਹਾਂ ਕਿਸਾਨਾਂ ਦੇ ਚਲਾਨ ਕੀਤੇ ਜਾ ਚੁੱਕੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜਿਹੜੇ 8 ਹੋਰ ਕਿਸਾਨਾਂ ਨੇ ਅੱਗ ਲਗਾਈ ਹੈ, ਉਨ੍ਹਾਂ ਵਿੱਚ ਕਸਿਆਣਾ ਦਾ ਕਿਸ਼ਨ ਚੰਦ, ਲਲੌਛੀ ਦਾ ਅਮਰਜੀਤ ਸਿੰਘ, ਮੌਲਵੀਵਾਲਾ ਦਾ ਜਰਨੈਲ ਸਿੰਘ, ਮਵੀ ਕਲਾਂ ਦਾ ਪਰਗਟ ਸਿੰਘ ਤੇ ਕਰਨੈਲ ਸਿੰਘ, ਭਾਨਰਾ ਦੇ ਰੁਪਿੰਦਰ ਸਿੰਘ, ਦਰਸ਼ਨ ਸਿੰਘ ਤੇ ਕੁਲਵਿੰਦਰ ਸਿੰਘ ਤੋਂ ਇਲਾਵਾ ਧੂਹੜ ਦਾ ਇਕ ਹੋਰ ਕਿਸਾਨ ਵੀ ਸ਼ਾਮਲ ਹੈ।
ਜਦਕਿ ਪਹਿਲਾਂ ਸੰਗਤਪੁਰਾ ਦੇ ਚੰਦ ਸਿੰਘ, ਮੈਹਸ ਦਾ ਕਾਸ਼ਤਕਾਰ, ਅਰਾਈ ਮਾਜਰਾ ਦੇ ਹਰਪ੍ਰੀਤ ਸਿੰਘ, ਦੁਗਾਲ ਕਲਾਂ ਦੇ ਰਣਧੀਰ ਸਿੰਘ, ਦੁਗਾਲ ਖੁਰਦ ਦੇ ਜਮੀਨ ਮਾਲਕ ਗੁਰਮੀਤ ਕੌਰ, ਘੰਗਰੋਲੀ ਦੇ ਜਮੀਨ ਮਾਲਕ ਬਲਵੀਰ ਕੌਰ, ਅਤਾਲਾਂ ਦੇ ਸੁੱਚਾ ਸਿੰਘ, ਲਾਲਵਾ ਦੇ ਜੈਮਲ ਸਿੰਘ, ਮਰੌੜੀ ਦੇ ਕਪੂਰ ਸਿੰਘ, ਅਗੇਤਾ ਦਾ ਬਲਜਿੰਦਰ ਸਿੰਘ, ਹੱਲਾ ਦਾ ਜਸਦੀਪ ਸਿੰਘ, ਹਰਵਿੰਦਰ ਸਿੰਘ, ਹਰਿਆਊ ਖੁਰਦ ਦੇ ਜਸਪਾਲ ਸਿੰਘ ਤੇ ਗੁਰਮੀਤ ਸਿੰਘ ਵਿਰੁੱਧ ਕਾਰਵਾਈ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਮੁਤਾਬਕ ਜ਼ਿਲ੍ਹੇ ਵਿੱਚ ਪਰਾਲੀ ਪ੍ਰਬੰਧਨ ਲਈ ਅਤਿ-ਆਧੁਨਿਕ ਮਸ਼ੀਨਰੀ ਦੇ ਪੂਰੇ ਪੁਖ਼ਤਾ ਇੰਤਜਾਮ ਕੀਤੇ ਗਏ ਹਨ, ਇਸ ਦੇ ਬਾਵਜੂਦ ਵੀ ਕਈ ਕਿਸਾਨ ਜਾਣਬੁੱਝ ਕੇ ਖੇਤਾਂ ਵਿੱਚ ਅੱਗ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਕਿਸਾਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਨ੍ਹਾਂ ਦੇ ਵੱਲ ਵਾਤਾਵਰਣ ਲਾਗਤ (ਈਸੀ) ਨੂੰ ਬਕਾਇਆ ਦਿਖਾਇਆ ਜਾਵੇਗਾ ਤੇ ਕੋਈ ਐਨ.ਓ.ਸੀ. ਜਾਰੀ ਨਹੀਂ ਕੀਤੀ ਜਾਵੇਗੀ।
ਦੂਜੇ ਪਾਸੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਖੇਤਾਂ ਵਿੱਚ ਲੱਗੀ ਅੱਗ ਬੁਝਾਉਣ ਲਈ ਤੁਰੰਤ ਮੌਕੇ ‘ਤੇ ਵੀ ਪੁੱਜ ਰਿਹਾ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਪਰਾਲੀ ਸਾੜਨ ਉਤੇ ਪੂਰੀ ਤਰ੍ਹਾਂ ਰੋਕ ਲਗਾਈ ਗਈ ਹੈ ਅਤੇ ਇਸੇ ਤਹਿਤ ਹੀ ਵਾਤਾਵਰਣ ਦੀ ਸੰਭਾਲ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਖੇਤਾਂ ਵਿੱਚ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਕੀਮਤ ਉਤੇ ਖੇਤਾਂ ਵਿੱਚ ਅੱਗ ਨਹੀਂ ਲੱਗਣ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸਰਫੇਸ ਸੀਡਰ, ਸੁਪਰ ਸੀਡਰ, ਮਲਚਰ ਆਦਿ ਮਸ਼ੀਨਾਂ ਉਪਲੱਬਧ ਹੋਣ ਸਮੇਤ ਬੇਲਰਾਂ ਆਦਿ ਨਾਲ ਪਰਾਲੀ ਨੂੰ ਖੇਤਾਂ ਵਿੱਚ ਮਿਲਾਉਣ ਤੇ ਐਕਸ ਸੀਟੂ ਤੇ ਇਨਸੀਟੂ ਤਕਨੀਕਾਂ ਨਾਲ ਪਰਾਲੀ ਨੂੰ ਠਿਕਾਣੇ ਲਗਾਉਣ ਦੇ ਉਚੇਚੇ ਪ੍ਰਬੰਧ ਕੀਤੇ ਗਏ ਹਨ। ਇਸ ਲਈ ਕੋਈ ਵੀ ਕਿਸਾਨ ਅਗਲੀ ਫ਼ਸਲ ਬੀਜਣ ਲਈ ਕਾਹਲੀ ਵਿੱਚ ਖੇਤਾਂ ‘ਚ ਪਰਾਲੀ ਨੂੰ ਅੱਗ ਨਾ ਲਗਾਵੇ। ਉਨ੍ਹਾਂ ਕਿਹਾ ਕਿ ਜਿਹੜਾ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਏਗਾ ਉਨ੍ਹਾਂ ਨੂੰ ਸਨਮਾਨਤ ਕੀਤਾ ਜਾਵੇਗਾ।