Patiala:Exemptions to 7 industrial units

May 19, 2022 - PatialaPolitics

Patiala:Exemptions to 7 industrial units

ਜ਼ਿਲ੍ਹੇ ‘ਚ ਉਦਯੋਗ ਨੂੰ ਹੁਲਾਰਾ ਦੇਣ ਲਈ 7 ਉਦਯੋਗਿਕ ਇਕਾਈਆਂ ਨੂੰ ਬਿਜਲੀ ਕਰ ਅਤੇ ਹੋਰ ਛੋਟਾਂ ਦੀ ਮਨਜ਼ੂਰੀ

 

– ਦੋ ਉਦਯੋਗਿਕ ਇਕਾਈਆਂ ਦੇ ਕਰੀਬ 69 ਲੱਖ ਦੇ ਜੀ.ਐਸ.ਟੀ. ਰਿਇੰਬਰਸ ਕਰਨ ਨੂੰ ਦਿੱਤੀ ਪ੍ਰਵਾਨਗੀ

 

-ਸੂਬਾ ਸਰਕਾਰ ਵੱਲੋਂ ਉਦਯੋਗਿਕ ਇਕਾਈਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਸਬੰਧੀ ਕੀਤਾ ਜਾਵੇ ਜਾਗਰੂਕ-ਡਿਪਟੀ ਕਮਿਸ਼ਨਰ

 

-ਬਿਜ਼ਨਸ ਐਂਡ ਡਿਵੈਲਪਮੈਂਟ ਪਾਲਿਸੀ ਨੂੰ ਜ਼ਿਲ੍ਹੇ ‘ਚ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਜ਼ਿਲ੍ਹਾ ਪੱਧਰੀ ਕਮੇਟੀ ਦੀ ਹੋਈ ਮੀਟਿੰਗ

 

ਪਟਿਆਲਾ, 19 ਮਈ:

ਉਦਯੋਗ ਅਤੇ ਵਣਜ ਵਿਭਾਗ ਪੰਜਾਬ ਵੱਲੋਂ ਜਾਰੀ ਇੰਡਸਟਰੀਅਲ ਐਂਡ ਡਿਵੈਲਪਮੈਂਟ ਬਿਜ਼ਨਸ ਪਾਲਿਸੀ 2017 ਅਧੀਨ ਜ਼ਿਲ੍ਹੇ ਦੀਆਂ ਉਦਯੋਗਿਕ ਇਕਾਈਆਂ ਨੂੰ ਹੁਲਾਰਾ ਦੇਣ ਲਈ ਅੱਜ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਕਮੇਟੀ ਦੀ ਅਹਿਮ ਮੀਟਿੰਗ ਹੋਈ, ਜਿਸ ‘ਚ ਜ਼ਿਲ੍ਹੇ ਦੀਆਂ 7 ਉਦਯੋਗਿਕ ਇਕਾਈਆਂ ਨੂੰ ਪਾਲਿਸੀ ਅਨੁਸਾਰ ਛੋਟ ਦੇਣ ਦੇ ਕੇਸ ਵਿਚਾਰੇ ਗਏ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸੂਬਾ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਜ਼ਿਲ੍ਹੇ ‘ਚ ਉਦਯੋਗ ਨੂੰ ਪ੍ਰੋਫੂਲਤ ਕਰਨ ਦੇ ਮਕਸਦ ਨਾਲ ਅਤੇ ਪਾਲਿਸੀ ਨਿਯਮਾਂ ਅਨੁਸਾਰ 5 ਯੂਨਿਟਾਂ ਨੂੰ ਸੱਤ ਸਾਲ ਲਈ ਬਿਜਲੀ ਕਰ ‘ਚ ਛੋਟ ਦਿੱਤੀ ਗਈ ਹੈ, ਜਦਕਿ 2 ਉਦਯੋਗਿਕ ਇਕਾਈਆਂ ਨੂੰ ਜੀ.ਐਸ.ਟੀ. ਦੀ ਰਿਇੰਬਰਸਮੈਂਟ ਦੀ ਪ੍ਰਵਾਨਗੀ ਦਿੱਤੀ ਗਈ ਹੈ। ਉਨਾਂ ਉਦਯੋਗ ਵਿਭਾਗ ਦੇ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਉਦਯੋਗਿਕ ਇਕਾਈਆਂ ਨੂੰ ਪ੍ਰੋਤਸਾਹਿਤ ਕਰਨ ਲਈ ਬਣਾਈ ਪਾਲਿਸੀ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਹਦਾਇਤ ਕੀਤੀ। ਉਨਾਂ ਮੀਟਿੰਗ ਵਿੱਚ ਸ਼ਾਮਿਲ ਉਦਯੋਗਿਕ ਇਕਾਈਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਅਤੇ ਕਿਹਾ ਕਿ ਸਰਕਾਰ ਵੱਲੋਂ ਉਦਯੋਗਿਕ ਇਕਾਈਆਂ ਨੂੰ ਮਿਲਣ ਵਾਲੀ ਹਰੇਕ ਸਹੂਲਤ ਨੂੰ ਜ਼ਿਲੇ ਅੰਦਰ ਇੰਨ-ਬਿੰਨ ਲਾਗੂ ਕੀਤਾ ਜਾਵੇਗਾ।

ਇਸ ਤੋਂ ਪਹਿਲਾ ਜਨਰਲ ਮੈਨੇਜਰ ਉਦਯੋਗ ਕੇਂਦਰ-ਕਮ-ਜ਼ਿਲ੍ਹਾ ਪੱਧਰੀ ਸਕਰੂਟਨੀ ਕਮੇਟੀ ਮੈਂਬਰ ਸੈਕਟਰੀ ਅੰਗਦ ਸਿੰਘ ਸੋਹੀ ਵੱਲੋਂ ਪੰਜਾਬ ਸਰਕਾਰ ਦੀ ਉਦਯੋਗਿਕ ਪਾਲਿਸੀ ਸਬੰਧੀ ਉਦਯੋਗਿਕ ਇਕਾਈਆਂ ਤੋਂ ਆਏ ਨੁਮਾਇੰਦਿਆਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਉਨਾਂ ਦੱਸਿਆ ਕਿ ਉਦਯੋਗ ਅਤੇ ਵਣਜ ਵਿਭਾਗ ਪੰਜਾਬ ਵੱਲੋਂ ਉਦਯੋਗਪਤੀਆਂ ਨੂੰ ਸਿੰਗਲ ਵਿੰਡੋ ਸਕੀਮ ਅਧੀਨ ਲਾਭ ਦੇਣ ਲਈ ਇਨਵੈਸਟ ਪੰਜਾਬ ਬਿਜਨਿਸ਼ ਫਸਟ ਪੋਰਟਲ ਸਥਾਪਿਤ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਉਦਯੋਗਾਂ ਨੂੰ 100 ਤੋਂ ਵੱਧ ਕਲੀਅਰੈਸਾਂ ਆਦਿ ਦੇਣ ਦਾ ਉਪਬੰਧ ਕੀਤਾ ਗਿਆ ਹੈ। ਇਸ ਅਧੀਨ ਕੋਈ ਉਦਯੋਗਪਤੀ ਆਪਣੀ ਲੋੜ ਅਨੁਸਾਰ ਇਸ ਪੋਰਟਲ ‘ਤੇ ਅਪਲਾਈ ਕਰ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹਾ ਪੱਧਰੀ ਮੀਟਿੰਗ ‘ਚ ਉਦਯੋਗਿਕ ਇਕਾਈ ਸਿੰਗਲਾ ਵਾਇਰ ਪਟਿਆਲਾ, ਗੁਪਤਾ ਮੋਟਰ ਸਟੋਰ ਪਾਤੜਾਂ, ਸ਼੍ਰੀ ਚੰਦ ਪਲਾਈਵੁੱਡ ਇੰਡਸਟਰੀ ਲੋਹਸਿੰਬਲੀ ਅਤੇ ਰੂਪ ਐਲਮੋਨੀਅਮ ਸੰਧਾਰਸੀ ਨੂੰ ਸੱਤ ਸਾਲ ਲਈ ਬਿਜਲੀ ਕਰ ‘ਚ ਛੋਟ ਦੀ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਜੀ.ਸੀ. ਸਟਰਿਪਸ ਸਮਾਣਾ ਨੂੰ ਕਰੀਬ 53 ਲੱਖ ਦੀ ਜੀ.ਐਸ.ਟੀ. ਦੀ ਰਿਇੰਬਰਸਮੈਂਟ ਤੇ ਧੀਮਾਨ ਸਟਰਿਪਸ ਸਮਾਣਾ ਨੂੰ 6 ਲੱਖ 67 ਹਜ਼ਾਰ ਰੁਪਏ ਦੀ ਜੀ.ਐਸ.ਟੀ. ਰਿਇੰਬਰਸ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।

ਇਸ ਮੌਕੇ ਆਬਕਾਰੀ ਤੇ ਕਰ ਵਿਭਾਗ ਤੋਂ ਵਿਵੇਕ ਸੂਦ ਤੇ ਗਗਨਦੀਪ ਕੌਸ਼ਲ, ਪੁੱਡਾ ਤੋਂ ਗੁਰਪ੍ਰੀਤ ਸਿੰਘ, ਲੇਬਰ ਵਿਭਾਗ ਤੋਂ ਹਰਮਨਪ੍ਰੀਤ ਕੌਰ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਉਦਯੋਗਿਕ ਇਕਾਈਆਂ ਦੇ ਨੁਮਾਇੰਦੇ ਮੌਜੂਦ ਸਨ।