JN.1 Covid: Advisory issued by Patiala admin

December 25, 2023 - PatialaPolitics

JN.1 Covid: Advisory issued by Patiala admin

ਵਧੀਕ ਜ਼ਿਲ੍ਹਾ ਮੈਜਿਸਟਰੇਟ -ਕਮ- ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ ਨੇ ਪਟਿਆਲਾ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਕੋਵਿਡ-19 ਦੇ ਨਵੇਂ ਵੇਰੀਐਂਟ ਜੇ.ਐਨ 1 ਤੋਂ ਬਚਾਅ ਲਈ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਅਤੇ ਭੀੜ ਵਾਲੇ ਸਥਾਨਾਂ ‘ਤੇ ਮਾਸਕ ਪਾਉਣ ਸਮੇਤ ਜ਼ਰੂਰੀ ਅਹਿਤਿਆਤ ਜ਼ਰੂਰ ਵਰਤੇ ਜਾਣ।

ਜਾਰੀ ਅਪੀਲ ਵਿੱਚ ਦੇਸ਼ ਦੇ ਕੁਝ ਰਾਜਾਂ ਵਿੱਚ ਕੋਵਿਡ 19 ਦੇ ਨਵੇਂ ਵੇਰੀਐਂਟ ਜੇ.ਐਨ 1 ਦਾ ਜ਼ਿਕਰ ਕਰਦਿਆਂ ਕਿਹਾ ਗਿਆ ਹੈ ਕਿ ਕੋਵਿਡ ਉਚਿਤ ਵਿਵਹਾਰ ਦੀ ਸਖ਼ਤੀ ਨਾਲ ਪਾਲਣਾ ਕਰਨੀ ਜ਼ਰੂਰੀ ਹੈ ਤੇ ਭੀੜ ਵਾਲੇ ਸਥਾਨਾਂ ‘ਚ ਜਾਣ ਸਮੇਂ ਅਤੇ ਨੇੜੇ ਬੈਠਣ ਵਾਲੇ ਸਥਾਨਾਂ ‘ਤੇ ਮਾਸਕ ਪਾਉਣ ਨੂੰ ਤਰਜੀਹ ਦਿੱਤੀ ਜਾਵੇ। ਡਾਕਟਰ, ਪੈਰਾਮੈਡੀਕਲ ਅਤੇ ਹੋਰ ਹੈਲਥ ਕੇਅਰ ਵਰਕਰ ਮਰੀਜ਼ ਦੀ ਜਾਂਚ ਕਰਨ ਸਮੇਂ ਕੋਵਿਡ ਉਚਿਤ ਵਿਵਹਾਰ ਦੀ ਪਾਲਣਾ ਕਰਨ। ਇਸ ਤੋਂ ਇਲਾਵਾ ਮਰੀਜ਼ ਅਤੇ ਉਨ੍ਹਾਂ ਦੇ ਨਾਲ ਆਏ ਮੈਂਬਰ ਅਹਿਤਿਆਤ ਵਜੋਂ ਕੋਵਿਡ ਤੋਂ ਬਚਾਅ ਵਾਲੇ ਨਿਯਮਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ

ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਖੰਘ ਅਤੇ ਛਿੱਕ ਆਉਣ ਸਮੇਂ ਆਪਣੇ ਨੱਕ ਤੇ ਮੂੰਹ ਨੂੰ ਰੁਮਾਲ ਜਾ ਟਿਸ਼ੂ ਨਾਲ ਡੱਕਿਆ ਜਾਵੇ ਤੇ ਥੋੜੇ ਥੋੜੇ ਸਮੇਂ ਬਾਅਦ ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਤੇ ਜਾਣ। ਜੇਕਰ ਬੁਖਾਰ, ਖੰਘ ਜਾ ਫੇਰ ਸਾਹ ਲੈਣ ਵਿੱਚ ਤਕਲੀਫ ਹੋਵੇ ਤਾਂ ਤੁਰੰਤ ਡਾਕਟਰ ਦੀ ਸਲਾਹ ਲਈ ਜਾਵੇ ਅਤੇ ਡਾਕਟਰ ਕੋਲ ਜਾਣ ਸਮੇਂ ਵੀ ਮਾਸਕ ਨਾਲ ਆਪਣਾ ਮੂੰਹ ਤੇ ਨੱਕ ਡੱਕਿਆ ਜਾਵੇ।

ਇਸ ਤੋਂ ਇਲਾਵਾ ਕਿਸੇ ਬਿਮਾਰੀ ਨਾਲ ਪੀੜਤ ਵਿਅਕਤੀ, ਗਰਭਵਤੀ ਮਹਿਲਾਵਾਂ ਅਤੇ ਬਜ਼ੁਰਗ ਭੀੜ ਵਾਲੇ ਸਥਾਨਾਂ ‘ਤੇ ਜਾਣ ਤੋਂ ਗੁਰੇਜ਼ ਕਰਨ ਅਤੇ ਆਪਣੀਆਂ ਅੱਖਾਂ, ਨੱਕ ਅਤੇ ਮੂੰਹ ‘ਤੇ ਹੱਥ ਨਾ ਲਗਾਇਆ ਜਾਵੇ। ਜਨਤਕ ਸਥਾਨਾਂ ‘ਤੇ ਥੁੱਕਿਆਂ ਨਾ ਜਾਵੇ ਅਤੇ ਬਿਮਾਰ ਹੋਣ ‘ਤੇ ਬਿਨ੍ਹਾਂ ਡਾਕਟਰੀ ਸਲਾਹ ਦੇ ਇਲਾਜ ਆਪਣੇ ਆਪ ਕਰਨ ਤੋਂ ਬਚਿਆ ਜਾਵੇ।