Rajindra Hospital Patiala to soon have world class emergency services

February 8, 2023 - PatialaPolitics

Rajindra Hospital Patiala to soon have world class emergency services

ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਕਿਹਾ ਹੈ ਕਿ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਲਾਨੀ ਫ਼ਰਿਸਤੇ ਸਕੀਮ ਦੀ ਸ਼ੁਰੂਆਤ ਬਹੁਤ ਜਲਦ ਹੋਣ ਜਾ ਰਹੀ ਹੈ। ਡਾ. ਬਲਬੀਰ ਸਿੰਘ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ ‘ਚ ਮਰੀਜਾਂ ਨੂੰ ਵਿਸ਼ਵ ਪੱਧਰੀ ਮਿਆਰੀ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਲਈ ਇੱਥੇ ਸਰਕਾਰੀ ਮੈਡੀਕਲ ਕਾਲਜ ਵਿਖੇ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਕਿਸੇ ਵੀ ਸੜਕ ਹਾਦਸੇ ਜਾਂ ਕਿਸੇ ਹੋਰ ਐਮਰਜੈਂਸੀ ਦੀ ਸੂਰਤ ‘ਚ ਹਾਦਸਾ ਹੋਣ ਦੇ ਪਹਿਲੇ ਇੱਕ ਘੰਟੇ, ਜਿਸਨੂੰ ‘ਗੋਲਡਨ-ਆਵਰ’ ਕਿਹਾ ਜਾਂਦਾ ਹੈ, ਦੇ ਅੰਦਰ-ਅੰਦਰ ਮਰੀਜ ਦੀ ਕੀਮਤੀ ਜਾਨ ਬਚਾਉਣ ਲਈ ਐਮਰਜੈਂਸੀ ਅਤੇ ਐਂਬੂਲੈਂਸ ਸੇਵਾਵਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਸੂਬੇ ‘ਚ ਐਮਰਜੈਂਸੀ ਤੇ ਐਂਬੂਲੈਂਸ ਸੇਵਾਵਾਂ ਨੂੰ ਵਿਸ਼ਵ ਪੱਧਰੀ ਮਿਆਰ ਦੇ ਪੱਧਰ ਦਾ ਬਣਾਇਆ ਜਾ ਰਿਹਾ ਹੈ।
ਮੈਡੀਕਲ ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਸੜਕ ਹਾਦਸਿਆਂ ‘ਚ ਇੱਕ ਸਾਲ ਅੰਦਰ ਕਰੀਬ ਸਾਢੇ ਪੰਜ ਹਜ਼ਾਰ ਕੀਮਤੀ ਜਾਨਾਂ ਅਜਾਈ ਜਾਂਦੀਆਂ ਹਨ, ਇਨ੍ਹਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਫ਼ਰਿਸਤੇ ਸਕੀਮ ਦੀ ਸ਼ੁਰੂਆਤ ਬਹੁਤ ਜਲਦ ਕਰੇਗੀ। ਇਸ ਤਹਿਤ ਕਿਸੇ ਹਾਦਸੇ ਦੇ ਪੀੜਤ ਨੂੰ ਨੇੜਲੇ ਸਰਕਾਰੀ ਹਸਪਤਾਲ ‘ਚ ਪਹਿਲੇ 24 ਘੰਟੇ ਸਾਰੀਆਂ ਲੋੜੀਂਦੀਆਂ ਵਰਲਡ ਕਲਾਸ ਮੈਡੀਕਲ ਸੇਵਾਵਾਂ ਮੁਫ਼ਤ ਪ੍ਰਦਾਨ ਕੀਤੀਆਂ ਜਾਣਗੀਆਂ ਤਾਂ ਕਿ ਮਰੀਜ ਦੀ ਸੰਭਾਂਲ ਕਰ ਰਹੇ ਵਿਅਕਤੀਆਂ ਨੂੰ ਦਵਾਈਆਂ ਲੈਣ ਜਾਂ ਟੈਸਟ ਆਦਿ ਕਰਵਾਉਣ ਲਈ ਐਮਰਜੈਂਸੀ ਦੇ ਬਾਹਰ ਨਾ ਜਾਣਾ ਪਵੇ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ ‘ਚ ਪ੍ਰਦਾਨ ਕੀਤੀਆਂ ਜਾ ਰਹੀਆਂ ਮੈਡੀਕਲ ਸੇਵਾਵਾਂ ਨੂੰ ਵਿਸ਼ਵ ਪੱਧਰੀ ਮਿਆਰ ਦੇ ਬਰਾਬਰ ਦੀਆਂ ਬਣਾਉਣ ਲਈ ਐਨ.ਜੀ.ਓਜ਼ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ। ਇਸ ਤਹਿਤ ਪਹਿਲਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਮੌਜੂਦਾ ਕਮੀਆਂ ‘ਤੇ ਚਰਚਾ ਕਰਨ ਵਾਸਤੇ ਅੱਜ ਏਂਜਲ ਇਨਵੈਸਟਰਜ਼, ਸਦਭਾਵਨਾ ਹਸਪਤਾਲ ਦੇ ਡਾ. ਸੁਧੀਰ ਵਰਮਾ, ਰੰਧਾਵਾ ਆਈ ਹਸਪਤਾਲ ਤੋਂ ਡਾ. ਜੀ.ਐਸ. ਰੰਧਾਵਾ, ਪਟਿਆਲਾ ਹੈਲਥ ਫਾਊਂਡੇਸ਼ਨ, ਖ਼ਾਲਸਾ ਏਡ ਤੋਂ ਏਸ਼ੀਆ ਹੈਡ ਅਮਰਪ੍ਰੀਤ ਸਿੰਘ, ਜਨ ਹਿਤ ਸੰਮਤੀ ਤੋਂ ਵਿਨੋਦ ਸ਼ਰਮਾ, ਕਰਨਲ ਕਰਮਿੰਦਰ ਸਿੰਘ, ਜਗਤਾਰ ਸਿੰਘ, ਮਾਨਵ ਸੇਵਾ ਸਦਨ ਸਮੇਤ ਉਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ।
ਮੀਟਿੰਗ ‘ਚ ਐਮਰਜੈਂਸੀ ਮੈਡੀਕਲ ਸੇਵਾਵਾ ਦੀ ਸਮੀਖਿਆ ਕਰਦਿਆਂ ਰਾਜਿੰਦਰਾ ਹਸਪਤਾਲ ‘ਚ ਲੋੜੀਂਦੀਆਂ ਦਵਾਈਆਂ, ਮਸ਼ੀਨਾਂ, ਮੈਡੀਕਲ ਤੇ ਪੈਰਾ ਮੈਡੀਕਲ ਸਟਾਫ਼ ਦੀ ਘਾਟ ਅਤੇ ਡਾਕਟਰਾਂ ਦੀ ਸੁਰੱਖਿਆ ਆਦਿ ਬਾਰੇ ਵੀ ਚਰਚਾ ਕੀਤੀ ਗਈ। ਸਿਹਤ ਮੰਤਰੀ ਨੇ ਕਿਹਾ ਕਿ ਸਮੁੱਚੇ ਸਿਸਟਮ ਨੂੰ ਪਾਰਦਰਸ਼ੀ ਤੇ ਕੁਸ਼ਲ ਬਣਾਉਣਾ ਉਨ੍ਹਾਂ ਦੀ ਮੁਢਲੀ ਤਰਜੀਹ ਹੈ। ਇਸ ਦੌਰਾਨ ਉਨ੍ਹਾਂ ਨੇ ਭਾਸ਼ਾ ਵਿਭਾਗ ਅਤੇ ਪਿੰਡ ਝਿੱਲ ਵਿਖੇ ਆਮ ਆਦਮੀ ਕਲੀਨਿਕ ਦਾ ਅਚਨਚੇਤ ਦੌਰਾ ਕਰਕੇ ਇਨ੍ਹਾਂ ਦਾ ਨਿਰੀਖਣ ਵੀ ਕੀਤਾ ਤੇ ਇੱਥੇ ਡਾਕਟਰਾਂ ਤੇ ਮਰੀਜਾਂ ਨਾਲ ਗੱਲਬਾਤ ਕਰਕੇ ਪ੍ਰਦਾਨ ਕੀਤੀਆਂ ਜਾ ਰਹੀਆਂ ਸਿਹਤ ਸੇਵਾਵਾਂ ‘ਤੇ ਤਸੱਲੀ ਦਾ ਇਜ਼ਹਾਰ ਕੀਤਾ।
ਇਸ ਮੌਕੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਅਲਕਨੰਦਾ ਦਿਆਲ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਡਾਇਰੈਕਟਰ ਮੈਡੀਕਲ ਸਿੱਖਿਆ ਤੇ ਖੋਜ ਡਾ. ਅਵਨੀਸ਼ ਕੁਮਾਰ, ਡਾਇਰੈਕਟਰ ਪ੍ਰਿੰਸੀਪਲ ਮੈਡੀਕਲ ਕਾਲਜ ਡਾ. ਹਰਜਿੰਦਰ ਸਿੰਘ, ਡਿਪਟੀ ਸਕੱਤਰ ਮਨਰੀਤ ਰਾਣਾ, ਸੰਯੁਕਤ ਡਾਇਰੈਕਟਰ ਡਾ. ਆਕਾਸ਼, ਮੈਡੀਕਲ ਸੁਪਰਡੈਂਟ ਡਾ. ਐਚ.ਐਸ. ਰੇਖੀ, ਵਾਈਸ ਪ੍ਰਿੰਸੀਪਲ ਡਾ. ਆਰ.ਪੀ.ਐਸ. ਸਿਬੀਆ, ਕਰਨਲ ਜੇ.ਵੀ., ਡਾ. ਜਤਿੰਦਰ ਕਾਂਸਲ, ਡਿਪਟੀ ਮੈਡੀਕਲ ਸੁਪਰਡੈਂਟ ਡਾ. ਵਿਨੋਦ ਡੰਗਵਾਲ, ਡਾ. ਅਮਨਦੀਪ ਸਿੰਘ ਬਖ਼ਸ਼ੀ, ਡਾ. ਵਿਸ਼ਾਲ ਚੋਪੜਾ ਤੋਂ ਇਲਾਵਾ ਲੋਕ ਨਿਰਮਾਣ, ਜਨ ਸਿਹਤ, ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ ਆਦਿ ਦੇ ਅਧਿਕਾਰੀ ਵੀ ਮੌਜੂਦ ਸਨ।

 

 

View this post on Instagram

 

A post shared by Patiala Politics (@patialapolitics)