SGPC President takes strict notice of assault on Sikh man in Kaithal

June 12, 2024 - PatialaPolitics

SGPC President takes strict notice of assault on Sikh man in Kaithal

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਦੇ ਕੈਥਲ ਵਿਖੇ ਇੱਕ ਸਿੱਖ ਦੀ ਨਫ਼ਰਤੀ ਭਾਵਨਾ ਨਾਲ ਕੁੱਟਮਾਰ ਕਰਨ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਉਨ੍ਹਾਂ ਖਿਲਾਫ ਕਨੂੰਨੀ ਕਾਰਵਾਈ ਕਰੇ। ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਘਟਨਾ ਨਾਲ ਸਮੁੱਚੇ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ ਲਿਹਾਜਾ ਹਰਿਆਣਾ ਸਰਕਾਰ ਇਸ ਨੂੰ ਗੰਭੀਰਤਾ ਨਾਲ ਲਵੇ ਅਤੇ ਸੂਬੇ ਅੰਦਰ ਵੱਸਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਵੇ।

 

ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਵੇਖਣ ਵਿੱਚ ਆ ਰਿਹਾ ਹੈ ਕਿ ਸਿੱਖਾਂ ਵਿਰੁੱਧ ਭਾਰਤ ਦੇਸ਼ ਅੰਦਰ ਲਗਾਤਾਰ ਨਫ਼ਰਤੀ ਮਹੌਲ ਸਿਰਜਿਆ ਜਾ ਰਿਹਾ ਹੈ ਅਤੇ ਵੱਖ-ਵੱਖ ਸੂਬਿਆਂ ‘ਚ ਬਿਨਾਂ ਕਿਸੇ ਕਾਰਨ ਹੀ ਸਿੱਖਾਂ ਨੂੰ ਨਿਸ਼ਾਨੇ ‘ਤੇ ਲਿਆ ਜਾਂਦਾ ਹੈ। ਸਰਕਾਰਾਂ ਦੀ ਇਹ ਜਿੰਮੇਵਾਰੀ ਹੈ ਕਿ ਦੇਸ਼ ਅੰਦਰ ਹਰ ਵਰਗ ਹਰ ਧਰਮ ਅਤੇ ਹਰ ਫਿਰਕੇ ਦੇ ਲੋਕਾਂ ਧਾਰਮਿਕ ਅਜ਼ਾਦੀ ਅਤੇ ਹੱਕ ਹਕੂਕਾਂ ਦੀ ਤਰਜਮਾਨੀ ਕਰੇ। ਜਿਹੜੇ ਵੀ ਲੋਕ ਦੇਸ਼ ਦੇ ਸੰਵਿਧਾਨ ਵਿਰੁੱਧ ਜਾ ਕੇ ਨਫ਼ਰਤੀ ਅਤੇ ਫਿਰਕੂ ਮਹੌਲ ਸਿਰਜਦੇ ਹਨ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਜ਼ਰੂਰ ਹੋਵੇ।

 

ਐਡਵੋਕੇਟ ਧਾਮੀ ਨੇ ਕਿਹਾ ਕਿ ਕੈਥਲ ਦੇ ਰਹਿਣ ਵਾਲੇ ਸ. ਸੁਖਵਿੰਦਰ ਸਿੰਘ ਨੂੰ ਅਣਪਛਾਤੇ ਦੋ ਵਿਅਕਤੀਆਂ ਵੱਲੋਂ ਸ਼ਹਿਰ ਦੇ ਨਜ਼ਦੀਕ ਰੋਕ ਕੇ ਨਫ਼ਰਤੀ ਟਿਪਟੀਆਂ ਕਰਨਾ ਅਤੇ ਕੁੱਟਮਾਰ ਕਰਨੀ ਦੇਸ਼ ਵਿੱਚ ਵੱਧ ਰਹੀ ਨਫ਼ਰਤੀ ਹਿੰਸਾ ਦਾ ਪ੍ਰਗਟਾਵਾ ਹੈ ਜਿਸ ਪ੍ਰਤੀ ਹਰਿਆਣਾ ਸਰਕਾਰ ਦੇ ਨਾਲ-ਨਾਲ ਕੇਂਦਰ ਸਰਕਾਰ ਦੀ ਵੀ ਜਿੰਮੇਵਾਰੀ ਬਣਦੀ ਹੈ ਕਿ ਇਸ ਵਰਤਾਰੇ ਨੂੰ ਸੰਜੀਦਗੀ ਨਾਲ ਲਵੇ ਕਿਉਂਕਿ ਅਜਿਹੀਆਂ ਹਰਕਤਾਂ ਦੇਸ਼ਹਿਤ ਵਿੱਚ ਨਹੀਂ ਹਨ।

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ ਕੈਥਲ ‘ਚ ਸਿੱਖ ਦੀ ਕੁੱਟਮਾਰ ਦੇ ਮਾਮਲੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ ਅਨੁਸਾਰ ਕੈਥਲ ਦੇ ਪੁਲਿਸ ਕਪਤਾਨ ਨੂੰ ਈ-ਮੇਲ ਪੱਤਰ ਭੇਜ ਕੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਲਈ ਕਿਹਾ ਗਿਆ ਹੈ।