Updated details of Patiala Rivers

August 1, 2022 - PatialaPolitics

Updated details of Patiala Rivers

 

Updated details of Patiala Rivers
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ
ਪਟਿਆਲਾ ਜ਼ਿਲ੍ਹੇ ‘ਚ ਹੜ੍ਹਾਂ ਦਾ ਕੋਈ ਖ਼ਤਰਾ ਨਹੀਂ, ਸਥਿਤੀ ਕਾਬੂ ਹੇਠ
-ਜ਼ਿਲ੍ਹੇ ‘ਚੋਂ ਲੰਘਦੀਆਂ ਨਦੀਆਂ ‘ਚ ਪਾਣੀ ਦਾ ਪੱਧਰ ਲਗਾਤਾਰ ਘੱਟ ਰਿਹਾ ਹੈ
-ਪਾਣੀ ਦੀ ਕਿਸੇ ਵੀ ਜਾਣਕਾਰੀ ਲਈ ਜ਼ਿਲ੍ਹੇ ਦੇ 7 ਕੰਟਰੋਲ ਰੂਮਜ਼ ‘ਤੇ ਕੀਤਾ ਜਾਵੇ ਸੰਪਰਕ-ਗੌਤਮ ਜੈਨ
ਪਟਿਆਲਾ, 1 ਅਗਸਤ:
ਪਟਿਆਲਾ ਜ਼ਿਲ੍ਹੇ ਅੰਦਰ ਕਿਤੇ ਵੀ ਹੜ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਬਾਰੇ ਸੋਸ਼ਲ ਮੀਡੀਆ ਦੇ ਇੱਕ ਹਿੱਸੇ ‘ਚ ਆਈਆਂ ਰਿਪੋਰਟਾਂ ਦਾ ਖੰਡਨ ਕਰਦਿਆਂ ਸਪੱਸ਼ਟ ਕੀਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਰਸਾਤਾਂ ਦੇ ਮੌਸਮ ‘ਚ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਵਾਸਤੇ ਸਥਾਪਤ ਕੀਤੇ 7 ਕੰਟਰੋਲ ਰੂਮਜ਼ ਨਿਰੰਤਰ ਕਾਰਜਸ਼ੀਲ ਹਨ ਅਤੇ ਪਾਣੀ ਆਉਣ ਦੀ ਸੂਚਨਾ ਇਨ੍ਹਾਂ ਕੰਟਰੋਲ ਰੂਮਜ਼ ‘ਤੇ ਦਿੱਤੀ ਜਾ ਸਕਦੀ ਹੈ।
ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਗੌਤਮ ਜੈਨ ਨੇ ਡਰੇਨੇਜ਼ ਵਿਭਾਗ ਦੇ ਹਵਾਲੇ ਨਾਲ ਦੱਸਿਆ ਕਿ ਜ਼ਿਲ੍ਹੇ ਅੰਦਰ ਵਹਿ ਰਹੀਆਂ ਸਾਰੀਆਂ ਨਦੀਆਂ ਤੇ ਨਾਲਿਆਂ ਦੇ ਪਾਣੀ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ, ਜਿਨ੍ਹਾਂ ‘ਚ ਗੇਜ਼ ‘ਤੇ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਕਾਫ਼ੀ ਹੇਠਾਂ ਵਹਿ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੋਅਰ ਸ਼ਿਵਾਲਿਕ ਏਰੀਆ ਤੋਂ ਹੁੰਦੇ ਹੋਏ ਪਟਿਆਲਾ ਕੀ ਰਾਓ ਤੋਂ ਆ ਰਹੀ ਪਟਿਆਲਾ ਦੀ ਵੱਡੀ ਨਦੀ ‘ਚ ਨੇੜਲੇ ਖੇਤਾਂ ‘ਚੋਂ ਆਇਆ ਪਾਣੀ ਵੀ ਘੱਟ ਚੁੱਕਾ ਹੈ, ਇਸ ਲਈ ਪਟਿਆਲਾ ਸ਼ਹਿਰ ਅੰਦਰ ਵੀ ਪਾਣੀ ਆਉਣ ਦੀ ਕੋਈ ਸੰਭਾਵਨਾ ਤੇ ਖ਼ਤਰਾ ਨਹੀਂ ਹੈ।
ਗੌਤਮ ਜੈਨ ਨੇ ਕਿਹਾ ਕਿ ਬਰਸਾਤ ਪੈਣ ‘ਤੇ ਨੀਵੇਂ ਥਾਵਾਂ ਤੋਂ ਪਾਣੀ ਕੱਢਣ ਲਈ ਪੂਰੀ ਮਸ਼ੀਨਰੀ ਪਹਿਲਾਂ ਦੀ ਕਾਰਜਸ਼ੀਲ ਹੈ ਤੇ ਕੰਟਰੋਲ ਰੂਮ ਵੀ ਬਣਾਏ ਗਏ ਹਨ ਪਰੰਤੂ ਲੋਕਾਂ ਨੂੰ ਕਿਸੇ ਤਰ੍ਹਾਂ ਦੀਆਂ ਵੀ ਅਫ਼ਵਾਹਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ।
ਏ.ਡੀ.ਸੀ. ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ਦਾ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 0175-2350550 ਤੇ 62843-57500 ਹੈ। ਇਸ ਤੋਂ ਇਲਾਵਾ ਤਹਿਸੀਲ ਪਟਿਆਲਾ ਵਿਖੇ ਸਥਾਪਤ ਕੀਤੇ ਹੜ੍ਹ ਕੰਟਰੋਲ ਰੂਮ ਦਾ ਟੈਲਫੋਨ ਨੰਬਰ 0175-2311321, ਸਬ ਡਵੀਜ਼ਨ ਦੁਧਨਸਾਧਾਂ ਵਿਖੇ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 0175-2632615, ਸਬ ਡਵੀਜ਼ਨ ਰਾਜਪੁਰਾ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 01762-224132, ਨਾਭਾ ਸਬ ਡਵੀਜ਼ਨ ਦੇ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 01765-220654, ਸਬ ਡਵੀਜ਼ਨ ਸਮਾਣਾ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 01764-221190 ਤੇ ਸਬ ਡਵੀਜ਼ਨ ਪਾਤੜਾਂ ਵਿਖੇ ਸਥਾਪਿਤ ਕੀਤੇ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 01764-243403 ਹੈ।
ਸ੍ਰੀ ਗੌਤਮ ਜੈਨ ਨੇ ਦੱਸਿਆ ਕਿ ਜੇਕਰ ਜ਼ਿਲ੍ਹੇ ਵਿੱਚ ਬਰਸਾਤਾਂ ਦੌਰਾਨ ਹੜ੍ਹਾਂ ਜਾਂ ਪਾਣੀ ਆਉਣ ਬਾਰੇ ਕੋਈ ਸੂਚਨਾ ਮਿਲਦੀ ਹੈ ਤਾਂ ਇਹਨਾਂ ਕੰਟਰੋਲ ਰੂਮਜ਼ ‘ਤੇ ਸੂਚਨਾ ਤੁਰੰਤ ਦੇਣ ਦੇ ਨਾਲ-ਨਾਲ ਹੜ੍ਹਾਂ ਸਬੰਧੀ ਕੋਈ ਸੂਚਨਾ ਵੀ ਉਕਤ ਨੰਬਰਾਂ ਤੋਂ ਲਈ ਜਾ ਸਕਦੀ ਹੈ।
********