Patiala city gets new road
October 2, 2018 - PatialaPolitics
ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਦੇ ਮਾਨਸਿਕ ਵਿਕਾਸ ਲਈ ਖੇਡਾਂ ਨਾਲ ਜੋੜਨ ਵਾਸਤੇ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਕੂਲਾਂ ਦੇ ਖਾਲੀ ਪਏ ਗਰਾਊਂਡਾਂ ਨੂੰ ਖੇਡ ਮੈਦਾਨ ‘ਚ ਤਬਦੀਲ ਕਰਨ ਦੀ ਸਕੀਮ ਤਹਿਤ ਇੱਥੇ ਵਾਰਡ ਨੰਬਰ 42 ਦੀ ਪੁਰਾਣੀ ਸਬਜ਼ੀ ਮੰਡੀ ਨੇੜੇ ਸਮਾਨੀਆ ਗੇਟ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਗਰਾਊਂਡ ਨੂੰ 7.78 ਲੱਖ ਰੁਪਏ ਦੀ ਲਾਗਤ ਖੇਡ ਮੈਦਾਨ ਬਨਾਉਣ ਦਾ ਕੰਮ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਸ਼ੁਰੂ ਕਰਵਾਇਆ।
ਇਸ ਦੌਰਾਨ ਸ੍ਰੀਮਤੀ ਪਰਨੀਤ ਕੌਰ ਨੇ 48.18 ਲੱਖ ਰੁਪਏ ਦੀ ਲਾਗਤ ਨਾਲ ਪੁਰਾਣੀ ਸਬਜ਼ੀ ਮੰਡੀ ਨੇੜੇ ਸ੍ਰੀ ਹਨੂਮਾਨ ਮੰਦਿਰ ਤੋਂ ਦੁੱਗਲ ਫ਼ਿਸ ਤੱਕ 100 ਫੁਟੀ ਸੜਕ ਦੇ ਨਿਰਮਾਣ ਦਾ ਕੰਮ ਵੀ ਸ਼ੁਰੂ ਕਰਵਾਇਆ। ਜਦੋਂਕਿ ਇਸਦੇ ਉਪਰ ਲੱਗੇ ਬਿਜਲੀ ਦੇ ਖੰਭੇ ਸਾਇਡ ‘ਤੇ ਕਰਵਾਉਣ ਲਈ 20 ਲੱਖ ਰੁਪਏ ਵੱਖਰੇ ਖਰਚੇ ਜਾਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਪੀ.ਆਰ.ਟੀ.ਸੀ ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਨਗਰ ਨਿਗਮ ਪਟਿਆਲਾ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਵੀ ਮੌਜੂਦ ਸਨ।
ਇਸ ਮੌਕੇ ਇਲਾਕਾ ਨਿਵਾਸੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਦੇ ਵਿਕਾਸ ਲਈ 112 ਪ੍ਰਾਜੈਕਟ ਮਨਜੂਰ ਕਰਵਾ ਕੇ ਉਨ੍ਹਾਂ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ ਜਦੋਂਕਿ ਪਿਛਲੇ 10 ਸਾਲਾਂ ‘ਚ ਪਟਿਆਲਾ ‘ਤੇ ਜ਼ਬਰ ਢਾਹੁੰਦੇ ਰਹੇ ਅੱਜ ਪਟਿਆਲਾ ‘ਚ ਹੀ ਜ਼ਬਰ ਵਿਰੋਧੀ ਰੈਲੀਆਂ ਕਰ ਰਹੇ ਹਨ।
ਸ੍ਰੀਮਤੀ ਪਰਨੀਤ ਕੌਰ ਨੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਸਲਾਹ ਦਿੱਤੀ ਕਿ ਉਹ ਪਟਿਆਲਾ ਦੇ ਵਾਸੀਆਂ ਨੂੰ ਹੁਣ ਮੂਰਖ ਨਾ ਬਨਾਉਣ, ਕਿਉਂਕਿ ਜਦੋਂ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿਧਾਨ ਸਭਾ ‘ਚੋਂ ਬਾਹਰ ਕਰਵਾ ਦਿੱਤਾ ਸੀ ਤਾਂ ਉਸ ਸਮੇਂ ਸ. ਬਾਦਲ ਨੇ ਪਟਿਆਲਾ ਨੂੰ ਗੋਦ ਲੈਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਪਰੰਤੂ ਜਦੋਂ ਅਦਾਲਤ ਨੇ ਇਸ ਫੈਸਲੇ ਨੂੰ ਪਲਟ ਦਿੱਤਾ ਤਾਂ ਤਤਕਾਲੀ ਮੁੱਖ ਮੰਤਰੀ ਸ. ਬਾਦਲ ਨੇ ਪਟਿਆਲਾ ਨੂੰ ਕੂੜੇ ਦੇ ਢੇਰ ‘ਤੇ ਸੁੱਟ ਦਿੱਤਾ ਅਤੇ ਇਸ ਦੀ ਕੋਈ ਸਾਰ ਨਹੀਂ ਲਈ ਤੇ ਹੁਣ ਉਹੋ ਬਾਦਲ ਪਟਿਆਲਵੀਆਂ ਨੂੰ ਮੂਰਖ ਬਣਾ ਰਹੇ ਹਨ।
ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਪਿਛਲੇ 10 ਸਾਲ ਪਟਿਆਲਾ ਦੀਆਂ ਜਾਇਦਾਦਾਂ ਵੇਚ ਕੇ 700 ਕਰੋੜ ਰੁਪਏ ਹੋਰਨਾਂ ਸ਼ਹਿਰਾਂ ‘ਤੇ ਲਾਏ ਗਏ ਜਦੋਂਕਿ ਇਸ ‘ਤੇ ਇੱਕ ਫੁੱਟੀ ਕੌਢੀ ਨਹੀਂ ਲੱਗੀ ਅਤੇ ਪਟਿਆਲਾ ਆਈ.ਸੀ.ਯੂ. ‘ਚ ਲੱਗਿਆ ਰਿਹਾ ਹੈ ਅਤੇ ਹੁਣ ਇਸਦੀ ਕਾਇਆਂ ਕਲਪ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਵੱਲੋਂ ਦਿੱਤੀ ਸ਼ਕਤੀ ਸਦਕਾ ਪੰਜਾਬ ‘ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਤੇ ਮਗਰੋਂ ਨਗਰ ਨਿਗਮ ਪਟਿਆਲਾ ਦੀ ਸ਼ਕਤੀ ਵੀ ਲੋਕਾਂ ਨੇ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੂੰ ਸੌਂਪੀ, ਇਸ ਲਈ ਪਟਿਆਲਾ ਦੇ ਸਾਰੇ ਵਿਕਾਸ ਕੰਮ ਪਹਿਲ ਦੇ ਅਧਾਰ ‘ਤੇ ਕੀਤੇ ਜਾ ਰਹੇ ਹਨ।
ਇਸ ਮੌਕੇ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੇ ਦੱਸਿਆ ਕਿ ਸਮਾਨੀਆ ਗੇਟ ਦੇ ਪ੍ਰਾਇਮਰੀ ਸਕੂਲ ਦੇ ਖਾਲੀ ਪਏ ਤੇ ਕੂੜੇ ਦੇ ਢੇਰ ਬਣੇ ਇਸ ਮੈਦਾਨ ਨੂੰ ਬਾਸਕਟਬਾਲ ਅਤੇ ਵਾਲੀਬਾਲ ਗਰਾਊਂਡ ਸਮੇਤ ਸਕੂਲ ਦੇ ਕਮਰੇ ਨੂੰ ਚੇਜਿੰਗ ਰੂਮ ਵਜੋਂ ਵਿਕਸਤ ਕਰਨ ‘ਤੇ ਕਰੀਬ 8 ਲੱਖ ਰੁਪਏ ਖਰਚੇ ਜਾਣਗੇ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸ਼ਹਿਰ ਦੇ ਹੋਰ ਸਕੂਲਾਂ ਨੂੰ ਵੀ ਖੇਡ ਦੇ ਮੈਦਾਨਾਂ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ।
ਸਮਾਰੋਹ ਦੌਰਾਨ ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਬਲਵਿੰਦਰ ਅੱਤਰੀ, ਸੋਨੂ ਸੰਗਰ, ਹਰਵਿੰਦਰ ਸਿੰਘ ਨਿੱਪੀ, ਸੰਦੀਪ ਮਲਹੋਤਰਾ, ਰਜਿੰਦਰ ਸ਼ਰਮਾ, ਅਸ਼ਵਨੀ ਕਪੂਰ ਮਿੱਕੀ, ਹਰੀਸ਼ ਕਪੂਰ, ਅਤੁਲ ਜੋਸ਼ੀ, ਨਿਖਲ ਬਾਤਿਸ਼, ਮਹੇਸ਼ ਸ਼ਰਮਾ ਪਿੰਕੀ, ਨਗਰ ਨਿਗਮ ਦੇ ਐਸ.ਈ. ਐਮ.ਐਮ. ਸਿਆਲ, ਐਕਸੀਐਨ ਸ਼ਾਮਲਾਲ ਗੁਪਤਾ, ਅਮਿਤੋਜ ਸਮੇਤ ਵੱਡੀ ਗਿਣਤੀ ‘ਚ ਸਥਾਨਕ ਨਿਵਾਸੀ ਅਤੇ ਹੋਰ ਪਤਵੰਤੇ ਮੌਜੂਦ ਸਨ।