ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਭਾਜਪਾ ਪ੍ਰਧਾਨ ਦੇ ਨਤਮਸਤਕ ਹੋਣ ਸਮੇਂ ਮਰਯਾਦਾ ਦਾ ਉਲੰਘਣ ਦੁੱਖਦਾਈ- SGPC
September 10, 2024 - PatialaPolitics
ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਭਾਜਪਾ ਪ੍ਰਧਾਨ ਦੇ ਨਤਮਸਤਕ ਹੋਣ ਸਮੇਂ ਮਰਯਾਦਾ ਦਾ ਉਲੰਘਣ ਦੁੱਖਦਾਈ- SGPC
ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਭਾਜਪਾ ਪ੍ਰਧਾਨ ਦੇ ਨਤਮਸਤਕ ਹੋਣ ਸਮੇਂ ਮਰਯਾਦਾ ਦਾ ਉਲੰਘਣ ਦੁੱਖਦਾਈ- ਐਡਵੋਕੇਟ ਹਰਜਿੰਦਰ ਸਿੰਘ ਧਾਮੀ
ਅੰਮ੍ਰਿਤਸਰ, 9 ਸਤੰਬਰ-
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਜੇ ਪੀ ਨੱਡਾ ਦੇ ਨਤਮਸਤਕ ਹੋਣ ਪੁੱਜਣ ਮੌਕੇ ਗੁਰੂ ਘਰ ਦੇ ਕੀਰਤਨੀ ਜਥੇ ਨੂੰ ਗੁਰਬਾਣੀ ਕੀਰਤਨ ਕਰਨ ਸਮੇਂ ਮੀਡੀਆ ਵੱਲੋਂ ਪਰੇਸ਼ਾਨ ਕਰਨਾ ਬੇਹੱਦ ਦੁੱਖਦਾਈ ਹੈ ਅਤੇ ਅਜਿਹੀ ਹਰਕਤ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਵਾਲੀ ਹੈ। ਇਹ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗੁਰੂ ਅਸਥਾਨਾਂ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਅਤੇ ਕੀਰਤਨ ਦੀ ਇੱਕ ਆਪਣੀ ਮਰਯਾਦਾ ਹੈ ਜਿਸ ਨੂੰ ਯਕੀਨੀ ਬਣਾਉਣਾ ਪ੍ਰਬੰਧਕਾਂ ਦੀ ਵੱਡੀ ਜਿੰਮੇਵਾਰੀ ਹੈ। ਸਿੱਖ ਕੌਮ ਦੇ ਪਾਵਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਭਾਜਪਾ ਆਗੂ ਦੇ ਨਤਮਸਤਕ ਹੋਣ ਮੌਕੇ ਮਰਯਾਦਾ ਦਾ ਉਲੰਘਣ ਕਰਦਿਆਂ ਮੀਡੀਆ ਵੱਲੋਂ ਕੀਰਤਨ ਕਰ ਰਹੇ ਰਾਗੀ ਜਥੇ ਦੀ ਸੇਵਾ ਦੌਰਾਨ ਵਿਘਨ ਪਾਉਣ ਨਿੰਦਣਯੋਗ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਕਿਸੇ ਵੀ ਰਾਜਸੀ ਆਗੂ ਦੇ ਗੁਰੂ ਘਰ ਆਉਣ ਸਮੇਂ ਮਰਯਾਦਾ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਹੈ ਅਤੇ ਪ੍ਰਬੰਧਕਾਂ ਦੀ ਇਹ ਜਿੰਮੇਵਾਰੀ ਹੈ ਕਿ ਉਹ ਮਰਯਾਦਾ ਵਿਰੁੱਧ ਕਿਸੇ ਵੀ ਕਾਰਵਾਈ ਅਤੇ ਹਰਕਤ ਨੂੰ ਤੁਰੰਤ ਰੋਕਣ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਆਪਣੀ ਡਿਊਟੀ ਨਿਭਾਉਣ ਸਮੇਂ ਉਹ ਗੁਰੂ ਘਰਾਂ ਦੀ ਮਰਯਾਦਾ ਅਤੇ ਸਤਿਕਾਰ ਦਾ ਖਿਲਾਲ ਜ਼ਰੂਰ ਰੱਖਣ।