DC visit to Shri Kali Mata Mandir Patiala,ready for Navratri 2023

October 12, 2023 - PatialaPolitics

DC visit to Shri Kali Mata Mandir Patiala,ready for Navratri 2023

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ

15 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਨਵਰਾਤਰਿਆਂ ਸਬੰਧੀ ਡਿਪਟੀ ਕਮਿਸ਼ਨਰ ਵੱਲੋਂ ਸ੍ਰੀ ਕਾਲੀ ਦੇਵੀ ਮੰਦਿਰ ਵਿਖੇ ਤਿਆਰੀਆਂ ਦਾ ਜਾਇਜ਼ਾ

-ਸ਼ਰਧਾਲੂਆਂ ਦੀ ਸਹੂਲਤ ਲਈ ਨਵੀਂ ਪਾਰਕਿੰਗ ਤੇ ਜੁੱਤਾ ਘਰ ਸ਼ੁਰੂ, ਬਾਕੀ ਸਾਰੇ ਪ੍ਰਬੰਧ ਵੀ ਪੁਖ਼ਤਾ ਕੀਤੇ : ਸਾਕਸ਼ੀ ਸਾਹਨੀ

-ਐਡਵਾਈਜਰੀ ਮੈਨੇਜਿੰਗ ਕਮੇਟੀ, ਐਸ.ਪੀ ਸਿਟੀ, ਐਸ.ਡੀ.ਐਮ ਤੇ ਪ੍ਰਬੰਧਕਾਂ ਨਾਲ ਮੀਟਿੰਗ

ਪਟਿਆਲਾ, 12 ਅਕਤੂਬਰ:

ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਥਾਨਕ ਸ੍ਰੀ ਕਾਲੀ ਦੇਵੀ ਮੰਦਿਰ ਵਿਖੇ 15 ਅਕਤੂਬਰ ਨੂੰ ਨਵਰਾਤਰਿਆਂ ਦੀ ਸ਼ੁਭ-ਆਰੰਭਤਾ ਮੌਕੇ ਵੱਡੀ ਗਿਣਤੀ ਸ਼ਰਧਾਲੂਆਂ ਦੀ ਆਮਦ ਨੂੰ ਲੈਕੇ ਤਿਆਰੀਆਂ ਬਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਇਸ ਮੌਕੇ ਮੰਦਿਰ ਦੀ ਐਡਵਾਇਜਰੀ ਮੈਨੇਜਿੰਗ ਕਮੇਟੀ ਨਾਲ ਮੰਦਿਰ ਦੀ ਸਜਾਵਟ ਤੇ ਹੋਰ ਪ੍ਰਬੰਧਾਂ, ਨਗਰ ਨਿਗਮ ਤੇ ਸੰਯੁਕਤ ਕਮਿਸ਼ਨਰ ਮਨੀਸ਼ਾ ਰਾਣਾ, ਐਸ.ਪੀ. ਸਿਟੀ ਮੁਹੰਮਦ ਸਰਫਰਾਜ਼ ਆਲਮ, ਐਸ.ਡੀ.ਐਮ ਡਾ. ਇਸਮਤ ਵਿਜੇ ਸਿੰਘ, ਡੀ.ਐਸ.ਪੀ ਸੰਜੀਵ ਸਿੰਗਲਾ ਨਾਲ ਸੁਰੱਖਿਆ ਤੇ ਸ਼ਰਧਾਲੂਆਂ ਦੀ ਆਮਦ ਨੂੰ ਲੈਕੇ ਹੋਰ ਵਿਆਪਕ ਪ੍ਰਬੰਧਾਂ ‘ਤੇ ਚਰਚਾ ਕੀਤੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪਵਿੱਤਰ, ਪੁਰਾਤਨ ਤੇ ਇਤਿਹਾਸਕ ਸ੍ਰੀ ਕਾਲੀ ਦੇਵੀ ਮੰਦਿਰ ਦੀ ਪੂਰੀ ਦੁਨੀਆ ‘ਚ ਮਹਾਨਤਾ ਅਤੇ ਮਾਨਤਾ ਹੈ, ਇਸ ਲਈ 15 ਅਕਤੂਬਰ ਤੋਂ 23 ਅਕਤੂਬਰ ਤੱਕ ਨਵਰਾਤਰਿਆਂ ਦੇ ਦਿਨਾਂ ਦੌਰਾਨ ਦੂਰੋਂ-ਦੂਰੋਂ ਸ਼ਰਧਾਲੂ ਇੱਥੇ ਨਤਮਸਤਕ ਹੋਣ ਲਈ ਆਉਂਦੇ ਹਨ, ਇਸ ਲਈ ਮੰਦਿਰ ਦੇ ਕਿਵਾੜ ਖੁੱਲ੍ਹਣ ਦਾ ਸਮਾਂ ਸਵੇਰੇ 4 ਵਜੇ ਤੋਂ ਰਾਤ 10 ਵਜੇ ਤੱਕ ਹੋਵੇਗਾ। ਉਨ੍ਹਾਂ ਦੱਸਿਆ ਕਿ ਐਡਵਾਇਜਰੀ ਮੈਨੇਜਿੰਗ ਕਮੇਟੀ ਦੀ ਸਲਾਹ ਨਾਲ ਇਸ ਵਾਰ ਵੀ ਲੋੜਵੰਦ ਵਿਦਿਆਰਥਣਾਂ ਨੂੰ ਸਾਈਕਲ ਤੇ ਸਪੋਰਟਸ ਕਿੱਟਾਂ ਦੀ ਵੰਡ ਕੀਤੀ ਜਾਵੇਗੀ।

ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਇਸ ਵਾਰ ਸ਼ਰਧਾਲੂਆਂ ਲਈ ਬਣਾਈ ਗਈ ਨਵੀਂ ਪਾਰਕਿੰਗ ਸ਼ੁਰੂ ਹੋ ਗਈ ਹੈ, ਇਸ ਵਿੱਚ 300 ਦੇ ਕਰੀਬ ਕਾਰਾਂ ਆਦਿ ਤੇ 1000 ਦੇ ਕਰੀਬ ਦੋ ਪਹੀਆ ਵਾਹਨ ਖੜ੍ਹੇ ਕੀਤੇ ਜਾ ਸਕਣਗੇ। ਇਸ ਤੋਂ ਬਿਨ੍ਹਾਂ ਨਵਾਂ ਜੁੱਤਾ ਘਰ ਵੀ ਸ਼ਰਧਾਲੂਆਂ ਲਈ ਸ਼ੁਰੂ ਕੀਤਾ ਗਿਆ ਹੈ ਅਤੇ ਇੱਕ ਹੋਰ ਵੱਡੀ ਖੁਸ਼ਖਬਰੀ ਵੀ ਸ਼ਰਧਾਲੂਆਂ ਨੂੰ ਜਲਦ ਦਿੱਤੀ ਜਾਵੇਗੀ।

ਸਾਕਸ਼ੀ ਸਾਹਨੀ ਨੇ ਇਸ ਮੌਕੇ ਮੰਦਿਰ ਪ੍ਰਬੰਧਕਾਂ ਨੂੰ ਕਿਹਾ ਕਿ ਪਵਿੱਤਰ ਮੰਦਿਰ ਅਤੇ ਇਸਦੇ ਆਲੇ-ਦੁਆਲੇ ਦੀ ਸਾਫ਼-ਸਫ਼ਾਈ ਵੱਲ ਉਚੇਚਾ ਧਿਆਨ ਦਿੱਤਾ ਜਾਵੇ। ਨਵਰਾਤਰਿਆਂ ਮੌਕੇ ਆਉਣ ਵਾਲੇ ਦਿਵਿਆਂਗ ਸ਼ਰਧਾਲੂਆਂ ਦੀ ਸਹੂਲਤ ਲਈ ਵੀਲ੍ਹ ਚੇਅਰ ਦਾ ਪ੍ਰਬੰਧ ਕਰਨ ਸਮੇਤ ਸ਼ਰਧਾਲੂਆਂ ਲਈ ਲਗਾਏ ਜਾਂਦੇ ਲੰਗਰ ‘ਚ ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਸ਼ਰਧਾਲੂਆਂ ਦੀ ਸੁਖਾਵੀਂ ਆਵਾਜਾਈ ਲਈ ਪੁਖ਼ਤਾ ਪ੍ਰਬੰਧਾਂ ਬਾਰੇ ਵੀ ਕਿਹਾ ਗਿਆ।

ਐਸ.ਪੀ. ਸਿਟੀ ਮੁਹੰਮਦ ਸਰਫਰਾਜ਼ ਆਲਮ ਨੇ ਕਿਹਾ ਕਿ ਸ਼ਰਧਾਲੂਆਂ ਦੀ ਵੱਡੀ ਗਿਣਤੀ ਵਿੱਚ ਆਮਦ ਨੂੰ ਲੈਕੇ ਪੁਲਿਸ ਵੱਲੋਂ ਸੁਰੱਖਿਆ ਦੇ ਪੁੱਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ ਤੇ ਵਾਹਨਾਂ ਦੀ ਪਾਰਕਿੰਗ ਸਮੇਤ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟਰੈਫ਼ਿਕ ਪਲਾਨ ਵੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਾਲ ਰੋਡ ‘ਤੇ ਮੰਦਿਰ ਵਾਲਾ ਪਾਸਾ ਨਵਰਾਤਰਿਆਂ ਦੌਰਾਨ ਬੰਦ ਰੱਖਿਆ ਜਾਵੇਗਾ।

ਇਸ ਮੌਕੇ ਸਲਾਹਕਾਰ ਕਮੇਟੀ ਦੇ ਮੈਂਬਰ ਸੰਦੀਪ ਬੰਧੂ, ਕੇਕੇ ਸਹਿਗਲ, ਮਨਮੋਹਨ ਕਪੂਰ, ਕ੍ਰਿਸ਼ਨ ਕੁਮਾਰ ਤੇ ਰਵਿੰਦਰ ਕੌਸ਼ਲ ਸਮੇਤ ਤਹਿਸੀਲਦਾਰ ਜਿਨਸੂ ਬਾਂਸਲ, ਸੁਪਰਡੈਂਟ ਸੁਖਬੀਰ ਸਿੰਘ, ਮੈਨੇਜਰ ਹਰਸਿਮਰਤ ਕੌਰ ਤੇ ਨੀਤੂ ਰਾਣੀ ਵੀ ਮੌਜੂਦ ਸਨ।