Patiala people started to put sign boards in Punjabi
February 3, 2023 - PatialaPolitics
Patiala people started to put sign boards in Punjabi
ਪਟਿਆਲਾ, 3 ਫਰਵਰੀ:
ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ (ਗੁਰਮੁੱਖੀ ਲਿੱਪੀ) ਨੂੰ ਵਧੇਰੇ ਮਹੱਤਤਾ ਦਿੱਤੇ ਜਾਣ ਦੇ ਜਾਰੀ ਕੀਤੇ ਆਦੇਸ਼ਾਂ ਦੀ ਪਾਲਣਾ ਪਟਿਆਲਾ ਵਿਖੇ ਕੀਤੀ ਜਾਣੀ ਲਾਗੂ ਹੋ ਗਈ ਹੈ। ਇੱਥੇ ਵੱਖ-ਵੱਖ ਬਾਜ਼ਾਰਾਂ ਅੰਦਰ ਦੁਕਾਨਾਂ ਤੇ ਹੋਰ ਅਦਾਰਿਆਂ ਦੇ ਬਾਹਰ ਲੱਗੇ ਬੋਰਡਾਂ ਉਪਰ ਪੰਜਾਬੀ ਭਾਸ਼ਾ ਉਪਰਲੇ ਸਥਾਨ ‘ਤੇ ਜਾਂ ਪਹਿਲੇ ਥਾਂ ਉਤੇ ਲਿਖੀ ਜਾ ਰਹੀ ਹੈ। ਬਹੁਤ ਸਾਰੇ ਅਦਾਰਿਆਂ ਨੇ ਪੰਜਾਬ ਸਰਕਾਰ ਦੇ ਹੁਕਮਾਂ ਨੂੰ ਮੰਨਦੇ ਹੋਏ ਗੁਰਮੁੱਖੀ ਲਿੱਪੀ ਨੂੰ ਤਰਜੀਹ ਦਿੱਤੀ ਹੈ।
ਇਸ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਦੇ ਸਾਰੇ ਵਪਾਰਿਕ ਅਦਾਰਿਆਂ, ਨਿਜੀ ਅਦਾਰਿਆਂ ਤੇ ਸਕੂਲਾਂ, ਦੁਕਾਨਾਂ ਦੇ ਮਾਲਕਾਂ ਸਮੇਤ ਸਾਰੇ ਸਬੰਧਤਾਂ ਨੂੰ ਕਿਹਾ ਹੈ ਕਿ ਉਹ ਪੰਜਾਬੀ ਭਾਸ਼ਾ (ਗੁਰਮੁੱਖੀ ਲਿੱਪੀ) ਨੂੰ ਵਧੇਰੇ ਮਹੱਤਤਾ ਦੇਣੀ ਯਕੀਨੀ ਬਣਾਉਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 21 ਫਰਵਰੀ 2023 ਤੱਕ ਅਜਿਹਾ ਨਾ ਕੀਤੇ ਜਾਣ ਦੀ ਸੂਰਤ ‘ਚ ਸਬੰਧਤਾਂ ਵਿਰੁੱਧ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਆਦੇਸ਼ਾਂ ਤਹਿਤ ਜ਼ਿਲ੍ਹੇ ਦੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਜਾਰੀ ਹੁਕਮਾਂ ਦੀ ਕਾਪੀ ਭੇਜਦੇ ਹੋਏ ਇਸ ਉਪਰ ਤੁਰੰਤ ਅਮਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹੁਕਮਾਂ ਮੁਤਾਬਕ ਸਮੂਹ ਪੱਟੀਆਂ, ਸਾਈਨ ਬੋਰਡਾਂ ਉਪਰ ਪੰਜਾਬੀ ਭਾਸ਼ਾ/ਗੁਰਮੁੱਖੀ ਲਿੱਪੀ ਨੂੰ ਪਹਿਲੇ ਸਥਾਨ ਉਪਰ ਲਿਖਿਆ ਜਾਣਾ ਯਕੀਨੀ ਬਣਾਇਆ ਜਾਵੇ ਅਤੇ ਇਸ ਦੀ ਰਿਪੋਰਟ ਵੀ ਭੇਜੀ ਜਾਵੇ।
ਡਿਪਟੀ ਕਮਿਸ਼ਨਰ ਨੇ ਪੰਜਾਬ ਸਰਕਾਰ ਦੇ ਹੁਕਮਾਂ ਨੂੰ ਮੰਨਦਿਆਂ ਆਪਣੇ ਅਦਾਰਿਆਂ ਉਪਰ ਗੁਰਮੁੱਖੀ ਲਿੱਪੀ ‘ਚ ਆਪਣੇ ਬੋਰਡ ਲਿਖਵਾਉਣ ਵਾਲੇ ਅਦਾਰਿਆਂ ਦੀ ਸ਼ਲਾਘਾ ਕਰਦਿਆਂ ਅਜੇ ਇਹ ਬੋਰਡ ਪੰਜਾਬੀ ਵਿੱਚ ਨਾ ਲਿਖਵਾਉਣ ਵਾਲਿਆਂ ਨੂੰ ਤੁਰੰਤ ਅਜਿਹਾ ਕਰਨ ਦੀ ਅਪੀਲ ਵੀ ਕੀਤੀ ਹੈ।