MLA Neena Mittal Joined as Vice Chairman Pepsu Nagar Vikas Board

January 10, 2023 - PatialaPolitics

MLA Neena Mittal Joined as Vice Chairman Pepsu Nagar Vikas Board

ਪੰਜਾਬ ਸਰਕਾਰ ਨੇ ਅਣਗੌਲਿਆਂ ਵਰਗਾਂ ਦੀ ਭਲਾਈ ਤੇ ਅਣਗੌਲੇ ਅਦਾਰਿਆਂ ਦੀ ਬਿਹਤਰੀ ਲਈ ਅਹਿਮ ਫੈਸਲੇ ਲਏ-ਬ੍ਰਮ ਸ਼ੰਕਰ ਜਿੰਪਾ

-ਪੰਜਾਬ ਨੂੰ ਪਹਿਲੀ ਵਾਰ ਭਗਵੰਤ ਮਾਨ ਦੇ ਰੂਪ ‘ਚ ਇਮਾਨਦਾਰ ਮੁੱਖ ਮੰਤਰੀ ਮਿਲਿਆ-ਚੇਤਨ ਸਿੰਘ ਜੌੜਾਮਾਜਰਾ

ਰਾਜਪੁਰਾ, 10 ਜਨਵਰੀ :

ਐਮ ਐਲ ਏ ਰਾਜਪੁਰਾ ਸ੍ਰੀਮਤੀ ਨੀਨਾ ਮਿੱਤਲ ਨੇ ਪੈਪਸੂ ਨਗਰ ਵਿਕਾਸ ਬੋਰਡ ਦੇ ਵਾਈਸ ਚੇਅਰਪਰਸਨ ਵਜੋਂ ਆਪਣਾ ਅਹੁਦਾ ਪੰਜਾਬ ਦੇ ਦੋ ਕੈਬਨਿਟ ਮੰਤਰੀਆਂ ਸ੍ਰੀ ਬ੍ਰਮ ਸ਼ੰਕਰ ਜਿੰਪਾ ਅਤੇ ਸ. ਚੇਤਨ ਸਿੰਘ ਜੌੜਾਮਾਜਰਾ ਦੀ ਮੌਜੂਦਗੀ ਵਿਚ ਅੱਜ ਇਥੇ ਪੈਪਸੂ ਦੇ ਦਫ਼ਤਰ ਵਿਖੇ ਸੰਭਾਲ ਲਿਆ।ਇਸ ਮੌਕੇ ਪੈਪਸੂ ਦੇ ਨਵੇਂ ਬਣੇ ਚਾਰ ਮੈਂਬਰਾਂ, ਰਿਤੇਸ਼ ਬਾਂਸਲ, ਗੁਰਵੀਰ ਸਰਾਓ, ਸੁਮਿਤ ਬਖ਼ਸ਼ੀ ਤੇ ਜਤਿੰਦਰ ਵਰਮਾ ਨੇ ਵੀ ਆਪਣੇ ਆਹੁਦੇ ਸੰਭਾਲੇ। ਸ੍ਰੀ ਜਿੰਪਾ ਅਤੇ ਸ੍ਰੀ ਜੌੜਾਮਾਜਰਾ ਨੇ ਨੀਨਾ ਮਿੱਤਲ ਅਤੇ ਨਵੇਂ ਮੈਂਬਰਾਂ ਨੂੰ ਵਧਾਈ ਦਿੱਤੀ।

ਸਮਾਗਮ ਮੌਕੇ ਮਾਲ ਤੇ ਮੁੜ ਵਸੇਬਾ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗਾਂ ਦੇ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਣਗੌਲਿਆਂ ਵਰਗਾਂ ਦੀ ਭਲਾਈ ਤੇ ਅਣਗੌਲੇ ਅਦਾਰਿਆਂ ਦੀ ਬਿਹਤਰੀ ਲਈ ਅਹਿਮ ਫੈਸਲੇ ਲੈ ਰਹੀ ਹੈ, ਸਿੱਟੇ ਵਜੋਂ ਐਮ ਐਲ ਏ ਨੀਨਾ ਮਿੱਤਲ ਨੂੰ ਪੈਪਸੂ ਨਗਰ ਵਿਕਾਸ ਬੋਰਡ ਦੇ ਵਾਈਸ ਚੇਅਰਪਰਸਨ ਵਜੋਂ ਨਿਯੁਕਤ ਕੀਤਾ ਹੈ। ਉਨ੍ਹਾਂ ਨੇ ਇਸ ਨਵੀਂ ਜਿੰਮੇਵਾਰੀ ਲਈ ਵਧਾਈ ਦਿੰਦਿਆਂ ਕਿਹਾ ਕਿ ਮਿਹਨਤੀ ਆਗੂ ਨੀਨਾ ਮਿੱਤਲ ਪੈਪਸੂ ਨੂੰ ਨਵੀਂਆਂ ਉਚਾਈਆਂ ‘ਤੇ ਲੈਕੇ ਜਾਣਗੇ।

ਮੀਡੀਆ ਨਾਲ ਗੱਲਬਾਤ ਕਰਦਿਆਂ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮਾਲ ਮਹਿਕਮੇ ਵਿਚ ਵੱਡੇ ਸੁਧਾਰ ਕੀਤੇ ਗਏ ਹਨ ਤੇ ਪਟਵਾਰੀਆਂ ਸਮੇਤ ਨਾਇਬ ਤਹਿਸੀਲਦਾਰਾਂ ਦੀਆਂ ਨਵੀਆਂ ਭਰਤੀਆਂ ਕਰਕੇ ਆਪਣੇ ਕੰਮ ਹੋਣ ਨੂੰ ਉਡੀਕਦੇ ਲੋਕਾਂ ਨੂੰ ਰਾਹਤ ਦਿੱਤੀ ਜਾ ਰਹੀ ਹੈ। ਇਕ ਸਵਾਲ ਦੇ ਜਵਾਬ ‘ਚ ਉਨ੍ਹਾ ਕਿਹਾ ਕਿ ਰਾਹੁਲ ਗਾਂਧੀ ਨੂੰ ਭਾਰਤ ਜੋੜੋ ਯਾਤਰਾ ਦੀ ਥਾਂ ਆਪਣੀ ਪਾਰਟੀ ਨੂੰ ਜੋੜਨਾ ਚਾਹੀਦਾ ਹੈ ਅਤੇ ਰਾਹੁਲ ਦੁਨੀਆਂ ਦੀ ਸਭ ਤੋਂ ਬਿਹਤਰ ਭਾਰਤੀ ਆਰਮੀ ਬਾਰੇ ਬਿਆਨ ਧਿਆਨ ਨਾਲ ਦੇਵੇ।

ਇਸ ਦੌਰਾਨ ਸੁਤੰਤਰਤਾ ਸੰਗਰਾਮੀ, ਰੱਖਿਆ ਸੇਵਾਵਾਂ, ਫੂਡ ਪ੍ਰੋਸੈਸਿੰਗ ਅਤੇ ਬਾਗਬਾਨੀ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਵਿਧਾਇਕ ਨੀਨਾ ਮਿੱਤਲ ਨੇ ਲੋਕਾਂ ਦੀ ਲੜਾਈ ਲੜੀ ਹੈ ਤੇ ਉਮੀਦ ਹੈ ਕਿ ਪੈਪਸੂ ਬੋਰਡ ਜਿਹੜੇ ਲੋਕਾਂ ਲਈ ਬਣਿਆਂ ਸੀ, ਉਨ੍ਹਾਂ ਦੀ ਭਲਾਈ ਲਈ ਨੀਨਾ ਮਿੱਤਲ ਦੀ ਅਗਵਾਈ ਹੇਠ ਬਿਹਤਰ ਢੰਗ ਨਾਲ ਯੋਜਨਾਵਾਂ ਨੂੰ ਲਾਗੂ ਕਰੇਗਾ।

ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਸੂਬੇ ਨੂੰ ਭਗਵੰਤ ਸਿੰਘ ਮਾਨ ਵਰਗਾ ਇੱਕ ਇਮਾਨਦਾਰ ਮੁੱਖ ਮੰਤਰੀ ਮਿਲਿਆ ਹੈ, ਜਿਸ ਲਈ ਆਪ ਸਰਕਾਰ ਦੀ ਅਗਵਾਈ ਹੇਠ ਪੰਜਾਬ ਹੋਰ ਵੀ ਬੁਲੰਦੀਆਂ ‘ਤੇ ਪੁੱਜੇਗਾ। ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਲੋਕਾਂ ਦਾ ਵਿਸ਼ਵਾਸ਼ ਸਰਕਾਰੀ ਸੰਸਥਾਵਾਂ ਵਿੱਚ ਬਹਾਲ ਹੋਇਆ ਹੈ, ਸਿੱਟੇ ਵਜੋਂ ਸਰਕਾਰੀ ਹਸਪਤਾਲਾਂ ਵਿੱਚ ਓ.ਪੀ.ਡੀ. ਅਤੇ ਟੈਸਟਾਂ ਦੀ ਦਰ ਨੇ ਨਵੇਂ ਰਿਕਾਰਡ ਸਥਾਪਤ ਕੀਤੇ ਹਨ। ਉਨ੍ਹਾਂ ਨੇ ਆਪਣੇ ਕੋਟੇ ਵਿੱਚੋਂ ਰਾਜਪੁਰਾ ਹਲਕੇ ਦੇ ਵਿਕਾਸ ਲਈ 5 ਲੱਖ ਰੁਪਏ ਦੇ ਫੰਡ ਦੇਣ ਦਾ ਐਲਾਨ ਵੀ ਕੀਤਾ।

ਪੈਸਪੂ ਦਾ ਵਾਈਸ ਚੇਅਰਪਰਸਨ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਵਿਧਾਇਕ ਨੀਨਾ ਮਿੱਤਲ ਨੇ ਦੋਵਾਂ ਕੈਬਨਿਟ ਵਜ਼ੀਰਾਂ ਸ੍ਰੀ ਜਿੰਪਾ ਅਤੇ ਸ੍ਰੀ ਜੌੜਾਮਾਜਰਾ ਵੱਲੋਂ ਰਾਜਪੁਰਾ ਪੁੱਜਣ ‘ਤੇ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੌਂਪੀ ਜਿੰਮੇਵਾਰੀ ਪੂਰੀ ਤਨਦੇਹੀ ਅਤੇ ਲਗਨ ਨਾਲ ਨਿਭਾਉਣਗੇ।

ਨੀਨਾ ਮਿੱਤਲ ਨੇ ਕਿਹਾ ਕਿ ਦੇਸ਼ ਦੀ ਵੰਡ ਸਮੇਂ ਰਾਜਪੁਰਾ ਅਤੇ ਤ੍ਰਿਪੜੀ ਵਿਖੇ ਆਏ ਮਾਈਗ੍ਰੈਂਟ ਲੋਕਾਂ ਦੀ ਭਲਾਈ ਲਈ ਪੈਪਸੂ ਬੋਰਡ ਬਣਾਇਆ ਗਿਆ ਸੀ ਅਤੇ ਹੁਣ ਇਸ ਬੋਰਡ ਦੀਆਂ ਜਮੀਨਾਂ ਤੋਂ ਨਾਜਾਇਜ਼ ਕਬਜੇ ਛੁਡਵਾ ਕੇ ਲੋਕਾਂ ਦੀ ਭਲਾਈ ਲਈ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਪੈਪਸੂ ਬੋਰਡ ਨੂੰ ਨਵੀਂਆਂ ਉਚਾਈਆਂ ‘ਤੇ ਲਿਜਾਇਆ ਜਾਵੇਗਾ। ਉਨ੍ਹਾਂ ਨੇ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਕੋਲ ਬਨੂੜ ਨੂੰ ਸਬ ਡਵੀਜਨ ਬਣਾਉਣ ਦੀ ਮੰਗ ਵੀ ਰੱਖੀ।

ਸਮਾਰੋਹ ‘ਚ ਅਜੇ ਮਿੱਤਲ, ਲਵਿਸ਼ ਮਿੱਤਲ, ਐਡਵੋਕੇਟ ਰਵਿੰਦਰ ਸਿੰਘ, ਪ੍ਰਵੀਨ ਛਾਬੜਾ, ਪੈਪਸੂ ਦੇ ਈ.ਓ. ਮ੍ਰਿਦੁਲ ਬਾਂਸਲ, ਅਮਰਿੰਦਰ ਮੀਰੀ, ਮੇਜਰ ਚਲਾਨੀਆ, ਮਦਨ ਲਾਲ ਬੱਬਰ, ਰਜੇਸ਼ ਬਾਵਾ, ਮਨਦੀਪ ਸਰਾਓ, ਰਤਨੇਸ਼ ਜਿੰਦਲ ਸਮੇਤ ਵੱਡੀ ਗਿਣਤੀ ਆਪ ਆਦਮੀ ਪਾਰਟੀ ਦੇ ਆਗੂ ਤੇ ਵਲੰਟੀਅਰਾਂ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।