Patiala Farmers getting calls from DC office

October 11, 2023 - PatialaPolitics

Patiala Farmers getting calls from DC office

ਹੈਲੋ ਅਸੀਂ ਡੀ.ਸੀ. ਦਫ਼ਤਰ ਚੋਂ ਬੋਲ ਰਹੇ ਹਾਂ, ਕੀ ਤੁਹਾਨੂੰ ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਦੀ ਲੋੜ ਹੈ? ਇਹ ਸ਼ਬਦ ਉਨ੍ਹਾਂ ਕਿਸਾਨਾਂ ਨੂੰ ਸੁਣਨ ਨੂੰ ਮਿਲ ਰਹੇ ਹਨ, ਜਿਨ੍ਹਾਂ ਵੱਲੋਂ ਵਟਸ ਐਪ ਚੈਟ ਬੋਟ ਨੰਬਰ 73800-16070 ‘ਤੇ ਪਰਾਲੀ ਪ੍ਰਬੰਧਨ ਵਾਲੀ ਮਸ਼ੀਨਰੀ ਲਈ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਕਰਨ ਲਈ ਲੋੜੀਂਦੀ ਮਸ਼ੀਨਰੀ ਉਪਲਬੱਧ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਵਾਇਤੀ ਤਕਨੀਕਾਂ ਦੇ ਨਾਲ ਨਾਲ ਨਵੀਨਤਮ ਤਕਨੀਕਾਂ ਦੀ ਵੀ ਵਰਤੋਂ ਕੀਤੀ ਗਈ ਹੈ, ਜਿਸ ਤਹਿਤ ਕਿਸਾਨਾਂ ਤੱਕ ਪਹੁੰਚ ਬਣਾਉਣ ਲਈ ਵਟਸ ਐਪ ਚੈਟ ਬੋਟ ਤਿਆਰ ਕੀਤਾ ਗਿਆ ਹੈ ਜਿਸ ‘ਤੇ ਕਿਸਾਨ ਪੰਜਾਬੀ ਭਾਸ਼ਾ ਵਿੱਚ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਵੱਲੋਂ ਚੈਟ ਬੋਟ ‘ਤੇ ਪਰਾਲੀ ਪ੍ਰਬੰਧਨ ਕਰਨ ਵਾਲੀ ਮਸ਼ੀਨਰੀ ਸਬੰਧੀ ਜਾਣਕਾਰੀ ਲਈ ਗਈ ਸੀ, ਹੁਣ ਉਨ੍ਹਾਂ ਨਾਲ ਸਿੱਧਾ ਰਾਬਤਾ ਬਣਾਉਣ ਲਈ ਜ਼ਿਲ੍ਹਾ ਪ੍ਰਬੰਧਕ ਕੰਪਲੈਕਸ ਵਿਖੇ ਕੰਟਰੋਲ ਰੂਮ ਸਥਾਪਤ ਕਰ ਦਿੱਤਾ ਗਿਆ ਹੈ, ਜਿਥੋ ਉਨ੍ਹਾਂ ਕਿਸਾਨਾਂ ਨੂੰ ਫੋਨ ਕਾਲ ਕਰਕੇ ਇਹ ਪੁੱਛਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਕਿਹੜੀ ਮਸ਼ੀਨਰੀ ਤੇ ਕਿਹੜੇ ਦਿਨ ਚਾਹੀਦੀ ਹੈ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਵੀ ਚੈਟ ਬੋਟ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ, ਜਿਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਕਿਸਾਨ ਵੀ ਪਰਾਲੀ ਪ੍ਰਬੰਧਨ ਕਰਨ ਅਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਸੁਚੇਤ ਹਨ। ਉਨ੍ਹਾਂ ਕਿਹਾ ਕਿ ਕੰਟਰੋਲ ਰੂਮ ਸਥਾਪਤ ਕਰਨ ਦੇ ਪਹਿਲੇ ਦਿਨ ਹੀ 200 ਤੋਂ ਵਧੇਰੇ ਕਿਸਾਨਾਂ ਨਾਲ ਰਾਬਤਾ ਕੀਤਾ ਗਿਆ ਹੈ ਜਿਸ ਵਿੱਚ ਕਿਸਾਨਾਂ ਪਾਸੋਂ ਝੋਨੇ ਦੀ ਕਟਾਈ ਦੀ ਮਿਤੀ ਅਤੇ ਪਰਾਲੀ ਪ੍ਰਬੰਧਨ ਲਈ ਲੋੜੀਂਦੀ ਮਸ਼ੀਨਰੀ ਦੀ ਜ਼ਰੂਰਤ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਹੈ ਜੋ ਸਬੰਧਤ ਖੇਤਰ ਦੇ ਨੋਡਲ ਅਫ਼ਸਰ ਨੂੰ ਨਾਲੋਂ ਨਾਲ ਭੇਜੀ ਜਾ ਰਹੀ ਹੈ।
ਫੋਟੋ : ਕੰਟਰੋਲ ਰੂਮ ਤੋਂ ਕਿਸਾਨਾਂ ਨੂੰ ਫੋਨ ਕਰਦੇ ਹੋਏ ਮੁਲਾਜ਼ਮ।

 

View this post on Instagram

 

A post shared by Patiala Politics (@patialapolitics)