Total Voters in Patiala

January 15, 2018 - PatialaPolitics


ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ


ਜ਼ਿਲ੍ਹੇ ਵਿੱਚ ਕੁੱਲ ਵੋਟਰਾਂ ਦੀ ਗਿਣਤੀ 1426173 ਹੋਈ


-1 ਜਨਵਰੀ 2018 ਤੱਕ ਦੀ ਸੋਧ ਮੁਤਾਬਕ 22409 ਨਵੇਂ ਵੋਟਰ ਬਣੇ ਅਤੇ 13349 ਵੋਟਰਾਂ ਦਾ ਨਾਂ ਮੌਤ ਹੋਣ ਕਾਰਣ ਜਾਂ ਬਦਲੀ ਹੋਣ ਕਾਰਣ ਕੱਢਿਆ ਗਿਆ


-ਜ਼ਿਲ੍ਹਾ ਚੋਣ ਅਧਿਕਾਰੀ ਕੁਮਾਰ ਅਮਿਤ ਨੇ ਕਿਹਾ ਕਿ 1 ਜਨਵਰੀ 2018 ਨੂੰ 18 ਸਾਲ ਉਮਰ ਪੂਰੀ ਕਰਨ ਵਾਲੇ ਨੌਜਵਾਨ ਆਪਣੀ ਵੋਟ ਬਣਵਾ ਸਕਦੇ ਹਨ


ਪਟਿਆਲਾ, 15 ਜਨਵਰੀ:


ਭਾਰਤ ਸਰਕਾਰ ਦੇ ਚੋਣ ਕਮਿਸ਼ਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ 1 ਜਨਵਰੀ 2018 ਤੱਕ ਵੋਟਰ ਸੂਚੀ ਵਿੱਚ ਕੀਤੀ ਗਈ ਸੋਧ ਤੋਂ ਬਾਅਦ ਪਟਿਆਲਾ ਜ਼ਿਲ੍ਹੇ ਵਿੱਚ ਕੁਲ ਵੋਟਰਾਂ ਦੀ ਗਿਣਤੀ 14 ਲੱਖ 26 ਹਜਾਰ 173 ਹੋ ਗਈ ਹੈ।


ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀ ਸ਼੍ਰੀ ਕੁਮਾਰ ਅਮਿਤ ਦੀ ਪ੍ਰਧਾਨਗੀ ਵਿੱਚ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਅੱਜ ਮਿੰਨੀ ਸਕੱਤਰੇਤ ਵਿਖੇ ਹੋਈ ਮੀਟਿੰਗ ਵਿੱਚ ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਕਿ 1 ਜਨਵਰੀ 2018 ਤੱਕ ਵੋਟਰ ਸੂਚੀ ਦੀ ਕੀਤੀ ਗਈ ਸੋਧ ਮੁਤਾਬਕ ਜ਼ਿਲ੍ਹੇ ਦੇ 8 ਵਿਧਾਨ ਸਭਾ ਹਲਕਿਆਂ ‘ਚ 22409 ਨਵੇਂ ਵੋਟਰ ਬਣਾਏ ਗਏ, ਹਲਾਂਕਿ ਇਸ ਸੋਧ ਦੌਰਾਨ ਵੋਟਰ ਸੂਚੀ ਵਿਚੋਂ 13349 ਵੋਟਰਾਂ ਦਾ ਨਾਂ ਹਟਾਇਆ ਗਿਆ ਹੈ। ਇਹਨਾਂ ਵਿਚੋਂ 6728 ਵੋਟਰਾਂ ਦੀ ਮੌਤ ਹੋਣ ਕਾਰਣ ਉਹਨਾਂ ਦਾ ਨਾਮ ਵੋਟਰ ਸੂਚੀ ਵਿਚੋਂ ਹਟਾ ਦਿੱਤਾ ਗਿਆ ਜਦਕਿ 5825 ਵੋਟਰਾਂ ਦਾ ਨਾਮ ਬਦਲੀ ਹੋਣ ਕਾਰਣ ਕੱਢਿਆ ਗਿਆ, ਇਸ ਤੋਂ ਇਲਾਵਾ 796 ਅਜਿਹੇ ਵੋਟਰ ਵੀ ਸਨ ਜਿਨਾਂ ਦੀਆਂ ਵੋਟਾਂ ਦੋ ਥਾਵਾਂ ‘ਤੇ ਬਣੀਆ ਹੋਈਆਂ ਸਨ। ਇਸ ਤਰ੍ਹਾਂ ਜ਼ਿਲ੍ਹੇ ਵਿੱਚ ਵੋਟਾਂ ਦੀ ਕੁੱਲ ਗਿਣਤੀ 9060 ਵਧੀ ਹੈ।


ਜ਼ਿਲ੍ਹਾ ਚੋਣ ਅਧਿਕਾਰੀ ਸ਼੍ਰੀ ਕੁਮਾਰ ਅਮਿਤ ਨੇ ਸਿਆਸੀ ਦਲਾਂ ਦੇ ਨੁਮਾਇੰਦਿਆਂ ਨੂੰ ਹੁਣ ਤੱਕ ਸੋਧੀ ਗਈ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾਂ ਦੀ ਸੀ.ਡੀ. ਸੌਂਪੀ ਅਤੇ ਕਿਹਾ ਕਿ 1 ਜਨਵਰੀ 2018 ਨੂੰ 18 ਸਾਲ ਉਮਰ ਪੂਰੀ ਕਰਨ ਵਾਲੇ ਨੌਜਵਾਨ ਆਪਣੀ ਵੋਟ ਕਿਸੇ ਵੀ ਸਮੇਂ ਬਣਵਾ ਸਕਦੇ ਹਨ। ਵੋਟਰ ਸੂਚੀ ਦੀ ਲਗਾਤਾਰ ਸੁਧਾਈ ਦਾ ਕੰਮ ਜਾਰੀ ਰਹੇਗਾ। ਆਪਣੀ ਵੋਟ ਬਣਵਾਉਣ ਲਈ ਫਾਰਮ ਨੰ: 6 ਭਰ ਕੇ ਸਬੰਧਤ ਬੀ.ਐਲ.ਓ. ਜਾਂ ਚੋਣਕਾਰ ਰਾਜਿਸਟ੍ਰੇਸ਼ਨ ਅਫ਼ਸਰ ਦੇ ਦਫ਼ਤਰ ਜਮ੍ਹਾਂ ਕਰਵਾ ਸਕਦਾ ਹੈ। ਹਲਾਕਿ ਉਹਨਾਂ ਇਹ ਵੀ ਕਿਹਾ ਕਿ ਜੇਕਰ ਚੋਣ ਕਮਿਸ਼ਨ ਦੇ ਆਨਲਾਈਨ ਪੋਰਟਲ ‘ਤੇ ਕੋਈ ਵੀ ਵਿਅਕਤੀ ਨਵੀਂ ਵੋਟ ਲਈ ਅਪਲਾਈ ਕਰਦਾ ਹੈ। ਤਾਂ ਨਾਮ ਜਾਂ ਹੋਰ ਕਿਸੇ ਤਰ੍ਹਾਂ ਦੀ ਜਾਣਕਾਰੀ ਵਿੱਚ ਗਲਤੀ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ। ਉਹਨਾਂ ਅਪੀਲ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਲਗਾਏ ਗਏ ਬੂਥ ਲੇਵਲ ਏਜੰਟ ਦੇ ਨਾਲ-ਨਾਲ ਸਿਆਸੀ ਪਾਰਟੀਆਂ ਵੀ ਆਪਣੇ ਪੱਧਰ ‘ਤੇ ਬੀ.ਐਲ.ਓ. ਦੀ ਤੈਨਾਤੀ ਕਰਨ।


ਇਸ ਮੌਕੇ ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਸ਼੍ਰੀ ਵਿਜੇ ਕੁਮਾਰ ਅਤੇ ਕਾਂਗਰਸ ਵੱਲੋਂ ਸ਼੍ਰੀ ਸੁਰਿੰਦਰਜੀਤ ਸਿੰਘ ਵਾਲੀਆ, ਭਾਰਤੀ ਕਾਮਯੂਨਿਸਟ ਪਾਰਟੀ ਵੱਲੋਂ ਸ਼੍ਰੀ ਕੁਲਵਿੰਦਰ ਸਿੰਘ ਵੀ ਮੌਜੂਦ ਸਨ।