Parking Rates for Sheesh Mahal Heritage Patiala 2023

February 27, 2023 - PatialaPolitics

Parking Rates for Sheesh Mahal Heritage Patiala 2023

ਪਟਿਆਲਾ ਦੀ ਵਿਰਾਸਤੀ ਇਮਾਰਤ ਸ਼ੀਸ਼ ਮਹਿਲ ਦੇ ਵਿਹੜੇ ‘ਚ 5 ਮਾਰਚ ਤੱਕ ਲਗਾਏ ਜਾ ਰਹੇ ਕਰਾਫ਼ਟ ਮੇਲਾ-ਰੰਗਲਾ ਪੰਜਾਬ-2023 ‘ਚ ਆਉਣ ਵਾਲੇ ਦਰਸ਼ਕਾਂ ਦੇ ਵਹੀਕਲ ਖੜ੍ਹੇ ਕਰਨ ਲਈ ਬਣਾਈਆਂ ਦੋ ਪਾਰਕਿੰਗ ਥਾਵਾਂ, ਸ਼ੀਸ਼ ਮਹਿਲ ਦੇ ਨਾਲ ਵਾਲੀ ਖਾਲੀ ਥਾਂ ‘ਤੇ ਅਤੇ ਨਗਰ ਨਿਗਮ ਵਿਖੇ ਰਾਜ ਮਾਤਾ ਮਹਿੰਦਰ ਕੌਰ ਪਾਰਕ ਵਿੱਚ ਪਰਚੀ ਫੀਸ ਸਕੂਟਰ-ਮੋਟਰਸਾਈਕਲ ਲਈ 10 ਰੁਪਏ ਅਤੇ ਕਾਰਾਂ ਲਈ 20 ਰੁਪਏ ਪਹਿਲਾਂ ਹੀ ਨਿਰਧਾਤ ਕੀਤੀ ਹੋਈ ਹੈ।
ਇਹ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਜੀਵਨ ਜੋਤ ਕੌਰ ਨੇ ਦੱਸਿਆ ਕਿ ਦਰਸ਼ਕਾਂ ਦੇ ਵਹੀਕਲ ਖੜ੍ਹੇ ਕਰਨ ਲਈ ਨਗਰ ਨਿਗਮ ਨੇ ਦੋ ਪਾਰਕਿੰਗ ਥਾਵਾਂ ਠੇਕੇ ਉਪਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਕਿੰਗ ਥਾਵਾਂ ‘ਚ ਮੀਡੀਆ ਦੀ ਪਾਰਕਿੰਗ ਮੁਫ਼ਤ ਹੈ ਪਰੰਤੂ ਦਰਸ਼ਕਾਂ ਲਈ 10 ਰੁਪਏ 20 ਰੁਪਏ ਦੀ ਫੀਸ ਰੱਖੀ ਗਈ ਹੈ, ਪਰੰਤੂ ਜੇਕਰ ਕਿਸੇ ਦਰਸ਼ਕ ਤੋਂ ਵਾਧੂ ਵਸੂਲੀ ਜਾਂਦੀ ਹੈ ਤਾਂ ਇਸ ਦੀ ਸ਼ਿਕਾਇਤ ਮੇਲੇ ‘ਚ ਕੰਟਰੋਲ ਰੂਮ ਵਿਖੇ ਲਿਖਤੀ ਤੌਰ ‘ਤੇ ਕੀਤੀ ਜਾ ਸਕਦੀ ਹੈ ਅਤੇ ਸ਼ਿਕਾਇਤ ਪ੍ਰਾਪਤ ਹੋਣ ‘ਤੇ ਸਬੰਧਤ ਠੇਕੇਦਾਰ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਸੰਯੁਕਤ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇੱਕ ਸ਼ਿਕਾਇਤ ਆਉਣ ‘ਤੇ ਠੇਕੇਦਾਰ ਨੂੰ 1000 ਰੁਪਏ ਜ਼ੁਰਮਾਨਾ ਅਤੇ ਲਗਾਤਾਰ ਸ਼ਿਕਾਇਤਾਂ ਮਿਲਣ ‘ਤੇ ਠੇਕਾ ਰੱਦ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਰਾਜ ਮਾਤਾ ਮਹਿੰਦਰ ਕੌਰ ਪਾਰਕ ‘ਚ ਪਾਰਕਿੰਗ ਫੀਸ ਵੱਧ ਵਸੂਲਣ ਦੀ ਇੱਕ ਸ਼ਿਕਾਇਤ ਪ੍ਰਾਪਤ ਹੋਈ ਸੀ, ਜਿਸ ਲਈ ਸਬੰਧਤ ਠੇਕੇਦਾਰ ਨੂੰ ਇੱਕ ਹਜਾਰ ਰੁਪਏ ਦਾ ਜ਼ੁਰਮਾਨਾ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਖ਼ੁਦ ਇਨ੍ਹਾਂ ਦੋਵਾਂ ਪਾਰਕਿੰਗ ਥਾਵਾਂ ਦਾ ਜਾਇਜ਼ਾ ਲੈਕੇ ਆਏ ਹਨ ਤੇ ਠੇਕੇਦਾਰ ਤੇ ਕਰਿੰਦਿਆਂ ਨੂੰ ਪ੍ਰਸ਼ਾਸਨ ਦੀਆਂ ਹਦਾਇਤਾਂ ਤੋਂ ਸਖ਼ਤੀ ਨਾਲ ਜਾਣੂ ਕਰਵਾਇਆ ਗਿਆ ਹੈ।
ਇਸੇ ਦੌਰਾਨ ਮੇਲੇ ਦੇ ਨੋਡਲ ਅਫ਼ਸਰ ਤੇ ਏ.ਡੀ.ਸੀ. (ਦਿਹਾਤੀ ਵਿਕਾਸ) ਈਸ਼ਾ ਸਿੰਘਲ ਨੇ ਦੱਸਿਆ ਕਿ ਕਰਾਫ਼ਟ ਮੇਲੇ ‘ਚ ਬਜ਼ੁਰਗਾਂ ਤੇ ਦਿਵਿਆਂਗਜਨਾਂ ਦੀ ਸਹੂਲਤ ਲਈ ਸ਼ੀਸ਼ ਮਹਿਲ ਦੇ ਪਿਛਲੇ ਪਾਸੇ ਵਿਸ਼ੇਸ਼ ਪਾਰਕਿੰਗ ਬਣਾਈ ਹੈ ਤੇ ਉਥੋਂ ਅੰਦਰ ਆਉਣ ਲਈ ਈ-ਰਿਕਸ਼ਾ ਦਾ ਪ੍ਰਬੰਧ ਵੀ ਹੈ। ਉਨ੍ਹਾਂ ਦੱਸਿਆ ਕਿ ਬਜ਼ੁਰਗਾਂ ਤੇ ਦਿਵਿਆਂਗਜਨਾਂ ਲਈ ਵੀਲ੍ਹ ਚੇਅਰ ਦੇ ਵੱਖਰੇ ਤੌਰ ‘ਤੇ ਪ੍ਰਬੰਧਾਂ ਸਮੇਤ ਵਲੰਟੀਅਰਜ਼ ਸੇਵਾਵਾਂ ਨਿਭਾਅ ਰਹੇ ਹਨ।