Patiala: Employees are instructed not to leave the station during Monsoon

June 26, 2023 - PatialaPolitics

Patiala: Employees are instructed not to leave the station during Monsoon

 

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਹਾੜਾਂ ਅਤੇ ਘੱਗਰ ਸਮੇਤ ਹੋਰ ਨਦੀਆਂ ਤੇ ਨਾਲਿਆਂ ਦੇ ਕੈਚਮੈਂਟ ਖੇਤਰ ਵਿੱਚ ਭਾਰੀ ਬਰਸਾਤ ਦੀ ਪੇਸ਼ੀਨਗੋਈ ਦੇ ਮੱਦੇਨਜ਼ਰ ਪੈਦਾ ਹੋਣ ਵਾਲੀ ਕਿਸੇ ਵੀ ਹੜ੍ਹਾਂ ਵਰਗੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਸਬੰਧਤ ਵਿਭਾਗਾਂ ਵੱਲੋਂ ਕੀਤੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦਾ ਹੜ੍ਹ ਕੰਟਰੋਲ ਰੂਮ 0175-2350550 ਦਿਨ-ਰਾਤ  ਕਾਰਜਸ਼ੀਲ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ, ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਅਤੇ ਜ਼ਿਲ੍ਹੇ ਅੰਦਰ ਬਰਸਾਤਾਂ ਕਰਕੇ ਪੈਦਾ ਹੋਣ ਵਾਲੀ ਹੜ੍ਹਾਂ ਵਰਗੀ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਸਾਕਸ਼ੀ ਸਾਹਨੀ ਨੇ ਐਸ.ਡੀ.ਐਮਜ਼ ਨੂੰ ਕਿਹਾ ਕਿ ਸਬੰਧਤ ਡੀ.ਐਸ.ਪੀਜ਼ ਨਾਲ ਤਾਲਮੇਲ ਕਰਕੇ ਸਮੁੱਚੇ ਪ੍ਰਬੰਧਾਂ ‘ਤੇ ਨਿਗਰਾਨੀ ਰੱਖੀ ਜਾਵੇ ਅਤੇ ਸੰਵੇਨਸ਼ੀਲ ਇਲਾਕਿਆਂ ਦਾ ਦੌਰਾ ਕੀਤਾ ਜਾਵੇ। ਜਦਕਿ ਬਰਸਾਤਾਂ ਦੇ ਮੌਸਮ ਦੌਰਾਨ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਆਪਣਾ ਸਟੇਸ਼ਨ ਨਹੀਂ ਛੱਡੇਗਾ, ਕਿਉਂਕਿ ਹੜ੍ਹਾਂ ਕਰਕੇ ਨਾਗਰਿਕਾਂ ਦਾ ਕਿਸੇ ਵੀ ਤਰ੍ਹਾਂ ਦਾ ਜਾਨੀ ਤੇ ਮਾਲੀ ਨੁਕਸਾਨ ਨਹੀਂ ਹੋਣ ਦਿੱਤਾ ਜਾ ਸਕਦਾ।
ਡਿਪਟੀ ਕਮਿਸ਼ਨਰ ਨੇ ਜਲ ਨਿਕਾਸ, ਸਿੰਚਾਈ, ਲੋਕ ਨਿਰਮਾਣ, ਮੰਡੀ ਬੋਰਡ, ਜਲ ਸਪਲਾਈ ਤੇ ਸੀਵਰੇਜ ਬੋਰਡ, ਸਥਾਨਕ ਸਰਕਾਰਾਂ ਸਮੇਤ ਹੋਰ ਸਬੰਧਤ ਵਿਭਾਗਾਂ ਦੇ ਕਮਿਉਨੀਕੇਸ਼ਨ ਪਲਾਨ ਤੇ ਹੜ੍ਹਾਂ ਤੋਂ ਬਚਾਅ ਲਈ ਯੋਜਨਾ ਸਮੇਤ ਭਾਰਤੀ ਫ਼ੌਜ, ਐਨ.ਡੀ.ਆਰ.ਐਫ, ਪੁਲਿਸ ਤੇ ਹੋਰ ਵਿਭਾਗਾਂ ਦੀ ਆਫ਼ਤ ਪ੍ਰਬੰਧਨ ਯੋਜਨਾ ‘ਤੇ ਵੀ ਚਰਚਾ ਕੀਤੀ।
ਇਸ ਤੋਂ ਇਲਾਵਾ ਪੁਲੀਆਂ, ਕਲਵਰਟ, ਸਾਈਫ਼ਨ, ਨਾਲਿਆਂ ਤੇ ਛੱਪੜਾਂ ਆਦਿ ਦੀ ਸਾਫ਼ ਸਫ਼ਾਈ, ਨਿਰਵਿਘਨ ਬਿਜਲੀ ਸਪਲਾਈ, ਸੜਕਾਂ ਦਾ ਰੋਡ ਮੈਪ, ਕੀਤੇ ਜਾਣ ਵਾਲੇ ਬਚਾਅ ਕਾਰਜਾਂ, ਹੜ੍ਹ ਦੀ ਸਥਿਤੀ ‘ਚ ਨਾਗਰਿਕਾਂ ਤੇ ਪਸ਼ੂਆਂ ਨੂੰ ਸੁਰੱਖਿਅਤ ਥਾਵਾਂ ‘ਤੇ ਰੱਖੇ ਜਾਣ ਤੇ ਪਸ਼ੂਆਂ ਲਈ ਹਰੇ ਚਾਰੇ ਦੇ ਪ੍ਰਬੰਧਾਂ, ਜੇ.ਸੀ.ਬੀਜ਼ ਤੇ ਰੇਤ ਦੇ ਥੈਲਿਆਂ, ਸ਼ੈਲਟਰ ਹੋਮਜ, ਹੜ੍ਹ ਦੀ ਸਥਿਤੀ ‘ਚ ਖਾਣ-ਪੀਣ ਦਾ ਪ੍ਰਬੰਧ, ਮੈਡੀਕਲ ਟੀਮਾਂ ਨੂੰ ਤਿਆਰ ਤੇ ਦਵਾਈਆਂ ਆਦਿ ਦਾ ਵੀ ਜਾਇਜ਼ਾ ਲਿਆ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਰਸਾਤਾਂ ਦੇ ਮੌਸਮ ਵਿਚ ਬਰਸਾਤੀ ਪਾਣੀ ਦੇ ਕੁਦਰਤੀ ਵਹਾਅ ਨੂੰ ਰੋਕਣ ਵਿਰੁੱਧ ਡਿਜਾਸਟਰ ਮੈਨੇਜਮੈਂਟ ਐਕਟ ਤੇ ਨਰਦਰਨ ਇੰਡੀਆ ਕੈਨਾਲ ਅਤੇ ਡਰੇਨੇਜ ਐਕਟ-1873 ਦੇ ਸੈਕਸ਼ਨ 70 ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਣੀ ਦੇ ਕੁਦਰਤੀ ਵਹਾਅ ਨੂੰ ਰੋਕਣ ਕਰਕੇ ਹੜ੍ਹਾਂ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ ਜਿਸ ਨਾਲ ਫਸਲਾਂ ਅਤੇ ਹੋਰ ਜਾਨੀ ਮਾਲੀ ਨੁਕਸਾਨ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ, ਇਸ ਲਈ ਕਾਰਜ਼ਕਾਰੀ ਇੰਜੀਨੀਅਰ ਜਲ ਨਿਕਾਸ ਵੱਲੋਂ ਕੁਦਰਤੀ ਵਹਾਅ ਨੂੰ ਰੋਕਣ ‘ਤੇ ਨਜ਼ਰ ਰੱਖੀ ਜਾਵੇ।
ਮੀਟਿੰਗ ‘ਚ ਏ.ਡੀ.ਸੀ (ਜ) ਜਗਜੀਤ ਸਿੰਘ, ਵੀਡੀਓ ਕਾਨਫਰੰਸਿੰਗ ਰਾਹੀਂ ਐਸ.ਡੀ.ਐਮਜ਼ ਚਰਨਜੀਤ ਸਿੰਘ, ਤਰਸੇਮ ਚੰਦ, ਕਿਰਪਾਲਵੀਰ ਸਿੰਘ, ਪਰਲੀਨ ਕੌਰ ਕਾਲੇਕਾ ਤੇ ਨਵਦੀਪ ਕੁਮਾਰ ਸਮੇਤ ਜਲ ਨਿਕਾਸ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਰਜਿੰਦਰ ਘਈ, ਡੀ.ਆਰ.ਓ. ਨਵਦੀਪ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਮਨਦੀਪ ਕੌਰ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪਿਯੂਸ਼ ਅਗਰਵਾਲ ਤੇ ਮਨਪ੍ਰੀਤ ਸਿੰਘ ਦੂਆ, ਐਕਸੀਐਨ ਮੰਡੀ ਬੋਰਡ ਅੰਮ੍ਰਿਤਪਾਲ ਸਿੰਘ, ਐਸ.ਡੀ.ਓ. ਡਰੇਨੇਜ ਨਿਸ਼ਾਂਤ ਗਰਗ, ਸਦਰ ਕਾਨੂਗੋ ਵਿਨੋਦ ਮਹਿਤਾ ਤੇ ਐਫ.ਆਰ.ਸੀ. ਲਾਲ ਸਿੰਘ ਵੀ ਮੌਜੂਦ ਸਨ।