Orders Regarding Election duty in Patiala

January 18, 2022 - PatialaPolitics

Regarding Election duty in Patiala

ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਦੀਪ ਹੰਸ ਨੇ ਕਿਹਾ ਹੈ ਕਿ ਪਟਿਆਲਾ ਜ਼ਿਲ੍ਹੇ ਦੇ 8 ਵਿਧਾਨ ਸਭਾ ਹਲਕਿਆਂ ਦੀਆਂ 20 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਚੋਣ ਅਮਲੇ ਦੀਆਂ ਡਿਊਟੀਆਂ ਲੱਗ ਚੁੱਕੀਆਂ ਹਨ ਇਸ ਲਈ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਆਪਣੀ ਚੋਣ ਡਿਊਟੀ ਕਟਵਾਉਣ ਲਈ ਜੋਰ ਅਜਮਾਈ ਨਾ ਕਰੇ।

ਸ੍ਰੀ ਸੰਦੀਪ ਹੰਸ ਨੇ ਚੋਣ ਪ੍ਰਕ੍ਰਿਆ ਨੂੰ ਨਿਰਵਿਘਨ, ਨਿਰਪੱਖ ਅਤੇ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਦੇ ਮਕਸਦ ਨਾਲ ਤਾਇਨਾਤ ਕੀਤੇ ਚੋਣ ਅਮਲੇ ‘ਚ ਸ਼ਾਮਲ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ, ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ, ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਲਗਾਈ ਆਪਣੀ ਡਿਊਟੀ ਨੂੰ ਪੂਰੀ ਪ੍ਰਤੀਬੱਧਤਾ ਨਾਲ ਨਿਭਾਉਣ। ਉਨ੍ਹਾਂ ਕਿਹਾ ਕਿ ਚੋਣ ਡਿਊਟੀਆਂ ਕਟਵਾਉਣ ਲਈ ਕਿਸੇ ਤਰ੍ਹਾਂ ਦੀ ਸਿਫ਼ਾਰਸ਼ ਕਰਵਾਉਣ ਦੇ ਅਮਲ ਨੂੰ ਸਿਵਲ ਸੇਵਾਵਾਂ ਨਿਯਮਾਂ ਦੀ ਉਲੰਘਣਾ ਮੰਨਦੇ ਹੋਏ ਅਜਿਹੇ ਕਰਮਚਾਰੀ ਜਾਂ ਅਧਿਕਾਰੀ ਵਿਰੁਧ ਨਿਯਮਾਂ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਚੋਣ ਅਮਲੇ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਚੋਣਾਂ ਸਬੰਧੀ 22 ਜਨਵਰੀ ਨੂੰ ਰੱਖੀ ਪਹਿਲੀ ਰਿਹਰਸਲ ‘ਚ ਤੈਅਸ਼ੁਦਾ ਸਮੇਂ ਮੁਤਾਬਕ ਪੁੱਜਕੇ ਰਿਹਰਸਲ ਦੌਰਾਨ ਦਿੱਤੀਆਂ ਹਦਾਇਤਾਂ, ਨਿਯਮਾਂ ਅਤੇ ਨਸੀਹਤਾਂ ਦੀ ਪਾਲਣਾ ਕਰਨੀ ਵੀ ਯਕੀਨੀ ਬਣਾਉਣ।

ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਚੋਣ ਡਿਊਟੀ ਕੁਲ ਚਾਰ ਦਿਨਾਂ ਦੀ ਹੁੰਦੀ ਹੈ, ਦੋ ਦਿਨ ਦੀ ਰਿਹਰਸਲ, ਇਕ ਦਿਨ ਡਿਸਪੈਚ ਤੇ ਇੱਕ ਦਿਨ ਵੋਟਾਂ ਪੁਆਉਣ ਲਈ, ਇਸ ਲਈ ਕੋਈ ਵੀ ਵਿਭਾਗੀ ਮੁਖੀ, ਆਪਣੇ ਮਾਤਹਿਤ ਕਰਮਚਾਰੀਆਂ ਦੀ ਡਿਊਟੀ ਇਹ ਕਹਿ ਕੇ, ਨਾ ਕਟਵਾਏ ਕਿ ਉਨ੍ਹਾਂ ਦਾ ਦਫ਼ਤਰੀ ਕੰਮ ਪ੍ਰਭਾਵਤ ਹੁੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਬਤੌਰ ਡਿਪਟੀ ਕਮਿਸ਼ਨਰ, ਉਨ੍ਹਾਂ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਆਪਣੇ ਦਫ਼ਤਰੀ ਕੰਮ ਤੋਂ ਇਲਾਵਾ ਚੋਣ ਡਿਊਟੀ ਦੇਰ ਰਾਤ ਤੱਕ ਨਿਭਾਅ ਸਕਦੇ ਹਨ ਤਾਂ ਕਿਸੇ ਹੋਰ ਕਰਮਚਾਰੀ ਜਾਂ ਅਧਿਕਾਰੀ ਨੂੰ ਆਪਣੀ ਚੋਣ ਡਿਊਟੀ ਕਰਨ ਤੋਂ ਘਬਰਾਹਟ ਨਹੀਂ ਹੋਣੀ ਚਾਹੀਦੀ।

ਸ੍ਰੀ ਹੰਸ ਨੇ ਕਿਹਾ ਕਿ ਚੋਣਾਂ, ਭਾਰਤ ਦੇ ਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਹਨ, ਜਿਸ ਲਈ ਚੋਣ ਪ੍ਰਕ੍ਰਿਆ ਨੂੰ ਪੂਰਾ ਕਰਨ ਲਈ ਤਾਇਨਾਤ ਕੀਤੇ ਜਾਂਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਇਹ ਨੈਤਿਕ ਫ਼ਰਜ਼ ਹੈ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ। ਉਨ੍ਹਾਂ ਕਿਹਾ ਕਿ ਪਰੰਤੂ ਜੇਕਰ ਕਿਸੇ ਕਰਮਚਾਰੀ ਜਾਂ ਅਧਿਕਾਰੀ ਵੱਲੋਂ ਕੀਤੀ ਜਾਣ ਵਾਲੀ ਕਿਸੇ ਤਰ੍ਹਾਂ ਦੀ ਅਨੁਸ਼ਾਸਨਹੀਣਤਾ ਨੂੰ ਬਰਦਾਸ਼ਤ ਨਾ ਕਰਕੇ ਅਜਿਹੀ ਕਾਰਵਾਈ ਨੂੰ ਹੁਕਮ ਅਦੂਲੀ ਮੰਨਦੇ ਹੋਏ ਇਸ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ।