Cow Killing:7 arrested in Punjab’s Tanda

March 14, 2022 - PatialaPolitics

ਗਊ ਹੱਤਿਆਵਾਂ ਦਾ ਮਾਮਲਾ ਪੁਲਿਸ ਨੇ 36 ਘੰਟਿਆਂ ’ਚ ਸੁਲਝਾਇਆ

Cow Killing:7 arrested in Punjab's Tanda
Cow Killing:7 arrested in Punjab’s Tanda

-7 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ, ਘਟਨਾ ’ਚ ਸ਼ਾਮਲ ਵਾਹਨ ਤੇ ਹਥਿਆਰ ਵੀ ਬਰਾਮਦ
ਹੁਸ਼ਿਆਰਪੁਰ, 14 ਮਾਰਚ: ਜ਼ਿਲ੍ਹਾ ਤੇ ਜੀ.ਆਰ.ਪੀ. ਪੁਲਿਸ ਵਲੋਂ ਸਾਂਝੇ ਤੌਰ ’ਤੇ ਹੁਸ਼ਿਆਰਪੁਰ ਦੇ ਟਾਂਡਾ ਦੇ ਨਜਦੀਕ ਪਿੰਡ ਡਡਿਆਲ ਰੇਲਵੇ ਲਾਈਨ ਦੇ ਨਜ਼ਦੀਕ 17 ਗਊਆਂ ਅਤੇ ਬੈਲਾਂ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ 36 ਘੰਟਿਆਂ ਵਿਚ ਸੁਲਝਾਅ ਲਿਆ ਗਿਆ ਹੈ। ਇਸ ਮਾਮਲੇ ਵਿਚ ਪੁਲਿਸ ਵਲੋਂ 7 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਇਸ ਘਟਨਾ ਵਿਚ ਸ਼ਾਮਲ ਹੋਰ ਦੋਸ਼ੀਆਂ ਦੀ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਸ੍ਰੀ ਧਰੁਮਨ ਐਚ. ਨਿੰਬਾਲੇ ਨੇ ਦੱਸਿਆ ਕਿ 11 ਮਾਰਚ ਦੇਰ ਰਾਤ ਟਾਂਡਾ ਦੇ ਪਿੰਡ ਡਡਿਆਲ ਰੇਲਵੇ ਲਾਈਨ ਦੇ ਨਜ਼ਦੀਕ 17 ਗਊਆਂ ਤੇ ਬੈਲਾਂ ਨੂੰ ਮਾਰ ਕੇ ਉਨ੍ਹਾਂ ਦੇ ਕੰਕਾਲ ਰੇਲਵੇ ਲਾਈਨ ਦੇ ਨੇੜੇ ਸੁੱਟ ਦਿੱਤੇ ਗਏ ਸਨ। ਘਟਨਾ ਦੀ ਜਾਣਕਾਰੀ ਤੋਂ ਬਾਅਦ ਡੀ.ਜੀ.ਪੀ. ਪੰਜਾਬ ਤੇ ਆਈ.ਜੀ. ਜਲੰਧਰ ਰੇਂਜ ਸ੍ਰੀ ਅਰੁਨਪਾਲ ਸਿੰਘ ਵਲੋਂ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਵਿਚ ਸ਼ਾਮਲ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਕਿਉਂਕਿ ਘਟਨਾ ਦਾ ਹਲਕਾ ਰੇਲਵੇ ਪੁਲਿਸ ਨਾਲ ਸਬੰਧਤ ਸੀ, ਇਸ ਕਾਰਨ ਜੀ.ਆਰ.ਪੀ. ਜਲੰਧਰ ਵਲੋਂ ਇਸ ਸਬੰਧ ਵਿਚ 12 ਮਾਰਚ ਨੂੰ ਗਊ ਹੱਤਿਆ ਰੋਕੂ ਐਕਟ 3, 5, 8, 295ਏ, 120ਬੀ, 153-ਏ, 212 ਤੇ 216 ਸੀ.ਆਰ.ਪੀ.ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਐਸ.ਪੀ. (ਜਾਂਚ) ਮੁਖਤਿਆਰ ਸਿੰਘ ਦੀ ਅਗਵਾਈ ਵਿਚ ਡੀ.ਐਸ.ਪੀ. (ਜਾਂਚ) ਸ੍ਰੀ ਰਾਜ ਕੁਮਾਰ, ਇੰਚਾਰਜ ਸੀ.ਆਈ.ਏ. ਹੈਡਕੁਆਟਰ ਲਖਬੀਰ ਸਿੰਘ ਤੇ ਥਾਣਾ ਇੰਚਾਰਜ ਟਾਂਡਾ ਹਰਿੰਦਰ ਸਿੰਘ ਤੋਂ ਇਲਾਵਾ ਜੀ.ਆਰ.ਪੀ ਵਲੋਂ ਐਸ.ਪੀ. ਪ੍ਰਵੀਨ ਕੰਡਾ, ਡੀ.ਐਸ.ਪੀ. ਅਸ਼ਵਨੀ ਅੱਤਰੀ ਤੇ ਮੁੱਖ ਅਫ਼ਸਰ ਜੀ.ਆਰ.ਪੀ. ਇੰਸਪੈਕਟਰ ਬਲਵੀਰ ਸਿੰਘ ਦੀ ਵਿਸ਼ੇਸ਼ ਟੀਮ ਗਠਿਤ ਕਰਕੇ ਤਕਨੀਕੀ ਤੇ ਖੁਫੀਆ ਢੰਗ ਨਾਲ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਇਸ ਘਟਨਾ ਵਿਚ ਸ਼ਾਮਲ ਤਿੰਨ ਦੋਸ਼ੀਆਂ ਸਾਵਨ, ਸਤਪਾਲ ਨਿਵਾਸੀ ਕੋਟਲੀ ਸ਼ੇਖ ਆਦਮਪੁਰ ਜ਼ਿਲ੍ਹਾ ਜਲੰਧਰ, ਸੁਰਜੀਤ ਲਾਲ ਨਿਵਾਸੀ ਪਿੰਡ ਜਫਲ ਝਿੰਗੜਾ ਜ਼ਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕੀਤਾ ਗਿਆ।
ਐਸ.ਐਸ.ਪੀ. ਨੇ ਦੱਸਿਆ ਕਿ ਜਾਂਚ ਦੌਰਾਨ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਤੋਂ ਕੀਤੀ ਗਈ ਪੁੱਛਗਿਛ ’ਤੇ ਇਸ ਅਪਰਾਧ ਵਿਚ ਸ਼ਾਮਲ ਤੇ ਪਨਾਹ ਦੇਣ ਵਾਲੇ ਵਿਅਕਤੀਆਂ ਜੀਵਨ ਅਲੀ, ਕਮਲਜੀਤ ਕੌਰ ਨਿਵਾਸੀ ਪਿੰਡ ਥਾਬਲਕੇ ਥਾਣਾ ਨਕੋਦਰ ਜ਼ਿਲ੍ਹਾ ਜਲੰਧਰ, ਸਲਮਾ ਤੇ ਅਨਬਰ ਹੁਸੈਨ ਨਿਵਾਸੀ ਪਿੰਡ ਬਡਾ ਪਿੰਡ ਰੋਡ ਗੋਰਾਇਆ ਜ਼ਿਲ੍ਹਾ ਜਲੰਧਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਦੋਸ਼ੀਆਂ ਤੋਂ ਪੁੱਛਗਿਛ ਵਿਚ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਸੁਰਜੀਤ ਸਿੰਘ ਉਰਫ ਪੱਪੀ ’ਤੇ ਪਹਿਲਾਂ ਵੀ 5 ਅਪਰਾਧਿਕ ਮਾਮਲੇ ਧਾਰਾ 411, 201, 414, 379, 411 ਤੇ ਗਊ ਹੱਤਿਆ ਰੋਕੂ ਐਕਟ ਤਹਿਤ ਜਲੰਧਰ ਤੇ ਹੁਸ਼ਿਆਰਪੁਰ ਵਿਚ ਦਰਜ ਹਨ। ਘਟਨਾ ਲਈ ਗਊਆਂ ਦੀ ਢੁਆਈ ਲਈ ਪ੍ਰਯੋਗ ਕੀਤੇ ਗਏ ਕੈਂਟਰ (ਪੀ.ਬੀ.08-ਬੀ.ਐਸ.-9164) ਤੇ ਹਥਿਆਰ (ਇਕ ਹਥੌੜਾ, 3 ਛੁਰੀਆਂ, 3 ਗੰਡਾਸੀਆਂ, 2 ਦਾਤਰ, 3 ਸੂਏ ਤੇ 1 ਟਕੂਆ) ਬਰਾਮਦ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਸ਼ਾਮਲ ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਵਿਚ ਗ੍ਰਿਫਤਾਰ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਹੋਰ ਵੀ ਡੂੰਘਾਈ ਨਾਲ ਮਾਮਲੇ ਦੀ ਜਾਂਚ ਕੀਤੀ ਜਾਵੇਗੀ।