Patiala gets 6cr more for development
November 17, 2018 - PatialaPolitics
ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਅੱਜ ਪਟਿਆਲਾ ਵਾਸੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਆਪਣੇ ਚੌਗਿਰਦੇ ਨੂੰ ਸਾਫ਼ ਸੁੱਥਰਾ ਰੱਖਣ ਸਮੇਤ ਵਾਤਾਵਰਣ ਦੀ ਸ਼ੁੱਧਤਾ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਪਹਿਲਕਦਮੀ ‘ਤੇ ਪਟਿਆਲਾ ਸ਼ਹਿਰ ਨੂੰ ਸਭ ਤੋਂ ਸਫ਼ਾਈ ਵਾਲਾ ਸ਼ਹਿਰ ਬਣਾਉਣ ਲਈ ਪੰਜਾਬ ਸਰਕਾਰ ਤੇ ਨਗਰ ਨਿਗਮ ਵੱਲੋਂ ਅਰੰਭੇ ਯਤਨਾਂ ‘ਚ ਆਪਣਾ ਭਰਪੂਰ ਯੋਗਦਾਨ ਪਾਉਣ। ਸ੍ਰੀਮਤੀ ਪਰਨੀਤ ਕੌਰ ਅੱਜ ਇਥੇ ਅਨਾਰਦਾਣਾ ਚੌਂਕ ਵਿਖੇ ਸਵਰਗੀ ਸ੍ਰੀ ਰਾਮ ਪ੍ਰਸ਼ਾਦ ਸੇਠ ਦੇ ਸੂਰਤ ਰਹਿੰਦੇ ਪਰਿਵਾਰ ਵੱਲੋਂ ਅਪਣਾਏ ਤੇ ਵਿਕਸਿਤ ਕੀਤੇ ਪਾਰਕ ਨੂੰ ਪਟਿਆਲਵੀਆਂ ਦੇ ਸਪੁਰਦ ਕਰਨ ਮੌਕੇ ਸੰਬੋਧਨ ਕਰ ਰਹੇ ਸਨ।
ਸਵਰਗੀ ਸ੍ਰੀ ਰਾਮ ਪ੍ਰਸ਼ਾਦ ਸੇਠ ਦੇ ਪਰਿਵਾਰ ਨੇ ਨਗਰ ਨਿਗਮ ਨੂੰ 10 ਸਾਲਾਂ ‘ਚ ਕਰੀਬ 20 ਲੱਖ ਰੁਪਏ ਇਸ ਪਾਰਕ ਨੂੰ ਸੰਭਾਲਣ ਲਈ ਦੇਣ ਦਾ ਭਰੋਸਾ ਦਿੰਦਿਆਂ ਇਸ ਪਾਰਕ ਲਈ 8 ਲੱਖ ਰੁਪਏ ਖ਼ਰਚ ਕੀਤੇ ਹਨ, ਸੇਠ ਪਰਿਵਾਰ ਦੇ ਮੈਂਬਰਾਂ ਦੀ ਇਸ ਪੱਖੋਂ ਸ਼ਲਾਘਾ ਕਰਦਿਆਂ ਸ੍ਰੀਮਤੀ ਪਰਨੀਤ ਕੌਰ ਨੇ ਹੋਰਨਾਂ ਪਟਿਆਲਵੀਆਂ ਨੂੰ ਵੀ ਅਜਿਹੇ ਉਪਰਾਲੇ ਕਰਨ ਲਈ ਪ੍ਰੇਰਤ ਕੀਤਾ। ਸ੍ਰੀਮਤੀ ਪਰਨੀਤ ਕੌਰ ਨੇ ਸਵਰਗੀ ਸ੍ਰੀ ਰਾਮ ਪ੍ਰਸ਼ਾਦ ਸੇਠ, ਜੋਕਿ 80ਵੇਂ ਦਹਾਕੇ ਦੌਰਾਨ ਪਟਿਆਲਾ ਕਾਂਗਰਸ ਦੇ ਪ੍ਰਧਾਨ ਵੀ ਰਹੇ ਸਨ, ਨਾਲ ਆਪਣੀ ਪਰਿਵਾਰਕ ਸਾਂਝ ਦਾ ਜਿਕਰ ਕਰਦਿਆਂ ਦੱਸਿਆ ਕਿ ਉਹ ਪਟਿਆਲਾ ‘ਚ ਉਸ ਸਮੇਂ ਪਾਰਟੀਬਾਜੀ ਤੋਂ ਉਪਰ ਉਠਕੇ ਆਪਸੀ ਭਾਈਚਾਰਕ ਸਾਂਝ ਦੇ ਪ੍ਰਤੀਕ ਬਣੇ ਹੋਏ ਸਨ ਤੇ ਸਾਨੂੰ ਅੱਜ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਕੇ ਮੌਜੂਦਾ ਸਮੇਂ ਵੀ ਆਪਸੀ ਭਾਈ ਚਾਰਕ ਸਾਂਝ ਬਰਕਰਾਰ ਰੱਖਣੀ ਚਾਹੀਦੀ ਹੈ।
ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਟਿਆਲਾ ਨੂੰ ਸਭ ਤੋਂ ਸੁਥਰਾ ਸ਼ਹਿਰ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ, ਇਸ ‘ਚ ਜਮੀਨਦੋਜ਼ ਕੂੜਾਦਾਨ, ਘਰ-ਘਰ ਤੋਂ ਕੂੜਾ ਚੁੱਕਣ ਆਦਿ ਸ਼ਾਮਲ ਹਨ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਪਲਾਸਟਿਕ ਤੇ ਇਸਤੋਂ ਬਣੇ ਲਿਫ਼ਾਫ਼ਿਆਂ ਦੀ ਵਰਤੋਂ ਘੱਟ ਤੋਂ ਘੱਟ ਕਰਨ ਅਤੇ ਕੂੜਾ ਦਾਨ ਨੇੜੇ ਕੂੜਾ ਕੇਵਲ ਨਿਰਧਾਰਤ ਸਮੇਂ ਹੀ ਸੁੱਟਣ ਤਾਂ ਕਿ ਉਨ੍ਹਾਂ ਵੱਲੋਂ ਸੁੱਟੇ ਕੂੜੇ ਨੂੰ ਨਗਰ ਨਿਗਮ ਦੀਆਂ ਗੱਡੀਆਂ ਚੁੱਕ ਲੈ ਜਾਣ ਅਤੇ ਉਥੇ ਗੰਦਗੀ ਨਾ ਫੈਲੇ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ੍ਰੀ ਲਾਲ ਸਿੰਘ ਨੇ ਸੰਬੋਧਨ ਕਰਦਿਆਂ ਸਵਰਗੀ ਸ੍ਰੀ ਰਾਮ ਪ੍ਰਸ਼ਾਦ ਸੇਠ ਨੂੰ ਪਟਿਆਲਾ ਸ਼ਹਿਰ ਦੀ ਉਘੀ ਸ਼ਖ਼ਸੀਅਤ ਦਸਦਿਆਂ ਉਨ੍ਹਾਂ ਵੱਲੋਂ ਕੀਤੀਆਂ ਸੇਵਾਵਾਂ ਨੂੰ ਯਾਦ ਕੀਤਾ। ਇਸ ਮੌਕੇ ਸੇਠ ਪਰਿਵਾਰ ਦੀ ਸ਼ਲਾਘਾ ਤੇ ਇਸ ਪਾਰਕ ਲਈ ਪਾਏ ਯੋਗਦਾਨ ਲਈ ਧੰਨਵਾਦ ਕਰਦਿਆਂ ਦੱਸਿਆ ਕਿ ਪਟਿਆਲਾ ਸ਼ਹਿਰ ਨੂੰ ਹਰ ਪੱਖੋਂ ਵਿਕਸਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਸ਼ੇਸ਼ ਤਵੱਜੋਂ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ ਪਟਿਆਲਾ ਸ਼ਹਿਰ ‘ਚ ਸਟਰੀਟ ਲਾਇਟਾਂ ਤੋਂ ਵਾਂਝੀਆਂ ਥਾਵਾਂ ਅਤੇ ਪਾਰਕਾਂ ਲਈ 6 ਕਰੋੜ ਰੁਪਏ ਪਰਵਾਨ ਕੀਤੇ ਹਨ ਅਤੇ ਜਲਦ ਹੀ ਇਥੇ ਘਰ-ਘਰ ਤੋਂ ਕੂੜਾ ਇਕਠਾ ਕਰਨ ਦਾ ਪ੍ਰਾਜੈਕਟ ਅਰੰਭ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਸੇਠ ਪਰਿਵਾਰ ਦੇ ਮੈਂਬਰ ਸ੍ਰੀ ਪੱਪੀ ਸੇਠ ਨੇ ਭਾਵੁਕ ਹੁੰਦਿਆਂ ਆਪਣੇ ਸਵਰਗੀ ਪਿਤਾ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਜਿਥੇ ਪਟਿਆਲਾ ਸ਼ਹਿਰ ਨਾਲ ਆਪਣੀ ਪਰਿਵਾਰਕ ਸਾਂਝ ਇਸੇ ਤਰ੍ਹਾਂ ਬਣਾਈ ਰੱਖਣ ਦਾ ਭਰੋਸਾ ਦਿੱਤਾ ਉਥੇ ਹੀ ਉਨ੍ਹਾਂ ਨੇ ਇਸ ਪਾਰਕ ਨੂੰ ਵਿਕਸਤ ਕਰਨ ਦੀ ਪ੍ਰੇਰਣਾ ਦੇਣ ਦਾ ਸਿਹਰਾ ਸ੍ਰੀਮਤੀ ਪਰਨੀਤ ਕੌਰ ਦਿੱਤਾ। ਇਸ ਦੌਰਾਨ ਸੀਨੀਅਰ ਡਿਪਟੀ ਮੇਅਰ ਸ੍ਰੀ ਯੋਗਿੰਦਰ ਸਿੰਘ ਯੋਗੀ ਨੇ ਸੇਠ ਪਰਿਵਾਰ ਦਾ ਨਗਰ ਨਿਗਮ ਵੱਲੋਂ ਧੰਨਵਾਦ ਕੀਤਾ। ਸਮਾਗਮ ਮੌਕੇ ਸੇਠ ਪਰਿਵਾਰ ਵੱਲੋਂ ਸ੍ਰੀ ਸੁਰਿੰਦਰ ਸੇਠ, ਸ਼ਿਵ ਸੇਠ, ਗੌਤਮ ਸੇਠ, ਰੋਹਿਤ ਸੇਠ ਅਤੇ ਹੋਰ ਮੈਂਬਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ।
ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਸ਼ਹਿਰੀ ਕਾਂਗਰਸ ਪ੍ਰਧਾਨ ਸ੍ਰੀ ਪੀ.ਕੇ. ਪੁਰੀ, ਬਲਾਕ ਪ੍ਰਧਾਨ ਅਨਿਲ ਮੰਗਲਾ, ਕੌਂਸਲਰ ਹੈਪੀ ਵਰਮਾ, ਸੰਦੀਪ ਮਲਹੋਤਰਾ, ਰੂਪ ਲਾਲ, ਸੁਰਿੰਦਰਜੀਤ ਸਿੰਘ ਵਾਲੀਆ, ਸਾਬਕਾ ਚੇਅਰਮੈਨ ਨਗਰ ਸੁਧਾਰ ਟਰਸਟ ਇੰਦਰਮੋਹਨ ਸਿੰਘ ਬਜ਼ਾਰ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ, ਕੁਲਦੀਪ ਸਿੰਘ ਖ਼ਾਲਸਾ, ਨਿਖਿਲ ਸ਼ੇਰੂ ਪੰਡਿਤ, ਅਸ਼ਵਨੀ ਕਪੂਰ ਮਿੱਕੀ, ਹਰੀਸ਼ ਕਪੂਰ, ਅਸ਼ੋਕ ਖੰਨਾ, ਡਾ. ਨਰਬਹਾਦਰ ਵਰਮਾ, ਸ਼ਿਵਾਨੀ ਮਲਹੋਤਰਾ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਸ੍ਰੀ ਅੰਕੁਰ ਮਹਿੰਦਰੂ, ਐਸ.ਸੀ. ਇੰਜ. ਐਮ.ਐਮ. ਸਿਆਲ, ਐਕਸੀਐਨ ਸ਼ਾਮ ਲਾਲ ਗੁਪਤਾ ਤੇ ਦਲੀਪ ਕੁਮਾਰ ਸਮੇਤ ਵੱਡੀ ਗਿਣਤੀ ‘ਚ ਸਥਾਨਕ ਵਾਸੀ, ਸੇਠ ਪਰਿਵਾਰ ਦੇ ਮੈਂਬਰ ਤੇ ਹੋਰ ਪਤਵੰਤੇ ਮੌਜੂਦ ਸਨ।