2100 boxes of liquor seized
ਆਬਕਾਰੀ ਤੇ ਕਰ ਵਿਭਾਗ ਵੱਲੋਂ ਆਬਕਾਰੀ ਵਿਭਾਗ ‘ਚ ਤਾਇਨਾਤ ਪੁਲਿਸ ਨਾਲ ਮਿਲਕੇ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੰਦਿਆਂ ਅਰੁਣਾਚਲ ਪ੍ਰਦੇਸ਼ ਲਈ ਬਣੀ ਦੇਸ਼ੀ ਸ਼ਰਾਬ ਕਰੇਜ਼ੀ ਰੋਮੀਓ ਦੀਆਂ ਨਜਾਇਜ਼ ਰੂਪ ‘ਚ ਦੋ ਕੈਂਟਰਾਂ ਵਿੱਚ ਲਿਜਾਈਆਂ ਜਾ ਰਹੀਆਂ 2100 ਪੇਟੀਆਂ ਬਰਾਮਦ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਆਬਕਾਰੀ ਤੇ ਕਰ ਵਿਭਾਗ ‘ਚ ਤਾਇਨਾਤ ਏ.ਆਈ.ਜੀ. ਸ. ਗੁਰਚੈਨ ਸਿੰਘ ਧਨੋਆ ਨੇ ਦੱਸਿਆ ਕਿ ਇਹ ਕਾਰਵਾਈ ਪੰਜਾਬ ਸਰਕਾਰ ਵੱਲੋਂ ਅਰੰਭੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕੀਤੀ ਗਈ ਹੈ।
ਏ.ਆਈ.ਜੀ. ਸ. ਧਨੋਆ ਨੇ ਦੱਸਿਆ ਕਿ ਰਾਜਪੁਰਾ ਰੋਡ ‘ਤੇ ਸਥਿਤ ਘਨੌਰ ਪੁਲ ਵਿਖੇ ਆਬਕਾਰੀ ਕਰ ਵਿਭਾਗ ਦੇ ਈ.ਟੀ.ਓ. ਰਾਜੀਵ ਸ਼ਰਮਾ ਅਤੇ ਇੰਸਪੈਕਟਰ ਦੀਨ ਦਿਆਲ ਸਮੇਤ ਏ.ਐਸ.ਆਈ. ਜੈਦੀਪ ਸ਼ਰਮਾ ਤੇ ਏ.ਐਸ.ਆਈ. ਲਵਦੀਪ ਸਿੰਘ ਵੱਲੋਂ ਆਪਣੀ ਪੁਲਿਸ ਪਾਰਟੀ ਨਾਲ ਲਾਏ ਨਾਕੇ ਦੌਰਾਨ ਉਨ੍ਹਾਂ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ, ਕਿ ਅਰੁਣਾਚਲ ਪ੍ਰਦੇਸ਼ ਲਈ ਬਣੀ ਸ਼ਰਾਬ ਨਜਾਇਜ਼ ਰੂਪ ‘ਚ ਦੋ ਗੱਡੀਆਂ ਅੰਦਰ ਭਰ ਕੇ ਲਿਜਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ‘ਤੇ ਕਾਰਵਾਈ ਕਰਦਿਆਂ ਜਦੋਂ ਦੋ ਕੈਂਟਰਾਂ ਨੂੰ ਪੜਤਾਲ ਕਰਨ ਲਈ ਰੋਕਿਆ ਗਿਆ ਤਾਂ ਇਨ੍ਹਾਂ ਨੇ ਦੋਵਾਂ ਗੱਡੀਆਂ ਦੇ ਡਰਾਇਵਰਾਂ ਨੇ ਕੋਈ ਦਸਤਾਵੇਜ ਪੇਸ਼ ਨਹੀਂ ਕੀਤੇ ਸਗੋਂ ਇਹ ਦੋਵੇਂ ਗੱਡੀਆਂ ਛੱਡ ਕੇ ਭੱਜ ਗਏ, ਇਸ ਤਰ੍ਹਾਂ ਇਨ੍ਹਾਂ ਦੋਵਾਂ ਗੱਡੀਆਂ ਨੂੰ ਪੰਜਾਬ ਵੈਟ ਐਕਟ 2005 ਅਧੀਨ ਰੋਕ ਲਿਆ ਗਿਆ।
ਸ. ਧਨੋਆ ਨੇ ਦੱਸਿਆ ਕਿ ਜਦੋਂ ਇਨ੍ਹਾਂ ਕੈਂਟਰਾਂ ਦੀ ਤਲਾਸ਼ੀ ਲਈ ਗਈ ਤਾਂ ਇਨ੍ਹਾਂ ਗੱਡੀਆਂ ਵਿੱਚੋਂ 2100 ਪੇਟੀਆਂ ਕਰੇਜ਼ੀ ਰੋਮੀਓ ਅਰੁਣਾਚਲ ਸ਼ਰਾਬ ਬਰਾਮਦ ਕੀਤੀਆਂ ਗਈਆਂ। ਇਹ ਸ਼ਰਾਬ ਬਿਨਾਂ ਬੈਚ ਨੰਬਰ ਅਤੇ ਮੈਨੂਫੈਕਚਰ ਮਿਤੀ ਤੋਂ ਸੀ ਅਤੇ ਢੋਈ ਜਾ ਰਹੀ ਸ਼ਰਾਬ ਦੇ ਦਸਤਾਵੇਜ ਵੀ ਜਾਅਲੀ ਪਾਏ ਗਏ ਜੋਕਿ ਟੈਕਸ ਚੋਰੀ ਦਾ ਮਾਮਲਾ ਵੀ ਬਣਦਾ ਹੈ। ਜਦੋਂਕਿ ਭੱਜੇ ਡਰਾਇਵਰਾਂ ਦੀ ਪਛਾਣ ਸੰਮੀ ਮਿੱਤਲ ਪੁੱਤਰ ਵਿਜੇ ਮਿੱਤਲ ਵਾਸੀ ਗਾਂਧੀ ਨਗਰ ਮੰਡੀ ਗੋਬਿੰਦਗੜ੍ਹ ਅਤੇ ਕੁਟੀ ਨਾਮ ਦੇ ਵਿਅਕਤੀ ਵਜੋਂ ਹੋਈ।
ਏ.ਆਈ.ਜੀ. ਸ. ਧਨੋਆ ਨੇ ਦੱਸਿਆ ਕਿ ਇਸ ‘ਤੇ ਕਾਰਵਾਈ ਕਰਦਿਆਂ ਥਾਣਾ ਸ਼ੰਭੂ ਵਿਖੇ ਆਬਕਾਰੀ ਐਕਟ ਦੀਆਂ ਧਾਰਾਵਾਂ 61,1,14 ਤਹਿਤ ਮੁਕਦਮਾ ਨੰਬਰ 97 ਦਰਜ ਕਰਵਾਇਆ ਗਿਆ। ਉਨ੍ਹਾਂ ਹੋਰ ਦੱਸਿਆ ਕਿ ਨਜਾਇਜ਼ ਸ਼ਰਾਬ ਦੀ ਬਰਾਮਦੀ ਕਰਨ ਵਾਲੀ ਟੀਮ ‘ਚ ਪੁਲਿਸ ਦੇ ਮੁਲਾਜਮ ਗਗਨਦੀਪ ਸਿੰਘ ਤੇ ਕੁਲਦੀਪ ਸਿੰਘ ਵੀ ਸ਼ਾਮਲ ਸਨ।
