Kali Mata Mandir Temple Patiala Gets new Parking

October 15, 2023 - PatialaPolitics

Kali Mata Mandir Temple Patiala Gets new Parking

ਪਟਿਆਲਾ, 15 ਅਕਤੂਬਰ:

ਅੱਜ ਨਵਰਾਤਰਿਆਂ ਦੇ ਪਵਿੱਤਰ ਤਿਉਹਾਰ ਦੀ ਅਰੰਭਤਾ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪਟਿਆਲਾ ਦੇ ਪੁਰਾਤਨ ਸ੍ਰੀ ਕਾਲੀ ਦੇਵੀ ਮੰਦਿਰ ਵਿਖੇ ਸ਼ਰਧਾਲੂਆਂ ਲਈ ਸਹੂਲਤਾਂ ਦੇ ਗੱਫ਼ੇ ਸਮਰਪਿਤ ਕੀਤੇ ਹਨ। ਵਿਧਾਇਕ ਕੋਹਲੀ ਨੇ ਇੱਥੇ ਸ਼ਰਧਾਲੂਆਂ ਦੀਆਂ ਗੱਡੀਆਂ ਤੇ ਦੋਪਹੀਆ ਵਾਹਨਾਂ ਲਈ ਮੁਫ਼ਤ ਪਾਰਕਿੰਗ ਲਈ ਬਹੁਮੰਜ਼ਿਲਾ ਇਮਾਰਤ ਸਮੇਤ ਸ਼ਰਧਾਲੂਆਂ ਦੇ ਠਹਿਰਣ ਵਾਸਤੇ ਸ੍ਰੀ ਰਾਜ ਰਾਜੇਸ਼ਵਰੀ ਭਵਨ ਦਾ ਵੀ ਉਦਘਾਟਨ ਕੀਤਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੀ ਮੌਜੂਦ ਸਨ।

ਪਹਿਲੇ ਨਵਰਾਤਰੇ ਮੌਕੇ ਮੰਦਿਰ ਸ੍ਰੀ ਕਾਲੀ ਦੇਵੀ ਵਿਖੇ ਨਤਮਸਤਕ ਹੋਣ ਮੌਕੇ ਅਜੀਤ ਪਾਲ ਸਿੰਘ ਕੋਹਲੀ ਨੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ। ਉਨ੍ਹਾਂ ਦੱਸਿਆ ਕਿ ਇਸ ਮੰਦਿਰ ਦੀ ਮਾਨਤਾ ਬਹੁਤ ਜਿਆਦਾ ਹੋਣ ਕਰਕੇ ਦਿਨ ਪ੍ਰਤੀ ਦਿਨ ਸਰਧਾਲੂਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਇਸ ਮੰਦਿਰ ਵਿੱਚ ਨਵਰਾਤਰਿਆਂ ਦਾ ਮੇਲਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਭਰਦਾ ਹੈ। ਇਸ ਲਈ ਇੱਥੇ ਸ਼ਰਧਾਲੂਆਂ ਦੀਆਂ ਗੱਡੀਆਂ ਤੇ ਹੋਰ ਵਾਹਨਾਂ ਲਈ ਪਾਰਕਿੰਗ ਦੀ ਥੁੜ ਮਹਿਸੂਸ ਹੋ ਰਹੀ ਸੀ।

ਵਿਧਾਇਕ ਕੋਹਲੀ ਨੇ ਦੱਸਿਆ ਕਿ ਇੱਥੇ ਪਹਿਲਾਂ ਬੇਸਮੈਂਟ ਵਿੱਚ ਕਾਰ/ਸਕੂਟਰ ਪਾਰਕਿੰਗ ਬਣਾਈ ਗਈ ਸੀ ਅਤੇ ਹੁਣ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਸ ਪਾਰਕਿੰਗ ਦੀਆਂ ਉਪਰੀਆਂ ਮੰਜਿਲਾਂ ਵਿੱਚ ਵਾਧਾ ਕੀਤਾ ਗਿਆ ਹੈ। ਹੁਣ ਲੋਕ ਨਿਰਮਾਣ ਵਿਭਾਗ ਵੱਲੋਂ ਇਸ ਪਾਰਕਿੰਗ ਵਿੱਚ ਲਗਭਗ 390.00 ਲੱਖ ਰੁਪਏ ਖਰਚ ਕਰਕੇ ਬੇਸਮੈਂਟ ਦੇ ਨਾਲ-ਨਾਲ ਤਿੰਨ ਮੰਜਿਲਾਂ ਦੀ ਉਸਾਰੀ ਕਰਨ ਉਪਰੰਤ 68,019 ਵਰਗ ਫੁੱਟ ਏਰੀਆ ਵਾਲੀ ਮਲਟੀਲੈਵਲ ਪਾਰਕਿੰਗ ਦਾ ਕੰਮ ਮੁਕੰਮਲ ਕਰਕੇ ਸ਼ਰਧਾਲੂਆਂ ਨੂੰ ਸਮਰਪਿਤ ਕੀਤਾ ਹੈ। ਇੱਥੇ 300 ਕਾਰਾਂ ਤੇ 1000 ਦੇ ਕਰੀਬ ਸਕੂਟਰ ਮੋਟਰਸਾਇਕਲ ਖੜ੍ਹੇ ਕੀਤੇ ਜਾ ਸਕਣਗੇ।

ਇਸ ਤੋਂ ਇਲਾਵਾ ਮਾਤਾ ਸ੍ਰੀ ਕਾਲੀ ਦੇਵੀ ਮੰਦਿਰ ਵਿਖੇ ਸ਼ਰਧਾਲੂਆਂ ਦੇ ਰੁਕਣ ਲਈ ਲਗਭਗ 250.00 ਲੱਖ ਖ਼ਰਚਕੇ ਲਗਭਗ 5200 ਵਰਗ ਫੁੱਟ ਏਰੀਆ ਵਿੱਚ ਡੋਰਮੈੱਟਰੀ ਦਾ ਪ੍ਰਬੰਧ ਕਰਦੇ ਹੋਏ ਸ੍ਰੀ ਰਾਜ-ਰਜੇਸਵਰੀ ਭਵਨ ਦੀ ਉਸਾਰੀ ਵੀ ਕੀਤੀ ਗਈ ਹੈ। ਇੱਥੇ ਸ਼ਰਧਾਲੂਆਂ ਦੀ ਵਰਤੋਂ ਲਈ ਬਾਥਰੂਮ ਅਤੇ ਜੁੱਤਾ ਘਰ ਵੀ ਮੌਜੂਦ ਹੈ।ਐਮ.ਐਲ.ਏ. ਕੋਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ਰਧਾਲੂਆਂ ਲਈ ਕੋਈ ਮੁਸ਼ਕਿਲ ਨਹੀਂ ਆਉਣ ਦੇਵੇਗੀ।

ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਪਵਿੱਤਰ, ਪੁਰਾਤਨ ਤੇ ਇਤਿਹਾਸਕ ਸ੍ਰੀ ਕਾਲੀ ਦੇਵੀ ਮੰਦਿਰ ਦੀ ਪੂਰੀ ਦੁਨੀਆ ‘ਚ ਮਹਾਨਤਾ ਅਤੇ ਮਾਨਤਾ ਹੈ, ਇਸ ਲਈ ਅੱਜ ਸ਼ੁਰੂ ਹੋ ਕੇ 23 ਅਕਤੂਬਰ ਤੱਕ ਚੱਲਣ ਵਾਲੇ ਨਵਰਾਤਰਿਆਂ ਦੇ ਪਾਵਨ ਤਿਉਹਾਰ ਲਈ ਇੱਥੇ ਨਤਮਸਤਕ ਹੋਣ ਲਈ ਆਉਂਦੇ ਸ਼ਰਧਾਲੂਆਂ ਲਈ ਹਰ ਤਰ੍ਹਾਂ ਦੇ ਪੁਖ਼ਤਾ ਇੰਤਜਾਮ ਕੀਤੇ ਗਏ ਹਨ। ਇਸ ਮੌਕੇ ਸ੍ਰੀ ਬ੍ਰਹਮਾਨੰਦ ਗਿਰੀ ਮਹਾਰਾਜ, ਮੰਦਿਰ ਸਲਾਹਕਾਰ ਮੈਨੇਜਿੰਗ ਕਮੇਟੀ ਦੇ ਮੈਂਬਰ ਸੰਦੀਪ ਬੰਧੂ, ਕ੍ਰਿਸ਼ਨ ਕੁਮਾਰ ਗੁਪਤਾ, ਨਰੇਸ਼ ਕਾਕਾ, ਮਨਮੋਹਨ ਕਪੂਰ, ਮਦਨ ਅਰੋੜਾ ਤੇ ਰਵਿੰਦਰ ਕੌਸ਼ਲ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪਿਯੂਸ਼ ਅਗਰਵਾਲ, ਡੀ.ਐਸ.ਪੀ ਸੰਜੀਵ ਸਿੰਗਲਾ ਸਮੇਤ ਮੈਨੇਜਰ ਹਰਸਿਮਰਤ ਕੌਰ ਤੇ ਨੀਤੂ ਰਾਣੀ ਵੀ ਮੌਜੂਦ ਸਨ।