Laying of foundation stone of new bus stand at Nabha

December 23, 2021 - PatialaPolitics

Laying of foundation stone of new bus stand at Nabha

Laying of foundation stone of new bus stand at Nabha
Laying of foundation stone of new bus stand at Nabha

ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ।

ਰਾਜਾ ਵੜਿੰਗ ਨੇ 4 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਨਾਭਾ ਦੇ ਨਵੇਂ ਤੇ ਆਧੁਨਿਕ ਬੱਸ ਅੱਡੇ ਦਾ ਨੀਂਹ ਪੱਥਰ ਰੱਖਿਆ

-ਪੰਜਾਬ ‘ਚ ਨਵੇਂ ਬੱਸ ਅੱਡਿਆਂ ਸਮੇਤ ਪੁਰਾਣੇ ਬੱਸ ਅੱਡਿਆਂ ਦਾ ਬੁਨਿਆਦੀ ਢਾਂਚਾ ਸੰਵਾਰਨ ਲਈ 400 ਕਰੋੜ ਰੁਪਏ ਖ਼ਰਚੇ ਜਾ ਰਹੇ ਹਨ-ਵੜਿੰਗ

-ਕੈਪਟਨ ਦੇ ਭਾਜਪਾ ਤੇ ਬਾਦਲਾ ਨਾਲ ਰਲੇ ਹੋਣ ਕਰਕੇ ਸੂਬੇ ਨੂੰ ਹੋਇਆ ਵੱਡਾ ਨੁਕਸਾਨ-ਰਾਜਾ ਵੜਿੰਗ

-ਨਵੇਂ ਬੱਸ ਅੱਡੇ ਦੀ 40 ਸਾਲਾਂ ਤੋਂ ਉਡੀਕ ਕਰ ਰਹੇ ਨਾਭਾ ਦੇ ਲੋਕਾਂ ਦੀ ਉਡੀਕ ਮੁੱਕੀ-ਸਾਧੂ ਸਿੰਘ ਧਰਮਸੋਤ

-ਨਾਭਾ ਹਲਕੇ ‘ਚ ਕਰਵਾਏ ਵਿਕਾਸ ਕਾਰਜਾਂ ਨੇ ਪਿਛਲਾ ਸਾਰਾ ਰਿਕਾਰਡ ਤੋੜਿਆ-ਧਰਮਸੋਤ

ਨਾਭਾ, 23 ਦਸੰਬਰ:

ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਾਭਾ ਵਿਖੇ ਕਰੀਬ 40 ਸਾਲਾਂ ਤੋਂ ਬਣਾਏ ਜਾਣ ਦੀ ਉਡੀਕ ਕਰ ਰਹੇ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਇੱਥੇ ਕਰੀਬ 4 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਤੇ ਆਧੁਨਿਕ ਬੱਸ ਅੱਡੇ ਦੀ ਉਸਾਰੀ ਦੇ ਪ੍ਰਾਜੈਕਟ ਦੀ ਸ਼ੁਰੂਆਤ, ਸਾਬਕਾ ਮੰਤਰੀ ਤੇ ਹਲਕਾ ਵਿਧਾਇਕ ਸ. ਸਾਧੂ ਸਿੰਘ ਧਰਮਸੋਤ ਦੀ ਮੌਜੂਦਗੀ ‘ਚ ਕਰਵਾਈ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ ਵੀ ਮੌਜੂਦ ਸਨ।

ਟਰਾਂਸਪੋਰਟ ਮੰਤਰੀ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੱਸਿਆ ਕਿ ਰਾਜ ਵਿੱਚ ਨਵੇਂ ਬੱਸ ਅੱਡਿਆਂ ਦੀ ਉਸਾਰੀ ਤੇ ਬੱਸ ਅੱਡਿਆਂ ਦਾ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਲਈ 400 ਕਰੋੜ ਰੁਪਏ ਖ਼ਰਚੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਨਾਭਾ ਦੇ ਬੱਸ ਅੱਡੇ ਲਈ ਵੀ ਲੋੜੀਂਦੇ ਫੰਡ ਪਹਿਲਾਂ ਹੀ ਭੇਜ ਦਿੱਤੇ ਗਏ ਹਨ ਅਤੇ ਇਸ ਦੀ ਉੇਸਾਰੀ ਦਾ ਕੰਮ ਸਥਾਨਕ ਸਰਕਾਰਾਂ ਵਿਭਾਗ ਰਾਹੀਂ ਨਗਰ ਕੌਂਸਲ, ਨੂੰ ਸੌਂਪਿਆ ਗਿਆ ਹੈ ਅਤੇ ਇਸ ਕੰਮ ਨੂੰ ਮਿਥੇ ਸਮੇਂ ਦੇ ਅੰਦਰ-ਅੰਦਰ ਮੁਕੰਮਲ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ।

ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੱਤਰਕਾਰਾਂ ਵੱਲੋਂ ਬਿਕਰਮ ਸਿੰਘ ਮਜੀਠੀਆ ਵਿਰੁੱਧ ਦਰਜ ਪੁਲਿਸ ਕੇਸ ਬਾਰੇ ਕੋਈ ਟਿਪਣੀ ਕਰਨ ਤੋਂ ਬਗੈਰ ਕਿਹਾ ਕਿ ਮਾਮਲਾ ਅਦਾਲਤ ਵਿੱਚ ਹੈ ਪਰੰਤੂ ਪੰਜਾਬ ਦੇ ਲੋਕਾਂ ਨੂੰ ਸਚਾਈ ਦਾ ਸਭ ਪਤਾ ਹੈ। ਰਾਜ ਵਿੱਚ ਨਵਾਂ ਡੀ.ਜੀ.ਪੀ. ਲਗਾਏ ਜਾਣ ਬਾਰੇ ਪੁੱਛੇ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਮੌਜੂਦਾ ਡੀ.ਜੀ.ਪੀ. ਸਭ ਤੋਂ ਸੀਨੀਅਰ ਅਧਿਕਾਰੀ ਹਨ, ਇਨ੍ਹਾਂ ਨੂੰ ਪਹਿਲਾਂ ਹੀ ਇਹ ਜੁੰਮੇਵਾਰੀ ਦਿੱਤੀ ਜਾਣੀ ਚਾਹੀਦੀ ਸੀ ਪਰੰਤੂ ਡੀ.ਜੀ.ਪੀ. ਬਦਲਣ ਨਾਲ ਕਿਸੇ ਵਿਰੁੱਧ ਦਰਜ ਪੁਲਿਸ ਕੇਸ ਨਾਲ ਨਹੀਂ ਹੈ। ਲੁਧਿਆਣਾ ਵਿਚ ਹੋਏ ਧਮਾਕੇ ਬਾਰੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਮੌਕੇ ‘ਤੇ ਪੁੱਜ ਰਹੇ ਹਨ ਅਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਰਾਜ ਵਿੱਚ ਬੇਅਦਬੀਆਂ ਦੇ ਮੁੱਦੇ ‘ਤੇ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਪੁਲਿਸ ਬੇਅਦਬੀ ਦੇ ਅਸਲ ਦੋਸ਼ੀਆਂ ਨੂੰ ਬਹੁਤ ਜਲਦ ਫੜ ਲਵੇਗੀ।

ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਰਾਜ ਦੇ ਸਰਬਪੱਖੀ ਵਿਕਾਸ ਲਈ ਲੋਕਾਂ ਤੱਕ ਸਰਗਰਮ ਪਹੁੰਚ ਬਣਾਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ‘ਚ ਕੰਮ ਨਾ ਕਰਨ ਵਾਲੇ ਦੀ ਅਲੋਚਨਾ ਕਰਨ ਦੀ ਆਜ਼ਾਦੀ ਹੈ ਜਦਕਿ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਕੋਈ ਅਜਿਹਾ ਨਹੀਂ ਕਰ ਸਕਦਾ।

ਇਸ ਤੋਂ ਪਹਿਲਾਂ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ. ਰਾਜਾ ਵੜਿੰਗ ਨੇ ਦੱਸਿਆ ਕਿ ਨਗਰ ਕੌਂਸਲ ਦੀ 2 ਏਕੜ ਜਗ੍ਹਾ ‘ਚ 7750 ਵਰਗ ਫੁਟ ਖੇਤਰ ਵਾਲੇ ਬੱਸ ਅੱਡੇ ਵਿੱਚ ਬੱਸਾਂ ‘ਚ ਯਾਤਰੀਆਂ ਖਾਸ ਕਰਕੇ ਬਜ਼ੁਰਗ ਨਾਗਰਿਕਾਂ ਦੇ ਚੜ੍ਹਨ ਨੂੰ ਸੁਚਾਰੂ ਬਣਾਉਣ ਲਈ 8 ਬੇਅਜ਼ (ਥੜ੍ਹੇ) ਬਣਾਏ ਗਏ ਹਨ ਅਤੇ ਇੱਥੇ ਰੋਜ਼ਾਨਾ 264 ਬੱਸਾਂ ਦੀ ਆਮਦੋ-ਰਫ਼ਤ ਹੋਵੇਗੀ।

ਇਸ ਤੋਂ ਇਲਾਵਾ ਨਵੀਂ ਚਾਰਦੀਵਾਰੀ, ਚਾਹ, ਕੌਫ਼ੀ ਆਦਿ ਦੀਆਂ ਦੁਕਾਨਾਂ, ਪੀਣ ਵਾਲੇ ਸਾਫ਼ ਪਾਣੀ ਅਤੇ ਟੋਆਇਲਟ ਦੀਆਂ ਸਹੂਲਤਾਂ ਵੀ ਸਥਾਪਤ ਕੀਤੀਆਂ ਜਾਣਗੀਆਂ। ਨਵੀਆਂ ਸਹੂਲਤਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ, ਰੌਸ਼ਨੀ ਦੇ ਸੁਚੱਜੇ ਪ੍ਰਬੰਧ ਲਈ ਵੱਡੀਆਂ ਲਾਈਟਾਂ, ਜਨਰੇਟਰ ਸੈੱਟਾਂ ਤੋਂ ਇਲਾਵਾ ਪੁਰਸ਼ਾਂ ਅਤੇ ਔਰਤਾਂ ਲਈ ਵੱਖਰੇ ਰੈਸਟ ਰੂਮ, ਟਿਕਟ ਕਾਊਂਟਰ ਤੇ ਅੰਗਹੀਣਾਂ ਲਈ ਵੱਖਰੇ ਟੋਆਇਲਟ ਸਮੇਤ ਲੋਕਾਂ ਦੇ ਵਹੀਕਲਾਂ ਲਈ ਪਾਰਕਿੰਗ ਦਾ ਵੀ ਪ੍ਰਬੰਧ ਹੋਵੇਗਾ।

ਸ. ਰਾਜਾ ਵੜਿੰਗ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ਤੇ ਅਕਾਲੀ ਦਲ ਨਾਲ ਰਲੇ ਹੋਣ ਦਾ ਪੰਜਾਬ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਹੋਰ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਗਈ ਸਖ਼ਤੀ ਕਰਕੇ ਰਾਜ ਵਿੱਚੋਂ ਟਰਾਂਸਪੋਰਟ ਮਾਫੀਏ ਦਾ ਸਫਾਇਆ ਹੋ ਕਰਕੇ ਪਨਬਸ ਤੇ ਪੀ.ਆਰ.ਟੀ.ਸੀ. ਦੀ ਆਮਦਨ ‘ਚ ਰੋਜ਼ਾਨਾ ਦਾ 1.28 ਕਰੋੜ ਰੁਪਏ ਮੁਨਾਫਾ ਹੋ ਰਿਹਾ ਹੈ, ਜਿਸ ਨਾਲ ਸੂਬੇ ਦੇ ਖ਼ਜ਼ਾਨੇ ਨੂੰ ਭਰਿਆ ਜਾ ਰਿਹਾ ਹੈ।

ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਰਾਜ ਸਰਕਾਰ ਨੇ ਲੋਕ ਭਲਾਈ ਦੇ ਇਤਿਹਾਸਕ ਫੈਸਲੇ ਕੀਤੇ ਹਨ। ਇਸ ਮੌਕੇ ਸਾਬਕਾ ਮੰਤਰੀ ਤੇ ਹਲਕਾ ਵਿਧਾਇਕ ਸ. ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਾਭਾ ਹਲਕੇ ‘ਚ ਕੀਤੇ ਗਏ ਵਿਕਾਸ ਕਾਰਜਾਂ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਨਾਭਾ ਨੂੰ ਨਵਾਂ ਬੱਸ ਅੱਡਾ ਦੇਣ ਲਈ ਉਹ ਰਾਜਾ ਵੜਿੰਗ ਦਾ ਧੰਨਵਾਦ ਕਰਦੇ ਹਨ, ਕਿਉਂਕਿ ਇਸ ਦਾ ਨੀਂਹ ਪੱਥਰ 1982 ‘ਚ ਰੱਖਿਆ ਗਿਆ ਸੀ। ਸ. ਧਰਮਸੋਤ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਸਦਕਾ ਕਾਂਗਰਸ ਪਾਰਟੀ 2022 ਵਿੱਚ ਵੱਡੀ ਜਿੱਤ ਦਰਜ ਕਰਦਿਆਂ ਮੁੜ ਸੱਤਾ ਵਿੱਚ ਆਵੇਗੀ।

ਇਸ ਮੌਕੇ ਚਰਨਜੀਤ ਬਾਤਿਸ਼, ਕਸ਼ਮੀਰ ਲਾਲਕਾ, ਇੱਛਿਆਮਾਨ ਸਿੰਘ ਭੋਜੋਮਾਜਰੀ, ਪਰਮਜੀਤ ਸਿੰਘ ਖੱਟੜਾ, ਅਮਰਦੀਪ ਸਿੰਘ ਖੰਨਾ, ਹਰੀ ਸੇਠ, ਜਗਜੀਤ ਦੁੱਲਦੀ, ਮਮਤਾ ਮਿੱਤਲ, ਅੰਜਨਾ ਬਾਤਿਸ਼, ਹਰਮੇਸ਼ ਮੇਸ਼ੀ, ਜਗਦੀਸ਼ ਮੱਗੋ, ਡੀ.ਐਸ.ਪੀ. ਰਜੇਸ਼ ਛਿੱਬੜ, ਸਥਾਨਕ ਸਰਕਾਰਾਂ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਰਾਜੀਵ ਗੋਇਲ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।

************

ਫੋਟੋ ਕੈਪਸ਼ਨ- ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਨਾਭਾ ਵਿਖੇ ਨਵੇਂ ਬੱਸ ਸਟੈਂਡ ਦਾ ਨੀਂਹ ਪੱਥਰ ਰੱਖਦੇ ਹੋਏ। ਉਨ੍ਹਾਂ ਦੇ ਨਾਲ ਸਾਬਕਾ ਮੰਤਰੀ ਤੇ ਹਲਕਾ ਵਿਧਾਇਕ ਸ੍ਰੀ ਸਾਧੂ ਸਿੰਘ ਧਰਮਸੋਤ ਅਤੇ ਨਗਰ ਕੌਂਸਲ ਦੇ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ ਵੀ ਦਿਖਾਈ ਦੇ ਰਹੇ ਹਨ।