Over 75000 people visited Patiala Heritage craft Mela 2023
March 1, 2023 - PatialaPolitics
Over 75000 people visited Patiala Heritage craft Mela 2023
ਕਰਾਫ਼ਟ ਮੇਲੇ ‘ਚ 75 ਹਜ਼ਾਰ ਦੇ ਕਰੀਬ ਦਰਸ਼ਕ ਪੁੱਜੇ, 64 ਲੱਖ 73 ਹਜ਼ਾਰ ਰੁਪਏ ਦੀ ਵਿਕਰੀ ਦਰਜ
-ਗਲੀਚੇ, ਫਰਨੀਚਰ, ਕੱਪੜੇ, ਤੁਰਕੀ ਤੇ ਟੁਨੇਸ਼ੀਆ ਦੀਆਂ ਸਜਾਵਟੀ ਵਸਤਾਂ ਮਕਬੂਲ
-ਕਸ਼ਮੀਰੀ ਕਾਹਵਾ, ਅਫ਼ਗਾਨਿਸਤਾਨ ਦੇ ਸੁੱਕੇ ਮੇਵੇ, ਖਾਣ-ਪੀਣ ਦੀਆਂ ਸਟਾਲਾਂ ‘ਤੇ ਜੁੜੀ ਭੀੜ
ਪਟਿਆਲਾ, 1 ਮਾਰਚ:
ਇੱਥੇ ਵਿਰਾਸਤੀ ਇਮਾਰਤ ਸ਼ੀਸ਼ ਮਹਿਲ ਵਿਖੇ ਚੱਲ ਰਹੇ ਸ਼ਿਲਪ ਮੇਲੇ ਵਿੱਚ ਅੱਜ ਪੰਜਵੇਂ ਦਿਨ ਤੱਕ ਦਰਸ਼ਕਾਂ ਦੀ ਆਮਦ ਦੀ ਗਿਣਤੀ 75 ਹਜ਼ਾਰ ਨੂੰ ਢੁੱਕ ਚੁੱਕੀ ਹੈ। ਇਸ ਕਰਾਫ਼ਟ ਮੇਲੇ ‘ਚ ਲੋਕਾ ਦੇ ਖਰੀਦਣ ਲਈ ਵੱਖ-ਵੱਖ ਸ਼ਿਲਪ ਕਲਾ ਦੀਆਂ 110 ਸਟਾਲਾਂ ਜਦਕਿ 31 ਖੁੱਲ੍ਹੀਆਂ ਸਟਾਲਾਂ ਸਜੀਆਂ ਹੋਈਆਂ ਹਨ, ਜਿਨ੍ਹਾਂ ਸਾਰੀਆਂ ਉਪਰ ਹੀ ਗਾਹਕ ਪੁੱਜ ਕੇ ਖਰੀਦਦਾਰੀ ਕਰ ਰਹੇ ਹਨ। ਇਥੇ ਪੌਣੇ 64 ਲੱਖ 73 ਹਜ਼ਾਰ ਰੁਪਏ ਤੋਂ ਵੱਧ ਰੁਪਏ ਦੀ ਵਿਕਰੀ 28 ਫਰਵਰੀ ਤੱਕ ਦਰਜ ਕੀਤੀ ਗਈ ਹੈ।
ਸ਼ਿਲਪ ਮੇਲੇ ‘ਚ ਪੁੱਜਣ ਵਾਲੇ ਲੋਕਾਂ ਲਈ ਗਲੀਚੇ, ਲੱਕੜ ਦਾ ਫਰਨੀਚਰ, ਕੱਪੜੇ, ਵੱਖ-ਵੱਖ ਤਰ੍ਹਾਂ ਦੇ ਫੁੱਲ, ਲੱਕੜ ‘ਤੇ ਕਢਾਈ, ਖੁਰਜਾ ਪੌਟਰੀ, ਥਾਈਲੈਂਡ ਤੋਂ ਆਇਆ ਔਰਤਾਂ ਲਈ ਸਜਾਵਟੀ ਸਮਾਨ ਤੇ ਹੌਜ਼ਰੀ ਵਸਤਾਂ, ਤੁਰਕੀ ਦੀਆਂ ਲਾਈਟਾਂ ਤੇ ਸਜਾਵਟੀ ਵਸਤਾਂ, ਟੁਨੇਸ਼ੀਆ ਤੋਂ ਸੈਰੇਮਿਕ ਭਾਂਡੇ ਤੇ ਲੱਕੜ ਦੀਆਂ ਵਸਤਾਂ, ਘਾਨਾ ਦੀਆਂ ਲੱਕੜੀ ਦੀਆਂ ਬਣੀਆਂ ਵਸਤਾਂ ਆਦਿ ਖਾਸ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ।
ਜਦੋਂਕਿ ਅਫ਼ਗਾਨਿਸਤਾਨ ਦੇ ਸੁੱਕੇ ਮੇਵੇ ਤੇ ਗਲੀਚਿਆਂ ਤੋਂ ਇਲਾਵਾ ਕਸ਼ਮੀਰੀ ਕਾਹਵਾ ਦੀਆਂ ਦੋਵੇਂ ਸਟਾਲਾਂ ਦਰਸ਼ਕਾਂ ਦੀ ਕਾਫੀ ਭੀੜ ਆਪਣੇ ਵੱਲ ਖਿਚਣ ‘ਚ ਕਾਮਯਾਬ ਰਹੀਆਂ ਹਨ। ਦੋਵੇਂ ਸਟਾਲਾਂ ‘ਤੇ ਕਸ਼ਮੀਰੀ ਕਾਹਵੇ ਤੇ ਸੁੱਕੇ ਮੇਵਿਆਂ ਦੀ ਵਿਕਰੀ 1.50 ਲੱਖ ਰੁਪਏ ਦੇ ਕਰੀਬ ਹੋ ਚੁੱਕੀ ਹੈ। ਇਸ ਤੋਂ ਬਿਨ੍ਹਾਂ ਲਜ਼ੀਜ਼ ਪਕਵਾਨਾਂ ਦਾ ਸਵਾਦ ਲੈਣ ਸਮੇਤ ਬੱਚਿਆਂ ਲਈ ਝੂਲਿਆਂ ‘ਤੇ ਵੀ ਦਰਸ਼ਕ ਵੱਡੀ ਗਿਣਤੀ ਪੁੱਜ ਕੇ ਮਨੋਰੰਜਨ ਕਰ ਰਹੇ ਹਨ।
ਇਸ ਕਰਾਫ਼ਟ ਮੇਲੇ ‘ਚ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਦਰਸ਼ਕਾਂ ਦੇ ਮਨੋਰੰਜਨ ਲਈ ਪੁੱਜੇ ਡੇਢ ਦਰਜਨ ਤੋਂ ਵਧੇਰੇ ਰਾਜਾਂ ਦੇ ਕਲਾਕਾਰਾਂ ਨੇ ਵੱਖ-ਵੱਖ ਰਾਜਾਂ ਦੇ ਸੱਭਿਆਚਾਰ ਅਤੇ ਪ੍ਰੰਪਰਾਵਾਂ ਦੀ ਦਿਲਕਸ਼ ਪੇਸ਼ਕਾਰੀ ਨਾਲ ਵੱਖਰੇ ਤੌਰ ‘ਤੇ ਦਰਸ਼ਕਾਂ ਦਾ ਮਨ ਮੋਹਿਆ ਹੋਇਆ ਹੈ। ਇਸ ਦੌਰਾਨ ਬੀਨ ਵਾਜਾ, ਬਾਜੀਗਰ ਆਦਿ ਸਮੇਤ ਹੋਰ ਲੋਕ ਨਾਚ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ।
ਇਸ ਮੇਲੇ ਦੇ ਨੋਡਲ ਅਫ਼ਸਰ ਤੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਈਸ਼ਾ ਸਿੰਘਲ ਨੇ ਦੱਸਿਆ ਕਿ ਸ਼ੀਸ਼ ਮਹਿਲ ‘ਚ 5 ਮਾਰਚ ਤੱਕ ਚੱਲਣ ਵਾਲੇ ਸ਼ਿਲਪ ਮੇਲੇ ‘ਚ 75 ਹਜ਼ਾਰ ਤੱਕ ਦਰਸ਼ਕ ਪੁੱਜ ਚੁੱਕੇ ਹਨ ਅਤੇ ਇੱਥੇ ਲੱਗੀਆਂ ਵੱਖ-ਵੱਖ ਸਟਾਲਾਂ ‘ਤੇ ਹੁੱਣ ਤੱਕ ਕੋਈ ਪੌਣੇ 1 ਕਰੋੜ ਰੁਪਏ ਦੀ ਵਿਕਰੀ ਦਰਜ ਕੀਤੀ ਗਈ ਹੈ, ਜੋ ਕਿ ਆਉਣ ਵਾਲੇ ਇੱਕ ਦੋ ਦਿਨਾਂ ‘ਚ ਹੋਰ ਵੀ ਵਧਣ ਦੀ ਆਸ ਹੈ।
ਈਸ਼ਾ ਸਿੰਘਲ ਨੇ ਪਟਿਆਲਵੀਆਂ ਤੇ ਆਮ ਲੋਕਾਂ ਸੱਦਾ ਦਿੱਤਾ ਕਿ ਉਹ ਇੱਸ ਮੇਲੇ ਦਾ ਅਨੰਦ ਮਾਨਣ ਲਈ ਸ਼ੀਸ਼ ਮਹਿਲ ਪੁੱਜਣ, ਕਿਉਂਕਿ ਇਥੇ ਦੇਸ਼ ਭਰ ‘ਚੋਂ ਪੁੱਜੇ ਸ਼ਿਲਪਕਾਰਾਂ ਦੀ ਵਸਤਾਂ ਇੱਕ ਮੰਚ ‘ਤੇ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਤੋਂ ਬਿਨ੍ਹਾਂ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਲੋਕ ਕਲਾਵਾਂ ਦੇ ਕਲਾਕਾਰ ਇੱਥੇ ਆਪਣੀ ਦਿਲਕਸ਼ ਪੇਸ਼ਕਾਰੀ ਦਿਖਾ ਰਹੇ ਹਨ।