Patiala to get 66KV substation near Sanouri Adda
July 10, 2018 - PatialaPolitics
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਾਸੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਦੇ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਪੰਜਾਬ ਰਾਜ ਬਿਜਲੀ ਨਿਗਮ ਵੱਲੋਂ ਪਟਿਆਲਾ ਦੀਆਂ ਅੱਧੀ ਦਰਜਨ ਤੋਂ ਵੱਧ ਵਾਰਡਾਂ ‘ਚ ਪੈਂਦੀਆਂ ਡੇਢ ਦਰਜਨ ਤੋਂ ਵੱਧ ਕਲੋਨੀਆਂ ਦੇ ਵਾਸੀਆਂ ਨੂੰ ਬੇਰੋਕ ਬਿਜਲੀ ਸਪਲਾਈ ਪ੍ਰਦਾਨ ਕਰਨ ਲਈ ਸਨੌਰੀ ਅੱਡਾ ਵਿਖੇ ਸ਼ਹੀਦ ਭਗਤ ਸਿੰਘ ਪਾਰਕ ਨੇੜੇ 66 ਕਿਲੋਵਾਟ ਦਾ ਨਵਾਂ ਸਬ ਸਟੇਸ਼ਨ ਬਣਾਇਆ ਜਾ ਰਿਹਾ ਹੈ। ਕਰੀਬ 6 ਕਰੋੜ ਰੁਪਏ ਦੀ ਲਾਗਤ ਨਾਲ ਆਉਂਦੇ 5 ਮਹੀਨਿਆਂ ‘ਚ ਤਿਆਰ ਹੋਣ ਵਾਲੇ ਇਸ ਸਬ ਸਟੇਸ਼ਨ ਦੀ ਉਸਾਰੀ ਦੇ ਕੰਮ ਦੀ ਸ਼ੁਰੂਆਤ ਅੱਜ ਇੱਥੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਕਰਵਾਈ, ਇਸ ਮੌਕੇ ਉਨ੍ਹਾਂ ਦੇ ਨਾਲ ਬਿਜਲੀ ਨਿਗਮ ਦੇ ਸੀ.ਐਮ.ਡੀ. ਇੰਜ. ਬਲਦੇਵ ਸਿੰਘ ਸਰਾਂ ਵੀ ਮੌਜੂਦ ਸਨ।
ਇਸ ਦੌਰਾਨ ਇਲਾਕੇ ਦੇ ਵਸਨੀਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਇਸ ਇਲਾਕੇ ਦੇ ਵਸਨੀਕਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਨੇ 0.4 ਏਕੜ ਜਮੀਨ ਬਿਜਲੀ ਨਿਗਮ ਨੂੰ ਤਬਦੀਲ ਕੀਤੀ, ਜਿਸ ਲਈ ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਧੰਨਵਾਦ ਦੇ ਪਾਤਰ ਹਨ।
ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਇਥੇ ਬਨਣ ਵਾਲੇ ਇਸ 66 ਕੇ.ਵੀ. ਸਬ ਸਟੇਸ਼ਨ ਦੇ ਚਾਲੂ ਹੋਣ ਨਾਲ ਕਰੀਬ 22 ਹਜ਼ਾਰ ਕੁਨੈਸ਼ਨਾਂ ਦੇ ਖਪਤਕਾਰਾਂ ਨੂੰ ਲਾਭ ਮਿਲੇਗਾ ਤੇ ਬਿਜਲੀ ਨਿਰਵਿਘਨ ਪ੍ਰਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਨੀਂਹ ਪੱਥਰ ਨਹੀਂ ਰੱਖੇਗੀ ਸਗੋਂ ਕੰਮ ਕਰਕੇ ਦਿਖਾਉਣਗੇ, ਇਸ ਲਈ ਸਰਕਾਰ ਵੱਲੋਂ ਪਟਿਆਲਾ ਸਮੇਤ ਬਾਕੀ ਪੰਜਾਬ ਲਈ ਅਨੇਕਾਂ ਅਹਿਮ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਦੇ ਪੂਰੇ ਹੋਣ ਨਾਲ ਪੰਜਾਬ ਦੀ ਤਸਵੀਰ ਜਰੂਰ ਬਦਲੇਗੀ।
ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਸ਼ਹਿਰ ਦੀ ਜੈਕਬ ਡਰੇਨ ਤੇ ਮਾਡਲ ਟਾਊਨ ਡਰੇਨ ਦੀ ਸਫ਼ਾਈ ਸ਼ੁਰੂ ਹੋ ਗਈ ਹੈ ਅਤੇ ਅਗਲੇ 4 ਸਾਲਾਂ ‘ਚ ਪਟਿਆਲਾ ਸ਼ਹਿਰ ਨੂੰ ਮੁੜ ਤੋਂ ਨਗੀਨਾ ਬਣਾ ਕੇ ਦੁਨੀਆਂ ਦੇ ਨਕਸ਼ੇ ‘ਤੇ ਚਮਕਾਇਆ ਜਾਵੇਗਾ ਅਤੇ ਲੋਕਾਂ ਦੇ ਹਰ ਕੰਮ ਨੂੰ ਨੇਪਰੇ ਚੜਾਇਆ ਜਾਵੇਗਾ। ਉਨ੍ਹਾਂ ਨੇ ਆਮ ਲੋਕਾਂ ਨੂੰ ਵੀ ਜਿੰਮੇਵਾਰ ਨਾਗਰਿਕ ਬਣਨ ਦੀ ਅਪੀਲ ਕੀਤੀ ਤਾਂ ਕਿ ਸੜਕਾਂ ਨੂੰ ਹਾਦਸਿਆਂ ਤੋਂ ਮੁਕਤ ਅਤੇ ਸ਼ਹਿਰ ਨੂੰ ਪਲਾਸਟਿਕ ਰਹਿਤ ਕੀਤਾ ਜਾ ਸਕੇ। ਇਸ ਮੌਕੇ ਉਨ੍ਹਾਂ ਨੇ ਬਿਜਲੀ ਨਿਗਮ ਦੇ ਸੀ.ਐਮ.ਡੀ. ਨੂੰ ਸ਼ਹਿਰ ਦੀਆਂ ਭੀੜੀਆਂ ਗਲੀਆਂ ‘ਚ ਤਾਰਾਂ ਨਾਲ ਲਗਦੀ ਅੱਗ ਅਤੇ ਨੀਵੀਂਆਂ ਤਾਰਾਂ ਦੀ ਮੁਰੰਮਤ ਕਰਵਾ ਕੇ ਉਚਾ ਚੁਕਣ ਲਈ ਕਿਹਾ।
ਇਸ ਮੌਕੇ ਬਿਜਲੀ ਨਿਗਮ ਦੇ ਸੀ.ਐਮ.ਡੀ. ਇੰਜ. ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਪਟਿਆਲਾ ਸ਼ਹਿਰ ‘ਚ 3 ਸਮੇਤ ਜ਼ਿਲੇ ‘ਚ 5 ਨਵੀਆਂ ਸਬ ਡਵੀਜਨਾਂ ਬਣ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਚੀਫ਼ ਇੰਜੀਨੀਅਰ ਡੀ.ਪੀ.ਐਸ. ਗਰੇਵਾਲ ਵੱਲੋਂ ਇਸ ਸਬ ਸਟੇਸ਼ਨ ਦੀ ਮਨਜੂਰੀ ਲਈ ਅਹਿਮ ਜਿੰਮੇਵਾਰੀ ਨਿਭਾਈ ਗਈ ਅਤੇ ਇਹ ਸਬ ਸਟੇਸ਼ਨ 220 ਕੇ.ਵੀ. ਗ੍ਰਿਡ ਪਸਿਆਣਾ ਤੋਂ ਬਿਜਲੀ ਲਵੇਗਾ ਜਿਸ ਨਾਲ 66 ਕੇ.ਵੀ. ਸਬ ਸਟੇਸ਼ਨ ਪਟਿਆਲਾ ਤੇ ਐਨ.ਆਈ.ਐਸ. ਸਬ ਸਟੇਸ਼ਨ ਨੂੰ ਰਾਹਤ ਮਿਲੇਗੀ। ਜਦੋਂਕਿ 11 ਕੇ.ਵੀ. ਰਾਮ ਆਸ਼ਰਮ, ਘਲੋੜੀ ਗੇਟ ਫੀਡਰ, ਸ਼ਹਿਰੀ ਫੀਡਰ ਤੇ ਰਾਏ ਮਾਜਰਾ ਫੀਡਰਾਂ ਨੂੰ ਵੀ ਰਾਹਮ ਮਿਲੇਗੀ। ਉਨ੍ਹਾਂ ਦੱਸਿਆ ਕਿ 1.2 ਕਿਲੋਮੀਟਰ ਟਾਵਰਾਂ ਉਪਰ 66 ਕੇ.ਵੀ. ਲਾਇਨ ਖਿਚੀ ਜਾਵੇਗੀ ਤੇ 400 ਮੀਟਰ ਧਰਤੀ ਹੇਠ ਐਕਸ ਐਲ.ਪੀ. ਕੇਬਲ ਵੀ 1.5 ਕਰੋੜ, ਤਿੰਨ ਕਰੋੜ ਦੀ ਲਾਗਤ ਨਾਲ 1 ਨੰਬਰ 12.5 ਐਮ.ਵੀ.ਏ. ਟ੍ਰਾਂਸਫਾਰਮਰ, 2 ਨੰਬਰ 66 ਕੇ.ਵੀ. ਵੇਜ ਸਥਾਪਤ ਕੀਤਾ ਜਾਵੇਗਾ, ਜਦੋਂਕਿ ਸਿਵਲ ਵਰਕਸ ਤੇ ਇਮਾਰਤ ਉਸਾਰੀ ‘ਤੇ 50 ਲੱਖ ਦੀ ਲਾਗਤ ਨਾਲ ਆਵੇਗੀ।
ਇਸ ਮੌਕੇ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੇ ਸ੍ਰੀਮਤੀ ਪਰਨੀਤ ਕੌਰ ਦਾ ਸਵਾਗਤ ਕੀਤਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕਾਂ ਦੀ ਇਹ ਮੰਗ ਪੂਰੀ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਪੀ.ਆਰ.ਟੀ.ਸੀ ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਬਿਜਲੀ ਨਿਗਮ ਦੇ ਡਾਇਰੈਕਟਰ ਵੰਡ ਐਨ.ਕੇ. ਸ਼ਰਮਾ, ਡਾਇਰੈਕਟਰ ਪ੍ਰਬੰਧਕੀ ਆਰ.ਪੀ. ਪਾਂਡਵ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਪੀ.ਕੇ. ਪੁਰੀ, ਮਹਿਲਾ ਕਾਂਗਰਸ ਪ੍ਰਧਾਨ ਕਿਰਨ ਢਿੱਲੋਂ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ ਵਿਨਤੀ ਸੰਗਰ, ਚੀਫ਼ ਇੰਜੀਨੀਅਰ ਡੀ.ਪੀ.ਐਸ. ਗਰੇਵਾਲ, ਚੀਫ਼ ਇੰਜੀਨੀਅਰ ਹਰਜੀਤ ਸਿੰਘ ਬੋਪਾਰਾਏ, ਕੇ.ਕੇ. ਸਹਿਗਲ, ਰਿੱਕੀ ਕਪੂਰ ਸ੍ਰੀ ਹਰੀਸ਼ ਕਪੂਰ, ਕੌਂਸਲਰ ਸੋਨੀਆ ਕਪੂਰ, ਅਸ਼ਵਨੀ ਕਪੂਰ, ਗਿੰਨੀ ਨਾਗਪਾਲ, ਹਰਵਿੰਦਰ ਸਿੰਘ ਨਿੱਪੀ, ਯੂਥ ਪ੍ਰਧਾਨ ਸੰਦੀਪ ਮਲਹੋਤਰਾ, ਅਨਿਲ ਮੰਗਲਾ, ਰਜੇਸ਼ ਲੱਕੀ, ਹੈਪੀ ਵਰਮਾ, ਨਿਖਿਲ ਬਾਤਿਸ਼, ਅਤੁਲ ਜੋਸ਼ੀ, ਰਜਿੰਦਰ ਸ਼ਰਮਾ, ਅਸੀਮ ਨਈਅਰ, ਵਿਜੇ ਕੂਕਾ, ਵਿਨੋਦ ਅਰੋੜਾ ਕਾਲੂ, ਰਜੇਸ਼ ਘਾਰੂ, ਰਾਮ ਕੁਮਾਰ ਸਿੰਗਲਾ, ਜਸਵਿੰਦਰ ਜੁਲਕਾ, ਪ੍ਰਾਣ ਸੱਭਰਵਾਲ, ਮੁਹੱਲਾ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਬੂ, ਮੁਕੇਸ਼ ਭੋਲਾ, ਮਲਕੀਤ ਕੌਰ, ਰਜੇਸ਼ ਪ੍ਰਧਾਨ, ਸੋਹਨ ਲਾਲ, ਮਧੂ ਵਿਰਕ ਸਮੇਤ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਮੌਜੂਦ ਸਨ।