Punjab budget 2019-20 on 18 February

January 29, 2019 - PatialaPolitics

*ਪੰਜਾਬ ਦਾ ਬਜਟ ਸੈਸ਼ਨ 12 ਤੋਂ 21 ਫਰਵਰੀ ਤੱਕ, 18 ਫਰਵਰੀ ਨੂੰ ਪੇਸ਼ ਹੋਵੇਗਾ ਬਜਟ*

ਚੰਡੀਗੜ, 29 ਜਨਵਰੀ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸਾਲ 2019-20 ਦਾ ਬਜਟ 18 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ।
ਇਹ ਪ੍ਰਗਟਾਵਾ ਕਰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅੱਜ ਇੱਥੇ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਇਹ ਫੈਸਲਾ ਹੋਇਆ। ਮੰਤਰੀ ਮੰਡਲ ਨੇ ਵਿਧਾਨ ਸਭਾ ਦਾ ਬਜਟ ਇਜਲਾਸ 12 ਤੋਂ 21 ਫਰਵਰੀ ਤੱਕ ਤੱਕ ਸੱਦਣ ਦਾ ਫੈਸਲਾ ਕੀਤਾ ਹੈ।
ਮੰਤਰੀ ਮੰਡਲ ਦੇ ਫੈਸਲੇ ਮੁਤਾਬਕ ਭਾਰਤ ਦੇ ਸੰਵਿਧਾਨ ਦੀ ਧਾਰਾ 174 ਦੀ ਉਪ ਧਾਰਾ (1) ਤਹਿਤ 15ਵੀਂ ਪੰਜਾਬ ਵਿਧਾਨ ਸਭਾ ਦਾ 7ਵਾਂ ਇਜਲਾਸ ਸੱਦਣ ਲਈ ਪੰਜਾਬ ਦੇ ਰਾਜਪਾਲ ਨੂੰ ਅਧਿਕਾਰਤ ਕੀਤਾ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਬਜਟ ਇਜਲਾਸ 12 ਫਰਵਰੀ ਨੂੰ ਸਵੇਰੇ 11 ਵਜੇ ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੋਵੇਗਾ ਜਿਸ ਤੋਂ ਬਾਅਦ ਉਸੇ ਦਿਨ ਬਾਅਦ ਦੁਪਹਿਰ 2 ਵਜੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀ ਜਾਣਗੀਆਂ। 13 ਫਰਵਰੀ ਨੂੰ ਸਵੇਰੇ 10 ਵਜੇ ਗੈਰ-ਸਰਕਾਰੀ ਕੰਮਕਾਜ ਹੋਵੇਗਾ। 15 ਫਰਵਰੀ ਨੂੰ ਸਵੇਰੇ 10 ਵਜੇ ਰਾਜਪਾਲ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਤਾਵ ਪੇਸ਼ ਹੋਵੇਗਾ ਜਿਸ ਤੋਂ ਬਾਅਦ ਭਾਸ਼ਣ ‘ਤੇ ਬਹਿਸ ਆਰੰਭ ਹੋਵੇਗੀ ਜੋ ਦਿਨ ਭਰ ਚੱਲੇਗੀ।
ਬੁਲਾਰੇ ਨੇ ਅੱਗੇ ਦੱਸਿਆ ਕਿ 18 ਫਰਵਰੀ ਨੂੰ ਬਾਅਦ ਦੁਪਹਿਰ 2 ਵਜੇ ਸਾਲ 2017-18 ਲਈ ਭਾਰਤ ਦੇ ਕੰਪਟ੍ਰੋਲਰ ਅਤੇ ਆਡੀਟਰ ਜਨਰਲ ਦੀਆਂ ਰਿਪੋਰਟਾਂ (ਸਿਵਲ, ਵਪਾਰਕ), ਸਾਲ 2017-18 ਲਈ ਵਿੱਤੀ ਲੇਖੇ ਅਤੇ ਸਾਲ 2017-18 ਲਈ ਨਮਿੱਤਣ ਲੇਖੇ ਪੇਸ਼ ਹੋਣਗੇ।
ਇਸੇ ਤਰਾਂ 18 ਫਰਵਰੀ ਨੂੰ ਸਾਲ 2018-19 ਲਈ ਗ੍ਰਾਂਟਾਂ ਲਈ ਅਨੁਪੂਰਕ ਮੰਗਾਂ, ਸਾਲ 2018-19 ਲਈ ਗ੍ਰਾਂਟਾਂ ਲਈ ਅਨੁਪੂਰਕ ਮੰਗਾਂ ਤੇ ਨਮਿੱਤਣ ਬਿੱਲ ਅਤੇ ਸਾਲ 2019-20 ਲਈ ਬਜਟ ਅਨੁਮਾਨ ਸਦਨ ਅੱਗੇ ਪੇਸ਼ ਕੀਤੇ ਜਾਣਗੇ।
ਬੁਲਾਰੇ ਨੇ ਦੱਸਿਆ ਕਿ 20 ਫਰਵਰੀ ਨੂੰ ਬਾਅਦ ਦੁਪਹਿਰ 2 ਵਜੇ ਬਜਟ ਅਨੁਮਾਨਾਂ ‘ਤੇ ਆਮ ਬਹਿਸ ਸ਼ੁਰੂ ਹੋਵੇਗੀ। 21 ਫਰਵਰੀ ਨੂੰ ਸਵੇਰੇ 10 ਵਜੇ ਗੈਰ-ਸਰਕਾਰੀ ਕੰਮਕਾਜ ਹੋਵੇਗਾ ਜਿਸ ਤੋਂ ਬਾਅਦ ਬਜਟ ਅਨੁਮਾਨਾਂ ਦੀਆਂ ਮੰਗਾਂ ‘ਤੇ ਬਹਿਸ ਅਤੇ ਵੋਟਿੰਗ ਹੋਵੇਗੀ। ਇਸ ਤੋਂ ਬਾਅਦ ਸਦਨ ਅਣਮਿੱਥੇ ਸਮੇਂ ਲਈ ਉਠਾ ਦਿੱਤਾ ਜਾਵੇਗਾ।