ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਗੰਭੀਰ ਰੋਗਾਂ ਵਾਲਾ ਕੋਈ ਵੀ ਕੋਵਿਡ-19 ਪਾਜ਼ਿਟਿਵ ਵਿਅਕਤੀ ਆਪਣੇ ਘਰ ‘ਚ ਏਕਾਂਤਵਾਸ ਨਾ ਕੀਤਾ ਜਾਵੇ ਅਤੇ ਨਾ ਹੀ ਕੋਵਿਡ ਸੰਭਾਲ ਕੇਂਦਰ ਵਿਖੇ ਰੱਖਿਆ ਜਾਵੇ, ਸਗੋਂ ਉਸਨੂੰ ਤੁਰੰਤ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਬਣੀ ਆਈਸੋਲੇਸ਼ਨ ਵਾਰਡ ਵਿੱਚ ਹੀ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਲਈ ਦਾਖਲ ਕੀਤਾ ਜਾਵੇ।
ਸ੍ਰੀ ਕੁਮਾਰ ਅਮਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਵਿਰੁੱਧ ਵਿੱਢੀ ਜੰਗ ‘ਮਿਸ਼ਨ ਫ਼ਤਿਹ’ ਤਹਿਤ ਪਟਿਆਲਾ ਜ਼ਿਲ੍ਹੇ ‘ਚ ਕੋਵਿਡ-19 ਮਰੀਜਾਂ ਦੇ ਇਲਾਜ ਅਤੇ ਸਾਂਭ-ਸੰਭਾਲ ਸਬੰਧੀਂ ਪ੍ਰਬੰਧਾਂ ਦਾ ਜਾਇਜ਼ਾ ਲੈਣ ਸਮੇਤ ਕੋਵਿਡ ਦੀ ਤਾਜਾ ਸਥਿਤੀ ਦੀ ਸਮੀਖਿਆ ਕਰਨ ਲਈ ਇੱਕ ਉਚ ਪੱਧਰੀ ਮੀਟਿੰਗ ਕਰ ਰਹੇ ਸਨ।
ਇਸ ਮੀਟਿੰਗ ‘ਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ, ਸਰਕਾਰੀ ਮੈਡੀਕਲ ਕਾਲਜ ਪਅਿਆਲਾ ਦੇ ਕੋਵਿਡ ਕੇਅਰ ਦੇ ਨੋਡਲ ਅਫ਼ਸਰ-ਕਮ-ਪੀਡੀਏ ਦੇ ਮੁੱਖ ਪ੍ਰਸ਼ਾਸਕ ਸ੍ਰੀਮਤੀ ਸੁਰਭੀ ਮਲਿਕ, ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ, ਸਰਕਾਰੀ ਮੈਡੀਕਲ ਕਾਲਜ ਦੇ ਵਾਇਸ ਪ੍ਰਿੰਸੀਪਲ ਡਾ. ਪ੍ਰਮੋਦ ਕੁਮਾਰ, ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਪਾਰਸ ਪਾਂਡਵ, ਡਿਪਟੀ ਐਮ.ਐਸ. ਡਾ. ਡਾਂਗਵਾਲ, ਐਸ.ਡੀ.ਐਮ. ਚਰਨਜੀਤ ਸਿੰਘ, ਡੀ.ਐਸ.ਪੀ. ਅੱਛਰੂ ਰਾਮ, ਡਾ. ਆਰ.ਪੀ.ਐਸ. ਸਿਬੀਆ, ਡਾ. ਵਿਸ਼ਾਲ ਚੋਪੜਾ ਸਮੇਤ ਲੋਕ ਨਿਰਮਾਣ ਵਿਭਾਗ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਅਧਿਕਾਰੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਅਤੇ ਮੈਡੀਕਲ ਸੁਪਰਡੈਂਟ ਨੂੰ ਹਦਾਇਤ ਕੀਤੀ ਕਿ ਹੁਣ ਤੱਕ ਜ਼ਿਲ੍ਹੇ ‘ਚ ਕੋਵਿਡ ਕਰਕੇ ਹੋਈਆਂ ਮੌਤਾਂ ਦਾ ਵਿਸ਼ਲੇਸ਼ਣ ਕਰਕੇ ਰਿਪੋਰਟ ਸੌਂਪੀ ਜਾਵੇ। ਆਈਸੋਲੇਸ਼ਨ ਵਾਰਡ ‘ਚ ਦਾਖਲ ਹਰੇਕ ਮਰੀਜ ਦੀ ਨਿਗਰਾਨੀ ਬਰੀਕੀ ਨਾਲ ਕੀਤੀ ਜਾਵੇ ਤੇ ਆਕਸੀਜਨ ਪੱਧਰ ਦਿਨ ‘ਚ ਤਿੰਨ ਵਾਰ ਜਾਂਚਿਆ ਜਾਵੇ।
ਡਿਪਟੀ ਕਮਿਸ਼ਨਰ ਨੇ ਆਈਸੋਲੇਸ਼ਨ ਵਾਰਡ ‘ਚ ਸਾਫ਼-ਸਫ਼ਾਈ, ਮਰੀਜਾਂ ਲਈ ਖਾਣਾ, ਦਵਾਈਆਂ ਆਦਿ ਦੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਹਦਾਇਤ ਕੀਤੀ ਕਿ ਸਿਹਤ ਵਿਭਾਗ ਅਤੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਡਾਕਟਰਾਂ ਵੱਲੋਂ ਆਪਸੀ ਤਾਲਮੇਲ ਅਤੇ ਪੇਸ਼ੇਵਰਾਨਾ ਢੰਗ ਨਾਲ ਕੋਵਿਡ-19 ਦੇ ਮਰੀਜਾਂ ਦੀ ਸੰਭਾਲ ਕੀਤੀ ਜਾਵੇ ਤਾਂ ਕਿ ਪਾਜਿਟਿਵ ਮਰੀਜਾਂ ਦਾ ਸਮੇਂ ਸਿਰ ਬਿਹਤਰ ਇਲਾਜ ਹੋ ਸਕੇ।

Join #PatialaHelpline & #PatialaPolitics for latest updates

ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ਮਿਸ਼ਨ ਫ਼ਤਿਹ ਦੀ ਸਫ਼ਲਤਾ ਲਈ ਆਪਸੀ ਤਾਲਮੇਲ ਤੇ ਸਾਂਝੀ ਜਿੰਮੇਵਾਰੀ ਨਾਲ ਕੋਵਿਡ-19 ਦੇ ਵਧਦੇ ਕੇਸਾਂ ‘ਤੇ ਕਾਬੂ ਪਾਉਣ ਲਈ 24 ਘੰਟੇ ਤਤਪਰ ਹੈ ਉਥੇ ਹੀ ਸਿਹਤ ਵਿਭਾਗ ਅਤੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਡਾਕਟਰ ਵੀ 24 ਘੰਟੇ ਮਰੀਜਾਂ ਦੀ ਸਾਂਭ-ਸੰਭਾਲ ਲਈ ਲੱਗੇ ਹੋਏ ਹਨ ਪਰੰਤੂ ਕੋਵਿਡ ਮਹਾਂਮਾਰੀ ਦੀ ਤਾਜਾ ਸਥਿਤੀ ਦੇ ਮੱਦੇਨਜ਼ਰ ਹੁਣ ਹੋਰ ਚੌਕਸ ਹੋਣਾ ਪਵੇਗਾ।
ਡਿਪਟੀ ਕਮਿਸ਼ਨਰ ਨੇ ਲੋਕ ਨਿਰਮਾਣ ਵਿਭਾਗ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਰਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਖੇ ਲੋੜੀਂਦੀ ਹਰ ਸਹੂਲਤ ਤੁਰੰਤ ਮੁਹੱਈਆ ਕਰਵਾਈ ਜਾਵੇ ਤਾਂਕਿ ਮੈਡੀਕਲ ਅਮਲੇ ਅਤੇ ਦਾਖਲ ਮਰੀਜਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਕੋਵਿਡ ਦੇ ਲੱਛਣ ਨਜ਼ਰ ਆਉਣ ਤਾਂ ਉਹ ਤੁਰੰਤ ਮੈਡੀਕਲ ਹੈਲਪਲਾਈਨ ਨੰਬਰ 104 ਅਤੇ ਸਿਵਲ ਸਰਜਨ ਦਫ਼ਤਰ ਪਟਿਆਲਾ ਦੇ ਹੈਲਪਲਾਈਨ ਨੰਬਰ 0175-5128793 ਅਤੇ 5127793 ‘ਤੇ ਸੰਪਰਕ ਕਰ ਸਕਦਾ ਹੈ।

Facebook Comments