Patiala Administration succeed in to climb down Unemployed ETT teacher Surinder Pal from BSNL Tower

August 1, 2021 - PatialaPolitics

ਬੇਰੁਜ਼ਗਾਰ ਈਟੀਟੀ ਅਧਿਆਪਕ ਸੁਰਿੰਦਰਪਾਲ ਨੂੰ ਬੀਐਸਐਨਐਲ ਟਾਵਰ ਤੋਂ ਥੱਲੇ ਉਤਾਰਨ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ

ਪੰਜਾਬ ਸਰਕਾਰ ਵਲੋਂ 6635 ਈਟੀਟੀ ਅਧਿਆਪਕਾਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ

ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਮੇਅਰ ਸੰਜੀਵ ਸ਼ਰਮਾ ਨੇ ਸੁਰਿੰਦਰ ਪਾਲ ਦੀ ਹੜਤਾਲ ਪਾਣੀ ਪਿਲਾ ਕੇ ਖਤਮ ਕਰਵਾਈ

ਸਿਹਤ ਜਾਂਚ ਲਈ ਰਾਜਿੰਦਰਾ ਹਸਪਤਾਲ ਭੇਜਿਆ, ਹਾਲਤ ਖਤਰੇ ਤੋਂ ਬਾਹਰ

ਡੀਸੀ ਅਤੇ ਐਸਐਸਪੀ ਨੇ ਬੇਰੁਜ਼ਗਾਰ ਈਟੀਟੀ ਯੂਨੀਅਨ ਆਗੂਆਂ ਨਾਲ ਸੁਰਿੰਦਰਪਾਲ ਨੂੰ ਥੱਲੇ ਉਤਰਨ ਤੋਂ ਪਹਿਲਾਂ ਮੀਟਿੰਗ ਕੀਤੀ

ਰਾਜਿੰਦਰਾ ਹਸਪਤਾਲ ਚ ਜਾ ਕੇ ਸੁਰਿੰਦਰਪਾਲ ਦਾ ਹਾਲ ਵੀ ਜਾਣਿਆ

ਪਟਿਆਲਾ, 01 ਅਗਸਤ:

ਬੇਰੁਜ਼ਗਾਰ ਈਟੀਟੀ ਅਧਿਆਪਕ ਸੁਰਿੰਦਰ ਪਾਲ ਨੂੰ ਬੀਐਸਐਨਐਲ ਟਾਵਰ ਤੋਂ ਹੇਠਾਂ ਉਤਾਰਨ ਲਈ ਪੰਜਾਬ ਸਰਕਾਰ, ਪਟਿਆਲਾ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਅਣਥੱਕ ਕੋਸ਼ਿਸ਼ਾਂ ਨੂੰ ਅੱਜ ਉਸ ਸਮੇਂ ਬੂਰ ਪਿਆ, ਜਦੋਂ ਉਸ ਨੂੰ ਹੇਠਾਂ ਉਤਰਨ ਲਈ ਮਨਾਉਣ ਤੋਂ ਬਾਅਦ, ਸੁਰੱਖਿਅਤ ਉਤਰ ਲਿਆ ਗਿਆ।
ਹੋਰ ਵੇਰਵੇ ਦਿੰਦਿਆਂ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਅਤੇ ਰਾਜ ਸਰਕਾਰ ਦਰਮਿਆਨ ਹੋਈਆਂ ਲਗਾਤਾਰ ਮੀਟਿੰਗਾਂ ਤੋਂ ਬਾਅਦ, ਯੂਨੀਅਨ ਨੇ ਸਰਕਾਰ ਵੱਲੋਂ ਈਟੀਟੀ ਅਧਿਆਪਕਾਂ ਦੀਆਂ 6635 ਅਸਾਮੀਆਂ ਬਾਰੇ ਜਾਰੀ ਕੀਤੇ ਨੋਟੀਫਿਕੇਸ਼ਨ ‘ਤੇ ਸੰਤੁਸ਼ਟੀ ਜ਼ਾਹਰ ਕੀਤੀ। ਨੋਟੀਫਿਕੇਸ਼ਨ ਤੋਂ ਬਾਅਦ, ਅੱਜ 6635 ਅਧਿਆਪਕਾਂ ਦੀ ਭਰਤੀ ਲਈ ਇੱਕ ਇਸ਼ਤਿਹਾਰ ਵੀ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਕੀਤਾ ਗਿਆ ਸੀ। ਹੜਤਾਲ ਖਤਮ ਕਰਵਾਉਣ ਲਈ ਚੱਲ ਰਹੇ ਇਨ੍ਹਾਂ ਯਤਨਾਂ ਨੂੰ ਜਾਰੀ ਰੱਖਦਿਆਂ, ਡੀਸੀ ਕੁਮਾਰ ਅਮਿਤ, ਐਸਐਸਪੀ ਡਾ: ਸੰਦੀਪ ਗਰਗ, ਐਸਪੀ (ਸਿਟੀ) ਵਰੁਣ ਸ਼ਰਮਾ, ਐਸਡੀਐਮ ਪਟਿਆਲਾ ਚਰਨਜੀਤ ਸਿੰਘ ਅਤੇ ਈਟੀਟੀ ਯੂਨੀਅਨ ਦੇ ਆਗੂਆਂ ਵਿਚਾਲੇ ਇੱਕ ਮੀਟਿੰਗ ਅੱਜ ਜੀਓ ਮੈਸ ਵਿਖੇ ਕੀਤੀ ਗਈ, ਜਿਸ ਵਿਚ ਸੁਰਿੰਦਰਪਾਲ ਨੂੰ ਟਾਵਰ ਤੋਂ ਉਤਾਰਨ ਤੇ ਸਹਿਮਤੀ ਬਣੀ। ਸੁਰਿੰਦਰ ਪਾਲ ਨੂੰ ਟਾਵਰ ਤੋਂ ਹੇਠਾਂ ਲਿਆਉਣ ਲਈ, ਯੂਨੀਅਨ ਦੀ ਮੰਗ ਦੇ ਅਨੁਸਾਰ,ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋੜੀਂਦੇ ਸਮਾਨ ਦਾ ਪ੍ਰਬੰਧ ਵੀ ਕੀਤਾ ਗਿਆ।
ਵਿਧਾਇਕ ਰਾਜਪੁਰਾ, ਹਰਦਿਆਲ ਸਿੰਘ ਕੰਬੋਜ ਅਤੇ ਮੇਅਰ ਸੰਜੀਵ ਸ਼ਰਮਾ ਨੇ ਸੁਰਿੰਦਰਪਾਲ ਦੇ ਹੇਠਾਂ ਸੁਰੱਖਿਅਤ ਪਹੁੰਚਣ ‘ਤੇ ਪਾਣੀ ਪਿਲਾ ਕੇ ਉਸ ਦੀ ਹੜਤਾਲ ਸਮਾਪਤ ਕਰਵਾਈ ਅਤੇ ਦਿੱਤਾ ਅਤੇ ਉਸਦੀ ਅਗਲੀ ਸਿਹਤ ਜਾਂਚ ਲਈ ਹਸਪਤਾਲ ਪਹੁੰਚਾਉਣ ਦਾ ਪ੍ਰਬੰਧ ਕੀਤਾ।
ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਐਸਐਸਪੀ ਡਾ: ਸੰਦੀਪ ਗਰਗ, ਐਸਪੀ (ਸਿਟੀ) ਵਰੁਣ ਸ਼ਰਮਾ ਅਤੇ ਐਸਡੀਐਮ ਚਰਨਜੀਤ ਸਿੰਘ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਦਾ ਦੌਰਾ ਕਰਕੇ ਸੁਰਿੰਦਰਪਾਲ ਦਾ ਹਾਲ -ਚਾਲ ਜਾਣਿਆ। ਮੈਡੀਕਲ ਸੁਪਰਡੈਂਟ, ਡਾਕਟਰ ਐਚ ਐਸ ਰੇਖੀ ਨੇ ਦੱਸਿਆ ਕਿ ਸੁਰਿੰਦਰ ਪਾਲ ਦੀ ਡਾਕਟਰੀ ਜਾਂਚ ਤੋਂ ਬਾਅਦ, ਉਹ ਸਰੀਰਕ ਤੌਰ ‘ਤੇ ਸਹੀ ਪਾਇਆ ਗਿਆ ਹੈ ਅਤੇ ਉਸ ਨੂੰ ਤਾਕਤ ਵਜੋਂ ਆਈ ਵੀ ਡਰਿੱਪ ਲਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਨ੍ਹਾਂ ਈਟੀਟੀ ਯੂਨੀਅਨ ਆਗੂਆਂ ਅਤੇ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵਿਚਕਾਰ ਕੱਲ੍ਹ ਅੰਤਿਮ ਮੀਟਿੰਗ ਤੈਅ ਕਰਵਾਈ ਗਈ ਹੈ ਤਾਂ ਜੋ ਅਧਿਆਪਕਾਂ ਦੀ ਭਰਤੀ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਵਿਭਾਗ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਜਾ ਸਕੇ।